16.8 C
New York

ਸਫਰ ਅਤੇ ਮੁਸਾਫਰੀ -ਨਰਿੰਦਰ ਸਿੰਘ ਕਪੂਰ

Published:

Rate this post

ਸਿਧਾਰਥ ਨੂੰ ਮਹਾਤਮਾ ਬੁੱਧ ਬਣਨ ਤੋਂ ਪਹਿਲਾਂ ਕਈ ਸਾਲ ਸਫਰ ਵਿੱਚ ਗੁਜ਼ਾਰਨੇ ਪਏ ਸਨ।
ਸਰਬੱਤ ਦੇ ਭਲੇ ਦੀ ਗੱਲ ਸਰਬੱਤ ਨੂੰ ਵੇਖ ਕੇ ਹੀ ਕੀਤੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਅਤੇ ਕਵਿਤਾ ਵਿੱਚ ਵਿਸ਼ਾਲਤਾ ਅਤੇ ਬੁਲੰਦੀ ਦਾ ਕਾਰਨ ਇਹ ਹੈ ਕਿ ਉਨ੍ਹਾਂ ਨਾਲ ਜੁੜੀਆਂ ਸਾਰੀਆਂ ਥਾਵਾਂ ਜਾਂ ਦਰਿਆ ਹਨ ਜਾਂ ਪਹਾੜ।
ਲੰਮੇ ਸਫਰ ਉੱਤੇ ਨਿਕਲਣਾ ਅਸਲ ਵਿੱਚ ਆਪਣੇ ਆਪ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਣ ਦਾ ਹੁਨਰ ਹੈ। ਹਰ ਰੋਜ਼ ਕੋਈ ਸਫਰ ਉਪਰੰਤ ਘਰ ਨੂੰ ਪਰਤ ਰਿਹਾ ਹੁੰਦਾ ਹੈ ਜਾਂ ਘਰ ਦੀ ਦਹਿਲੀਜ਼ ਨੂੰ ਉਲੰਘ ਕੇ ਲੰਮੇ ਸਫਰ ’ਤੇ ਰਵਾਨਾ ਹੋ ਰਿਹਾ ਹੁੰਦਾ ਹੈ। ਵਿਆਹੀ ਜਾਣ ਵਾਲੀ ਧੀ ਵੀ ਇੱਕ ਨਵਾਂ ਸਫਰ ਆਰੰਭ ਕਰਦੀ ਹੈ। ਸਪੱਸ਼ਟ ਹੈ ਕਿ ਮੁਸਾਫਰ ਬਣਨ ਨਾਲ ਅਸੀਂ ਕੁੱਝ ਤਿਆਗ ਕੇ ਹੀ ਕੁੱਝ ਪ੍ਰਾਪਤ ਕਰਨ ਦਾ ਬੀੜਾ ਚੁੱਕਦੇ ਹਾਂ। ਜਿਸ ਦੀ ਤਲਾਸ਼ ਹੈ ਉਸ ਦੀ ਭਾਲ ਵਿੱਚ ਨਿਕਲਣਾ ਹੀ ਪਵੇਗਾ।
ਜਿਨ੍ਹਾਂ ਨੂੰ ਅਸੀਂ ਦਿਲੋਂ ਚੁਾਹੁੰਦੇ ਹਾਂ ਉਨ੍ਹਾਂ ਨਾਲ ਅਸੀਂ ਅਣਗਾਹੇ ਰਾਹਾਂ ਉੱਤੇ ਲੰਮਾ ਸਫਰ ਕਰਨਾ ਲੋਚਦੇ ਹਾਂ। ਆਪਣੇ ਪਿਆਰੇ ਨਾਲ ਸਫਰ ਕਰਨਾ ਚਲਦੇ ਫਿਰਦੇ ਘਰ ਵਿੱਚ ਵਿਚਰਣ ਵਾਂਗ ਹੈ। ਅਸੀਂ ਭਾਵੇਂ ਕਿਸੇ ਨੂੰ ਕਿਤਨੇ ਹੀ ਸਾਲ ਮਿਲਦੇ ਰਹੀਏ, ਪਰ ਉਸ ਦੀ ਅਸਲ ਪਛਾਣ ਉਸ ਸਮੇਂ ਹੀ ਹੁੰਦੀ ਹੈ ਜੇ ਉਸ ਨਾਲ ਕੁਝ ਦਿਨ ਸਫਰ ਕਰ ਲਈਏ।
ਸ਼ਿਕਾਰ ਯੁੱਗ ਵਿੱਚ ਵਿਚਰਦਾ ਮਨੁੱਖ ਜਾਇਦਾਦ ਦੇ ਝਗੜਿਆਂ ਤੋਂ ਮੁਕਤ ਸੀ, ਇਹੋ ਜਿਹੀ ਭਾਵਨਾ ਸਫਰ ਉੱਤੇ ਨਿਕਲੇ ਵਿਅਕਤੀ ਦੀ ਹੁੰਦੀ ਹੈ। ਸਫਰ ਨਾਲ ਸਾਡੇ ਪੱਖਪਾਤ ਘਟਦੇ ਹਨ, ਵਿਸ਼ਾਲਤਾ ਆਉਂਦੀ ਹੈ, ਸਬਰ ਸੰਤੋਖ ਵਧਦਾ ਹੈ, ਦੂਜਿਆਂ ਨੂੰ ਪ੍ਰਵਾਨ ਕਰਨ ਦੀ ਜਾਂਚ ਆਉਦੀ ਹੈ, ਮਨੁੱਖੀ ਵਿਵਹਾਰ ਦੇ ਅਨੇਕਾਂ ਨਵੇਂ ਪੱਖਾਂ ਨਾਲ ਜਾਣ ਪਛਾਣ ਹੁੰਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਜਾਣਨ ਦੇ ਯੋਗ ਹੁੰਦੇ ਹਾਂ।
ਬੱਚਿਆਂ ਦੀ ਜਿਸ ਪ੍ਰਕਾਰ ਦੀ ਯਾਦ ਸਫਰ ਉੱਤੇ ਨਿਕਲੇ ਵਿਅਕਤੀ ਨੂੰ ਆਉਦੀ ਹੈ ਉਸ ਦੀ ਕਿਸੇ ਹੋਰ ਅਨੁਭਵ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੀਂਹਾਂ ਦੇ ਮੌਸਮ ਵਿੱਚ ਦੂਰ ਲੰਘ ਗਏ ਪਤੀ ਦੀ ਯਾਦ ਪਤਨੀ ਨੂੰ ਬੜਾ ਸਤਾਉਂਦੀ ਹੈ ਅਤੇ ਉਸ ਨੂੰ ਆਪਣਾ ਲੱਖਾਂ ਦਾ ਸਾਵਣ ਕੌਡੀਆਂ ਦੇ ਭਾਅ ਜਾਂਦਾ ਪ੍ਰਤੀਤ ਹੁੰਦਾ ਹੈ।
ਭਾਵੇਂ ਹਰ ਮਨੁੱਖ ਸੰਸਾਰ ਦੇ ਵੱਡੇ ਭਾਗ ਬਾਰੇ ਜਾਣਦਾ ਹੰੁਦਾ ਹੈ, ਪਰ ਉਹ ਆਪਣੇ ਜੀਵਨ ਦਾ ਵੱਡਾ ਭਾਗ ਆਪਣੇ ਜਨਮ ਸਥਾਨ ਦੇ ਨੇੜੇ ਤੇੜੇ ਹੀ ਗੁਜ਼ਾਰ ਦਿੰਦਾ ਹੈ। ਦੁਨੀਆਂ ਉਤਨੀ ਕੁ ਹੀ ਵੱਡੀ ਹੁੰਦੀ ਹੈ ਜਿਤਨੀ ਬਾਰੇ ਅਸੀਂ ਜਾਣਦੇ ਹੁੰਦੇ ਹਾਂ, ਪਰ ਸਾਡੀ ਦੁਨੀਆਂ ਉਹੀ ਹੁੰਦੀ ਹੈ ਜਿਤਨੀ ਅਸੀਂ ਗਾਹੀ ਹੰੁਦੀ ਹੈ। ਤੁਸੀਂ ਕਿਤਨੇ ਕੁ ਉਦਾਰਚਿਤ ਹੋ ਅਤੇ ਤੁਹਾਡੇ ਮਨ ਵਿੱਚ ਸੁਤੰਤਰਤਾ ਲਈ ਕਿਤਨੀ ਕੁ ਤਾਂਘ ਹੈ ਇਹ ਇਸ ਗੱਲ ਤੋਂ ਜਾਣੀ ਜਾ ਸਕਦੀ ਹੈ ਕਿ ਤੁਸੀਂ ਸਫਰ ਕਿਤਨਾ ਕੀਤਾ ਹੈ, ਤੁਹਾਡੀਆਂ ਅੱਖਾਂ ਨੇ ਦੂਰ ਦੇ ਕਿਤਨੇ ਕੁ ਦੁਮੇਲ ਵੇਖੇ ਹਨ ਅਤੇ ਤੁਹਾਡੀ ਨਜ਼ਰ ਕਿੱਥੋਂ ਤੱਕ ਦੂਰ ਜਾਂਦੀ ਹੈ।
ਇੱਕ ਚੰਗਾ ਯਾਤਰੀ ਕਦੀ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਂ ਸੂਬੇ ਜਾਂ ਦੇਸ਼ ਦੇ ਨੁਕਸ ਨਹੀਂ ਕੱਢਦਾ। ਮੂਰਖ ਘੁੰਮਦੇ-ਫਿਰਦੇ ਹਨ ਜਦੋਂ ਕਿ ਸਿਆਣੇ ਸਫਰ ਕਰਦੇ ਹਨ। ਸਫਰ ਕਰਨ ਨਾਲ ਸਾਡੀ ਅਸਲੀਅਤ ਸਾਹਮਣੇ ਆਉਦੀ ਹੈ। ਸਫਰ ਨਾਲ ਸਿਆਣੇ ਹੋਰ ਸਿਆਣੇ ਅਤੇ ਮੂਰਖ ਹੋਰ ਮੂਰਖ ਸਾਬਤ ਹੁੰਦੇ ਹਨ। ਜੇ ਸਫਰ ਨਾਲ ਆਪਣਾ-ਗਿਆਨ ਵਧਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਗਿਆਨ ਆਪਣੇ ਨਾਲ ਲੈ ਕੇ ਟੁਰੋ। ਭਾਰਤ ਦੀ ਯਾਤਰਾ ਉੱਤੇ ਨਿਕਲਣ ਸਮੇਂ ਪੁਰਾਤਨ ਸਮੇਂ ਵਿੱਚ ਇੱਕ ਯੂਨਾਨੀ ਫਿਲਾਸਫਰ ਨੂੰ ਕਿਸੇ ਨੇ ਪੁੱਛਿਆ ਕਿ ਉੱਥੇ ਕੀ ਕਰੋਗੇ ਤਾਂ ਉਸ ਕਿਹਾ, ‘‘ਜੋ ਕੁਝ ਸਿੱਖਣ ਅਤੇ ਜਾਣਨਯੋਗ ਹੈ ਉਹ ਸਿੱਖਾਂਗਾ ਅਤੇ ਜਾਣਾਗਾਂ ਅਤੇ ਜੋ ਜਾਣਦਾ ਹਾਂ ਉਹ ਸਿਖਾਵਾਂਗਾ।’’ ਸਫਰ ਵਿੱਚ ਅਨੇਕਾਂ ਨਵੇਂ ਅਨੁਭਵਾਂ ਹੁੰਦੇ ਹਨ, ਪਰ ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਅਨੁਭਵਾਂ ਨੂੰ ਡੀਕ ਲਾਉਣ ਵਾਸਤੇ ਸਾਡੇ ਕੋਲ ਕਟੋਰਾ ਕਿਤਨਾ ਕੁ ਵੱਡਾ ਹੈ।
ਬਹੁਤੇ ਲੋਕ ਯਾਤਰਾ ਉੱਤੇ ਨਹੀਂ ਭਟਕਣ ਉੱਤੇ ਨਿਕਲਦੇ ਹਨ। ਜਿਹੜੇ ਸੁੱਖ ਕਿਸੇ ਦੇ ਘਰ ਵਿੱਚ ਵੀ ਨਹੀਂ ਹੁੰਦੇ, ਉਨ੍ਹਾਂ ਦੀ ਬਾਹਰ ਜਾ ਕੇ ਭਾਲ ਕਰਦੇ ਹਨ। ਕਈ ਆਪਣੇ ਨਾਲ ਇਤਨਾ ਸਾਮਾਨ ਲੈ ਕੇ ਨਿਕਲਦੇ ਹਨ ਕਿ ਜਾਂ ਤਾਂ ਉਹ ਆਪ ਕੁਲੀ ਬਣੇ ਰਹਿੰਦੇ ਹਨ ਜਾਂ ਉਨ੍ਹਾਂ ਦਾ ਵਾਹ ਕੇਵਲ ਕੁਲੀਆਂ ਨਾਲ ਪੈਂਦਾ ਹੈ।ਬੰਦਿਆਂ ਵਾਸਤੇ ਸਭਨੀ ਥਾਈਂ ਥਾਂ ਹੁੰਦੀ ਹੈ, ਪਰ ਸਾਡੇ ਕਬਾੜਖਾਨੇ ਵਾਸਤੇ ਥਾਂ ਨਹੀਂ ਹੁੰਦੀ। ਜਿਨ੍ਹਾਂ ਕੱਪੜਿਆਂ ਨੂੰ ਆਪਣੇ ਘਰ ਵੀ ਕਦੀ ਪਾਉਣ ਦਾ ਮੌਕਾ ਨਹੀਂ ਮਿਲਿਆ ਹੁੰਦਾ ਕਈ ਇਨ੍ਹਾਂ ਕੱਪੜਿਆਂ ਨੂੰ ਬਾਹਰ ਪਾਉਣ ਦੀ ਆਸ ਨਾਲ ਲੈ ਟੁਰਦੇ ਹਨ।
ਜਿਤਨਾ ਤੁਹਾਡੇ ਕੋਲ ਘੱਟ ਸਾਮਾਨ ਹੋਵੇਗਾ ਉਤਨੀ ਹੀ ਤੁਹਾਡੀ ਯਾਤਰਾ ਵਧੇਰੇ ਸਫਲ ਹੋਵੇਗੀ। ਕੀ ਮਹਾਤਮਾ ਬੁੱਧ ਜਾਂ ਗੁਰੂ ਨਾਨਕ ਦੇਵ ਸਾਮਾਨ ਦੀਆਂ ਪੰਡਾਂ ਲੈ ਲੇ ਯਾਤਰਾ ਉੱਤੇ ਨਿਕਲਦੇ ਸਨ। ਸਾਡਾ ਦੇਸ਼ ਗਰੀਬ ਹੈ, ਗਰੀਬ ਦੇਸ਼ ਨੂੰ ਗਰੀਬ ਬਣ ਕੇ ਹੀ ਵੇਖਿਆ ਜਾ ਸਕਦਾ ਹੈ। ਕੁਝ ਲੋਕ ਯਾਤਰਾ ਕਰਨ ਦੇ ਬਿਲਕੁਲ ਯੋਗ ਨਹੀਂ ਹੁੰਦੇ ਉਹ ਯਾਤਰਾ ਉੱਤੇ ਨਿਕਲ ਕੇ ਆਪ ਦੁਖੀ ਹੁੰਦੇ ਹਨ ਅਤੇ ਦੂਜਿਆਂ ਨੂੰ ਦੁੱਖ ਦਿੰਦੇ ਹਨ। ਕਈ ਇੰਜ ਨਿਕਲਦੇ ਹਨ ਜਿਵੇਂ ਕਿਸੇ ਬਾਰਾਤ ਵਿੱਚ ਸ਼ਾਮਲ ਹੋਣਾ ਹੋਵੇ। ਜਿਸ ਥਾਂ ਦੀ ਭਾਸ਼ਾ ਨਾ ਆਉਦੀ ਹੋਵੇ ਉੱਥੇ ਨਹੀਂ ਜਾਣਾ ਚਾਹੀਦਾ, ਕਿਉਂਕਿ ਅਜਿਹੀ ਥਾਂ ਤੋਂ ਅਸੀਂ ਕੁਝ ਨਹੀਂ ਸਿੱਖਦੇ।
ਸਫਰ ਵਿੱਚ ਸਭ ਤੋਂ ਵਧੇਰੇ ਨਿਰਾਸ਼ਤਾ ਉਨ੍ਹਾਂ ਨੂੰ ਹੁੰਦੀ ਹੈ ਜਿਹੜੇ ਵੱਖਰੇ ਅਤੇ ਵਿਸ਼ੇਸ਼ ਪ੍ਰਤੀਤ ਹੋਣ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ। ਲੋੜ ਦੂਜਿਆਂ ਤੋਂ ਭਿੰਨ ਪ੍ਰਤੀਤ ਹੋਣ ਦੀ ਨਹੀਂ, ਦੂਜਿਆਂ ਵਰਗਾ ਪ੍ਰਤੀਤ ਹੋਣ ਦੀ ਹੈ। ਕੋਈ ਵੀ ਦੇਸ਼ ਜਾਂ ਲੋਕ, ਥਾਂ ਜਾਂ ਰਸਮ ਰਿਵਾਜ ਉੱਚੇ ਨੀਵੇਂ ਜਾਂ ਚੰਗੇ ਮਾੜੇ ਨਹੀਂ ਹੁੰਦੇ। ਸਭ ਕੁਝ ਦੇ ਪਿੱਛੇ ਲੰਮਾ ਇਤਿਹਾਸ ਹੁੰਦਾ ਹੈ, ਭੂਗੋਲਿਕ ਸਥਿਤੀਆਂ ਦਾ ਯੋਗਦਾਨ ਹੁੰਦਾ ਹੈ। ਦੂਜੀਆਂ ਧਰਤੀਆਂ ਉੱਤੇ ਜਾ ਕੇ ਲੋਕਾਂ ਦਾ ਆਹਾਰ, ਪਹਿਰਾਵਾ ਅਤੇ ਵਸੇਬਾ ਵੇਖਣ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਜਿੱਥੋਂ ਤੱਕ ਹੋ ਸਕੇ ਦੂਜੇ ਲੋਕਾਂ ਦੇ ਮੇਲੇ ਅਤੇ ਤਿਉਹਾਰ ਵੇਖਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੀ ਰੂਹ ਧੜਕਦੀ ਹੁੰਦੀ ਹੈ।
ਸ਼ਹਿਰਾਂ ਦੀਆਂ ਤੰਗ ਥਾਵਾਂ ਉੱਤੇ ਰਹਿਣ ਵਾਲੇ ਲੋਕ ਖੁੱਲ੍ਹੀਆਂ ਥਾਵਾਂ ਉੱਤੇ ਅਤੇ ਖੁੱਲ੍ਹੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਤੰਗ ਥਾਵਾਂ ਉੱਤੇ ਵਿਚਰਣ ਲਈ ਨਿਕਲਦੇ ਹਨ।
ਵੇਖਿਆ ਗਿਆ ਹੈ ਕਿ ਪਾਣੀ ਵਾਲੀਆਂ ਥਾਵਾਂ ਮਨੁੱਖੀ ਮਨ ਨੂੰ ਵਧੇਰੇ ਖਿੱਚ ਪਾਉਂਦੀਆਂ ਹਨ। ਕਾਰਨ ਇਹ ਹੈ ਕਿ ਪਾਣੀ ਰਾਹੀਂ ਅਸੀਂ ਆਪਣੇ ਜੀਵਨ ਦੇ ਸਰੋਤ ਨਾਲ ਜੁੜਦੇ ਹਾਂ। ਯਾਤਰਾ ਉੱਤੇ ਨਿਕਲੇ ਵਿਅਕਤੀ ਦੀ ਸੂਰਜ, ਚੰਨ ਅਤੇ ਤਾਰਿਆਂ ਨਾਲ ਡੂੰਘੀ ਜਾਣ ਪਛਾਣ ਹੁੰਦੀ ਹੈ, ਕਿਉਂਕਿ ਸੂਰਜ, ਚੰਨ ਅਤੇ ਤਾਰੇ ਵੀ ਲੰਮੀ ਯਾਤਰਾ ਉੱਤੇ ਨਿਕਲੇ ਮੁਸਾਫਰ ਹਨ ਅਤੇ ਮੁਸਾਫਰ ਮੁਸਾਫਰ ਵੱਲ ਸੁਭਾਵਿਕ ਹੀ ਖਿੱਚੇ ਜਾਂਦੇ ਹਨ।
ਸਾਡਾ ਪਹਿਲਾ ਉਦੇਸ਼ ਲੋਕਾਂ ਨੂੰ ਵੇਖਣਾ ਹੋਣਾ ਚਾਹੀਦਾ ਹੈ। ਇਮਾਰਤਾਂ ਆਦਿ ਉਨ੍ਹਾਂ ਦੇ ਇਰਾਦਿਆਂ ਦਾ ਪ੍ਰਗਟਾਵਾਂ ਹੁੰਦੀਆਂ ਹਨ। ਸੋ ਇਨ੍ਹਾਂ ਨੂੰ ਇਸੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ।
ਸਫਰ ਉੱਤੇ ਨਿਕਲਣਾ ਉਨ੍ਹਾਂ ਨੂੰ ਚਾਹੀਦਾ ਹੈ ਜਿਨ੍ਹਾਂ ਕੋਲ ਇੱਲ ਵਾਲੀਆਂ ਅੱਖਾਂ ਹੋਣ, ਵਪਾਰੀ ਵਾਲੇ ਸਭ ਕੁਝ ਸੁਣਨ ਵਾਲੇ ਕੰਨ ਹੋਣ, ਹਰ ਇੱਕ ਭਾਵ ਨੂੰ ਆਪਣੇ ਚਿਹਰੇ ਉੱਤੇ ਲਿਆ ਸਕਣ ਵਾਲਾ ਬਾਂਦਰ ਵਰਗਾ ਮੂੰਹ ਹੋਵੇ, ਸਭ ਕੁਝ ਖਾ ਜਾਣ ਵਾਲਾ ਭੇਡ ਵਾਲਾ ਹਾਜ਼ਮਾ ਹੋਵੇ, ਊਠ ਵਰਗੇ ਮੋਢੇ ਹੋਣ, ਖੋਤੇ ਵਰਗੀ ਪਿੱਠ ਹੋਵੇ ਅਤੇ ਹਿਰਨ ਵਰਗੀਆਂ ਲੱਤਾਂ ਹੋਣ। ਜੇ ਸਫਰ ਉੱਤੇ ਨਿਕਲਣਾ ਹੈ ਤਾਂ ਸਬੂਤੇ ਨਿਕਲੋ। ਘੜੀਆਂ ਅਤੇ ਅਖਬਾਰਾਂ ਦਾ ਤਿਆਗ ਕਰੋ।
ਕਿਸੇ ਨੇ ਕਿਹਾ ਹੈ ਕਿ ਚੰਗਾ ਯਾਤਰੀ ਉਹ ਹੈ ਜਿਸ ਨੂੰ ਪਤਾ ਨਾ ਹੋਵੇ ਕਿ ਕਿਧਰ ਜਾ ਰਿਹਾ ਹੈ ਅਤੇ ਕੁਸ਼ਲ ਯਾਤਰੀ ਉਹ ਹੈ ਜਿਸ ਨੂੰ ਇਹ ਵੀ ਭੁੱਲ ਜਾਏ ਕਿ ਉਹ ਕਿੱਧਰੋਂ ਆਇਆ ਹੈ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਫਲ ਯਾਤਰੀ ਉਹ ਹੈ ਜੋ ਆਪਣੇ ਆਪ ਤੋਂ ਪਰ੍ਹੇ ਚਲਾ ਜਾਵੇ ਅਤੇ ਜਿਸ ਨੂੰ ਪੱੁਛਣ ਉੱਤੇ ਆਪਣਾ ਨਾਂ ਤੱਕ ਯਾਦ ਨਾ ਰਹੇ।
ਯਾਤਰਾ ਕੋਈ ਨਿਸ਼ਾਨ ਮਿਥ ਕੇ ਨਹੀਂ ਕਰਨੀ ਚਾਹੀਦੀ, ਬਸ ਨਿਕਲ ਪੈਣਾ ਚਾਹੀਦਾ ਹੈ। ਆਸਵੰਦ ਹੋ ਕੇ ਸਫਰ ਕਰਨਾ ਸੁੱਖੀ ਸਾਂਦੀ ਮੁੜ ਆਉਣ ਨਾਲੋਂ ਚੰਗੇਰਾ ਹੈ। ਯਾਤਰਾ ਤੋਂ ਮੁੜੇ ਵਿਅਕਤੀ ਵਿੱਚ ਹੰਕਾਰ ਨਹੀਂ ਹੁੰਦਾ, ਨਿਰਮਾਣਤਾ ਹੁੰਦੀ ਹੈ।
ਜਵਾਨ ਕੁਝ ਸਿਖਣ ਵੇਖਣ ਲਈ ਨਿਕਲਦੇ ਹਨ ਜਦੋਂ ਕਿ ਬਜ਼ੁਰਗ ਅਨੁਭਵ ਕਰਨ ਲਈ। ਜਿਸ ਵਿੱਚ ਕਸ਼ਟ ਅਤੇ ਬੇਆਰਾਮੀ ਅਤੇ ਭੁੱਖ ਅਤੇ ਧੁੱਪ ਅਤੇ ਠੰਢ ਸਹਿਣ ਦੀ ਹਿੰਮਤ ਨਹੀਂ ਉਹ ਘਰ ਦੀ ਦਹਿਲੀਜ਼ ਨਾ ਹੀ ਟੱਪੇ ਤਾਂ ਚੰਗਾ ਹੈ। ਮਾਰੂਥਲ ਦੀ ਯਾਤਰਾ ਕਰਨ ਵਾਲੇ ਇੱਕ ਪਾਂਧੀ ਨੇ ਕਿਹਾ, ‘‘ਇਸ ਯਾਤਰਾ ਨੇ ਮੈਨੂੰ ਸਿਖਾਇਆ ਹੈ ਕਿ ਪਾਣੀ ਕੀ ਹੁੰਦਾ ਹੈ।’’ ਉਜਾੜਾਂ ਵਿੱਚ ਘੁੰਮ ਕੇ ਹੀ ਪਤਾ ਲੱਗਦਾ ਹੈ ਕਿ ਬਹਾਰ ਕੀ ਹੁੰਦੀ ਹੈ। ਦੂਰ ਜਾ ਕੇ ਹੀ ਪਤਾ ਲਗਦਾ ਹੈ ਕਿ ਘਰ ਕੀ ਹੁੰਦਾ ਹੈ।
ਸਫਰ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਇਮਾਨਦਾਰੀ ਅਤੇ ਬੇਈਮਾਨੀ, ਨੇਕੀ ਅਤੇ ਬਦੀ, ਖੁਸ਼ੀਆਂ ਅਤੇ ਦੁੱਖ ਸਾਡੇ ਜੀਵਨ ਦਾ ਹੀ ਭਾਗ ਨਹੀਂ, ਮਾਨਵਜਾਤੀ ਦਾ ਸਾਂਝਾ ਅਨੁਭਵ ਹਨ। ਜਿਤਨੇ ਵਧੇਰੇ ਸਾਧਾਰਣ ਹੋ ਕੇ ਸਫਰ ਕਰੋਗੇ ਉਤਨੀ ਹੀ ਤੁਹਾਡੀ ਨੀਝ ਦੂਰ ਤੱਕ ਵੇਖ ਸਕੇਗੀ। ਯਾਤਰਾ ਮਨੁੱਖ ਨੂੰ ਸਿਆਣਾ ਤਾਂ ਬਣਾਉਂਦੀ ਹੀ ਹੈ, ਉਸ ਨੂੰ ਉਦਾਸ ਵੀ ਕਰਦੀ ਹੈ। ਯਾਤਰਾ ਰਾਹੀਂ ਅਸੀਂ ਆਪਣੀ ਕਲਪਨਾ ਨੂੰ ਨੇਮ ਬੱਧ ਕਰਦੇ ਹਾਂ ਅਤੇ ਅਰਸ਼ ਤੋਂ ਫਰਸ਼ ਉੱਤੇ ਉਤਰਦੇ ਹਾਂ। ਜਿਹੜਾ ਦੂਰ ਦੁਰਾਡੀਆਂ ਥਾਵਾਂ ਉੱਤੇ ਨਹੀਂ ਗਿਆ ਉਹ ਪੱਖਪਾਤ ਤੋਂ ਛੱੁਟਕਾਰਾ ਪ੍ਰਾਪਤ ਨਹੀਂ ਕਰ ਸਕਦਾ। ਸਮੁੰਦਰ ਦੀ ਵਿਸ਼ਾਲਤਾ ਸਮੁੰਦਰ ਦੇ ਵਿਚਕਾਰ ਪਹੁੰਚ ਕੇ ਪਤਾ ਲਗਦੀ ਹੈ।
ਨਵੀਆਂ ਥਾਵਾਂ ਨੂੰ ਵੇਖਣ ਦੀ ਜਗਿਆਸਾ ਥਕਾਵਟ ਨੂੰ ਉਤਸ਼ਾਹ ਵਿੱਚ ਬਦਲ ਦਿੰਦੀ ਹੈ। ਬੱਚਿਆਂ ਵਿੱਚ ਨਵੀਆਂ ਥਾਵਾਂ ਵੇਖਣ ਦਾ ਜੋਸ਼ ਹੁੰਦਾ ਹੈ, ਇਸੇ ਕਰਕੇ ਉਹੀ ਸਭ ਤੋਂ ਪਹਿਲਾਂ ਤਿਆਰ ਹੁੰਦੇ ਹਨ। ਉਹ ਕਹਿੰਦੇ ਹਨ, ‘ਚਲੋ, ਚਲੋ’ ਜਦੋਂ ਕਿ ਬਜ਼ੁਰਗ ਕਹਿੰਦੇ ਹਨ ‘ਰੁਕੋ, ਰੁਕੋ’ ਪਤਨੀ ਕਹਿੰਦੀ ਹੈ ‘ਹੌਲੀ ਚਲੋ’ ਪਤੀ ਕਹਿੰਦਾ ਹੈ ‘ਜਲਦੀ ਕਰੋ।’ ਦੋਸਤਾਂ ਨਾਲ ਤਾਂ ਬੰਦਾ ਪਿੱਛੇ ਵੇਖਦਾ ਹੀ ਨਹੀਂ।
ਸਭ ਤੋਂ ਚੰਗੀ ਯਾਤਰਾ ਉਹ ਹੈ, ਜਿਹੜੀ ਇਕੱਲਿਆਂ ਕੀਤੀ ਜਾਵੇ ਅਤੇ ਰਿਸ਼ਤੇ ਰਸਤੇ ਵਿੱਚ ਉਸਾਰੇ ਜਾਣ। ਇਸੇ ਕਰ ਕੇ ਤਾਂ ਕਹਿੰਦੇ ਹਨ ਕਿ ਜੇਕਰ ਆਪਣੇ ਆਪ ਨੂੰ ਜਾਣਦਾ ਚਾਹੁੰਦੇ ਹੋ ਤਾਂ ਆਪਣੇ ਜਾਣਨ ਵਾਲਿਆਂ ਤੋਂ ਪਰ੍ਹੇ ਚਲੋ ਜਾਵੇ।
ਕਈਆਂ ਨੇ ਯਾਤਰਾ ਨੂੰ ਮੂਰਖਤਾ ਭਰਿਆ ਕਰਮ ਦੱਸਿਆ ਹੈ। ਜਿਨ੍ਹਾਂ ਦੇਸ਼ਾਂ ਦੀ ਸੱਭਿਅਤਾ ਪੁਰਾਤਨ ਹੈ, ਉੱਥੋਂ ਦੇ ਲੋਕਾਂ ਵਿੱਚ ਨਵੀਆਂ ਥਾਵਾਂ ਵੇਖਣ ਦੀ ਰੁਚੀ ਘੱਟ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਛੁੱਟੀਆਂ ਗੁਜ਼ਾਰਨ ਲਈ ਸਭ ਤੋਂ ਚੰਗੀ ਥਾਂ ਘਰ ਹੁੰਦਾ ਹੈ। ਕਈ ਯਾਤਰਾ ਕਰਨ ਨੂੰ ਕੇਵਲ ਫਾਸਲੇ ਮਾਪਣਾ ਹੀ ਦੱਸਦੇ ਹਨ। ਯਾਤਰਾ ਦੇ ਇੱਕ ਵਿਰੋਧੀ ਨੇ ਕਿਹਾ, ‘‘ਮੇਰਾ ਖੋਤਾ ਸਾਰੀ ਦੁਨੀਆਂ ਘੁੰਮਿਆ ਹੋਇਆ ਹੈ, ਪਰ ਉਹ ਅਜੇ ਵੀ ਖੋਤਾ ਹੀ ਹੈ, ਘੋੜਾ ਨਹੀਂ ਬਣਿਆ।’’ ਇਹ ਵੀ ਕਿਹਾ ਜਾਂਦਾ ਹੈ ਕਿ ਸਿਆਣੇ ਘਰ ਹੀ ਰਹਿੰਦੇ ਹਨ ਜਦੋਂ ਕਿ ਮੂਰਖ ਯਾਤਰਾ ਉੱਤੇ ਨਿਕਲਦੇ ਹਨ ਅਤੇ ਵਡੇਰੇ ਮੂਰਖ ਬਚ ਕੇ ਪਰਤਦੇ ਹਨ। ਕਈਆਂ ਨੇ ਯਾਤਰੀਆਂ ਨੂੰ ਰੁੱਝੇ ਹੋਏ ਵਿਹਲੜ ਕਿਹਾ ਹੈ। ਇਨ੍ਹਾਂ ਲੋਕਾਂ ਦਾ ਹੀ ਮੱਤ ਹੈ ਕਿ ਯਾਤਰਾ ਵਿੱਚ ਜਾਣ ਪਛਾਣ ਤਾਂ ਕਈਆਂ ਨਾਲ ਹੋ ਜਾਂਦੀ ਹੈ ਪਰ ਦੋਸਤ ਇੱਕ ਵੀ ਨਹੀਂ ਬਣਦਾ। ਕਿਹਾ ਜਾਂਦਾ ਹੈ ਕਿ ਇੱਕ ਸਮੁੰਦਰ ਵੇਖ ਲਵੋ, ਇੱਕ ਪਹਾੜ ਵੇਖ ਲਵੋ, ਇੱਕ ਦਰਿਆ ਵੇਖ ਲਵੋ ਅਤੇ ਇੱਕ ਸ਼ਹਿਰ, ਬਾਕੀ ਸਭ ਇਹੋ ਜਿਹੇ ਹੀ ਹੋਣਗੇ। ਇਹ ਦੋਸ਼ ਵੀ ਲਾਇਆ ਜਾਂਦਾ ਹੈ ਕਿ ਮੁਸਾਫਰ ਜਿਹੜੀਆਂ ਕਹਾਣੀਆਂ ਸੁਣਾਉਂਦੇ ਹਨ ਉਹ ਝੂਠੀਆਂ ਹੁੰਦੀਆਂ ਹਨ। ਯਾਤਰਾ ਦੇ ਵਿਰੋਧ ਵਿੱਚ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸੰਸਾਰ ਦਾ ਸਭ ਤੋਂ ਸਿਆਣਾ ਫਿਲਾਸਫਰ ਸੁਕਰਾਤ ਕਦੀ ਵੀ ਆਪਣੇ ਘਰ ਤੋਂ ਪਰ੍ਹੇ ਨਹੀਂ ਸੀ ਗਿਆ।
ਭਾਵੇਂ ਯਾਤਰਾ ਦੇ ਵਿਰੱੁਧ ਕਿਤਨੀਆਂ ਹੀ ਦਲੀਲਾਂ ਦਿੱਤੀਆਂ ਜਾਣ, ਪਰ ਮਨੁੱਖੀ ਮਨ ਕਿਧਰੇ ਦੂਰ ਨਿਕਲ ਜਾਣ ਲਈ ਸਦਾ ਤਾਂਘਦਾ ਰਹਿੰਦਾ ਹੈ। ਕੁਝ ਨਵਾਂ ਵੇਖਣ ਦੀ, ਨਵਾਂ ਸੁਣਨ ਦੀ ਜਗਿਆਸਾ ਮਨੁੱਖ ਨੂੰ ਮੁਸਾਫਰੀ ਲਈ ਉਕਸਾਉਂਦੀ ਰਹਿੰਦੀ ਹੈ। ਰਾਂਝਾ ਤਖਤ ਹਜ਼ਾਰੇ ਰਹਿ ਕੇ ਹੀਰ ਦਾ ਪਿਆਰ ਪ੍ਰਾਪਤ ਨਹੀਂ ਸੀ ਕਰ ਸਕਦਾ। ਸਾਡੇ ਅਤਿ ਡੂੰਘੇ ਅਨੁਭਵ ਘਰੋਂ ਦੂਰ ਜਾ ਕੇ ਹੀ ਪ੍ਰਾਪਤ ਹੁੰਦੇ ਹਨ।
ਜਿਹੜਾ ਵਿਅਕਤੀ ਘਰ ਦਾ ਮਹੱਤਵ ਨਾ ਜਾਣਦਾ ਹੋਵੇ, ਉਸ ਨੂੰ ਯਾਤਰਾ ਉੱਤੇ ਟੋਰ ਦਿਓ। ਕਿਸੇ ਨੇ ਅਜੇ ਤੱਕ ਸ਼ਿਕਾਇਤ ਨਹੀਂ ਕੀਤੀ ਕਿ ਉਹ ਘਰ ਜਲਦੀ ਮੁੜ ਆਇਆ ਹੈ। ਜੇ ਹੋ ਸਕੇ ਤਾਂ ਯਾਤਰਾ ਉੱਤੇ ਨਿਕਲੇ ਵਿਅਕਤੀ ਨੂੰ ਆਪਣੇ ਅਨੁਭਵ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ ਜਾਂ ਆਪਣੇ ਪਿਆਰਿਆਂ ਨੂੰ ਲਿਖਣਾ ਚਾਹੀਦਾ ਹੈ। ਇਵੇਂ ਉਸ ਨੂੰ ਯਾਤਰਾ ਦੌਰਾਨ ਵੇਖੀਆਂ ਥਾਵਾਂ ਅਤੇ ਚੀਜ਼ਾਂ ਅਤੇ ਲੋਕ ਵਧੇਰੇ ਸਾਫ ਦਿਖਾਈ ਦੇਣ ਲੱਗ ਪੈਣਗੇ। ਹੋਰ ਸਭ ਕੁਝ ਵੀ ਵੇਖਿਆ ਜਾਣਾ ਚਾਹੀਦਾ ਹੈ, ਪਰ ਆਪਣੇ ਧੰਦੇ ਨਾਲ ਸਬੰਧਤ ਥਾਵਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ ਜਿਵੇਂ ਕਿਸਾਨ ਨੂੰ ਨਵੀਂ ਥਾਂ ਉੱਤੇ ਖੇਤੀ ਦੇ ਢੰਗ ਤਰੀਕੇ ਜ਼ਰੂਰ ਵੇਖਣੇ ਚਾਹੀਦੇ ਹਨ ਅਤੇ ਪੱਤਰਕਾਰ ਨੂੰ ਨਵੀਂ ਥਾਂ ਦੇ ਸਮਾਚਾਰ ਪੱਤਰਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ।
ਨਵੀਂ ਥਾਂ ਉੱਤੇ ਝਗੜਾ ਕਿਸੇ ਵੀ ਕੀਮਤ ਉੱਤੇ ਨਹੀਂ ਕਰਨਾ ਚਾਹੀਦਾ। ਯਾਤਰਾ ਦਾ ਗਿਆਨ ਸਾਡੇ ਪਹਿਰਾਵੇ ਵਿੱਚੋਂ ਨਹੀਂ ਸਾਡੀ ਗੱਲਬਾਤ ਵਿੱਚੋਂ ਝਲਕਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਕਹਾਣੀਆਂ ਸਣਾਉਣ ਦੀ ਥਾਂ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਹੁਨਰ ਸਿੱਖਣਾ ਚਾਹੀਦਾ ਹੈ। ਯਾਤਰਾ ਉਪਰੰਤ ਆਪਣਾ ਜੀਵਨ ਢੰਗ ਹੀ ਨਹੀਂ ਬਦਲਣਾ ਚਾਹੀਦਾ, ਆਪਣਾ ਦਿ੍ਰਸ਼ਟੀਕੋਣ ਵੀ ਬਦਲਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚੋਂ ਫਾਲਤੂ ਪ੍ਰਤੀਤ ਹੋਣ ਵਾਲੀਆਂ ਚੀਜ਼ਾਂ ਵਸਤਾਂ ਦਾ ਤਿਆਗ ਕਰਨਾ ਚਾਹੀਦਾ ਹੈ। ਯਾਤਰਾ ਦਾ ਅਨੁਭਵ ਯਾਤਰਾ ਉੱਤੇ ਨਿਕਲਣ ਨਾਲ ਹੀ ਮਿਲਦਾ ਹੈ।
ਗਿਆਨ ਪ੍ਰਾਪਤ ਕਰਨ ਦੇ ਤਿੰਨ ਮੁੱਖ ਸਰੋਤ ਹਨ: ਦੂਜਿਆਂ ਦੇ ਸੰਪਰਕ ਵਿੱਚ ਆ ਕੇ ਅਨੁਭਵ ਪ੍ਰਾਪਤ ਕਰਨਾ, ਪੁਸਤਕਾਂ ਰਾਹੀਂ ਅਤੀਤ ਨਾਲ ਸਬੰਧ ਸਥਾਪਤ ਕਰਨਾ ਅਤੇ ਯਾਤਰਾ ਰਾਹੀਂ ਆਪਣੀ ਦੁਨੀਆਂ ਨੂੰ ਵਿਸ਼ਾਲ ਕਰਨਾ। ਯਾਤਰਾ ਨਾਲ ਸਾਡੇ ਅਨੁਭਵ ਦੇ ਜਿਹੜੇ ਬੂਹੇ ਬਾਰੀਆਂ ਖੁਲ੍ਹਦੇ ਹਨ ਉਹ ਕਿਸੇ ਵੀ ਹੋਰ ਢੰਗ ਨਾਲ ਨਹੀਂ ਖੁੱਲਦੇ। ਆਪਣੇ ਆਪ ਨੂੰ ਲੱਭਣ ਲਈ ਯਾਤਰਾ ਕਰਨੀ ਹੀ ਪਵੇਗੀ। ਜੀਵਨ ਦੇ ਅਰਥ ਸਮਝਣ ਲਈ ਮੁਸਾਫਰ ਬਣਨਾ ਹੀ ਪਵੇਗਾ। ਆਪਣੇ ਆਪ ਨੂੰ ਪਛਾਣਨ ਲਈ ਦੂਰ ਜਾਣਾ ਹੀ ਪਵੇਗਾ।

Read News Paper

Related articles

spot_img

Recent articles

spot_img