8.1 C
New York

ਛੋਟੀ ਉਮਰੇ ਕਾਰੋਬਾਰ ਦੇ ਵਿਸ਼ਵ ਪੱਧਰੀ ਮੀਲਪੱਥਰ ਸਥਾਪਤ ਕਰਨ ਵਾਲਾ – ਤਿ੍ਰਸ਼ਨੀਤ ਅਰੋੜਾ

Published:

Rate this post

ਅੱਜ ਦੇ ਆਧੁਨਿਕ ਸਮੇਂ ਵਿੱਚ ਵਪਾਰ ਅਤੇ ਕਾਰੋਬਾਰ ਡਿਜਿਟਲ ਰੂਪ ਅਖਤਿਆਰ ਕਰ ਚੁੱਕੇ ਹਨ ਅਤੇ ਖਪਤਕਾਰਾਂ ਦੇ ਆਧੁਨਿਕ ਰੁਝਾਨਾਂ ਦੇ ਨਾਲ ਨਾਲ ਡਿਜੀਟਲ ਤਕਨੀਕ ਦਾ ਹਾਣੀ ਬਣਨਾ ਵੀ ਲਾਜ਼ਮੀ ਹੋ ਗਿਆ ਹੈ। ਇਸ ਦੇ ਨਾਲ ਹੀ ਸਾਈਬਰ ਸੁਰੱਖਿਆ ਵੀ ਇੱਕ ਅਹਿਮ ਵਿਸ਼ਾ ਬਣਿਆ ਹੈ। ਸਾਈਬਰ ਸੁਰੱਖਿਆ ’ਤੇ ਧਿਆਨ ਕੇਂਦਰਤ ਕਰਨਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਅਜਿਹੇ ਸਮੇਂ ਵਿੱਚ ਜਦੋਂ ਲੈਣ-ਦੇਣ, ਉਪਭੋਗਤਾ ਡੇਟਾ ਸਟੋਰੇਜ ਅਤੇ ਸੰਚਾਲਨ ਡਿਜੀਟਲ ਪਲੇਟਫਾਰਮਾਂ ’ਤੇ ਚਲੇ ਗਏ ਹਨ, ਕੰਪਨੀਆਂ ਆਪਣੇ ਪਲੇਟਫਾਰਮਾਂ ਨੂੰ ਸਾਈਬਰ ਹਮਲੇ ਤੋਂ ਸੁਰੱਖਿਅਤ ਕਰਨ ਲਈ ਯਤਨ ਤੇਜ਼ ਕਰ ਰਹੀਆਂ ਹਨ। ਇਸ ਮਾਹੌਲ ਵਿੱਚ ਸਾਈਬਰ ਸੁਰੱਖਿਆ ਦਾ ਇੱਕ ਨਵਾਂ ਕਿੱਤਾ ਵੀ ਤੇਜ਼ੀ ਨਾਲ ਵਿਕਸਤ ਹੋਇਆ ਹੈ ਅਤੇ ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਲੁਧਿਆਣੇ ਦੇ ਜੰਮਪਲ ਇੱਕ ਨੌਜਵਾਨ ਨੇ ਇਸ ਖੇਤਰ ਵਿੱਚ ਛੋਟੀ ਉਮਰੇ ਹੀ ਵਿਸ਼ਵ ਪੱਧਰੀ ਮੀਲਪੱਥਰ ਸਥਾਪਤ ਕਰ ਦਿੱਤੇ ਹਨ, ਜਿਨਾਂ ਦੀ ਮਿਸਾਲ ਸਾਰੀ ਦੁਨੀਆਂ ਵਿੱਚ ਦਿੱਤੀ ਜਾ ਰਹੀ ਹੈ ਅਤੇ ਇਸ ਨੌਜਵਾਨ ਦੇ ਕੰਮ ਸਾਈਬਰ ਸੁਰੱਖਿਆ ਦੇ ਇਸ ਖੇਤਰ ਵਿੱਚ ਇੱਕ ਪੈਮਾਨਾ ਬਣ ਰਹੇ ਹਨ।

2 ਨਵੰਬਰ 1993 ਨੂੰ ਲੁਧਿਆਣੇ ਵਿੱਚ ਜਨਮੇ ਤਿ੍ਰਸ਼ਨੀਤ ਅਰੋੜਾ, ਸਾਈਬਰ ਸੁਰੱਖਿਆ ਅਤੇ ਜੋਖਮ ਅਤੇ ਕਮਜ਼ੋਰੀ ਪ੍ਰਬੰਧਨ ਕੰਪਨੀ, ਟੀ. ਏ. ਸੀ. ਸਿਕਿਓਰੀਟੀ ਦੇ ਸੰਸਥਾਪਕ ਅਤੇ ਸੀ. ਈ. ਓ. ਹਨ। ਅਮਰੀਕਾ, ਕੈਨੇਡਾ, ਯੂਕੇ, ਯੂਰਪ, ਇਜ਼ਰਾਈਲ, ਆਸਟਰੇਲੀਆ ਅਤੇ ਭਾਰਤ ਸਮੇਤ 50 ਦੇਸ਼ਾਂ ਵਿੱਚ ਟੀ.ਏ.ਸੀ ਸਿਕਿਓਰੀਟੀ ਦੇ 500 ਤੋਂ ਵੱਧ ਗਾਹਕ ਹਨ। ਇਸ ਨੌਜਵਾਨ ਤਕਨੀਕੀ ਮਾਹਿਰ ਨੂੰ ਸਾਈਬਰ ਸਪੇਸ ਨੂੰ ਸੁਰੱਖਿਅਤ ਕਰਨ ਲਈ ਇੱਕ ਜੋਸ਼ੀਲੇ ਉੱਦਮੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਨੇ ਸਾਲ 2013 ਵਿੱਚ ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੀ ਇਹ ਉੱਦਮੀ ਯਾਤਰਾ ਸ਼ੁਰੂ ਕੀਤੀ ਸੀ। ਉੱਥੋਂ, ਉਸ ਦੀ ਅਗਵਾਈ ਵਿੱਚ, ਟੀ.ਏ.ਸੀ ਸਿਕਿਓਰੀਟੀ, ਸਾਈਬਰ ਸਪੇਸ ਵਿੱਚ ਨਵੀਂ ਪਿਰਤ ਪਾਉਂਦੇ ਹੋਏ ਦੁਨੀਆਂ ਦੇ ਚੋਟੀ ਦੇ ਬ੍ਰਾਂਡਾਂ ਅਤੇ ਸਰਕਾਰਾਂ ਨੂੰ ਵੀ ਡਿਜਿਟਲ ਤੌਰ ਉੱਤੇ ਸੁਰੱਖਿਅਤ ਕਰ ਰਹੀ ਹੈ। ਜਿਸ ਉਮਰ ਵਿੱਚ, ਕੋਈ ਵੀ ਨੌਜਵਾਨ ਵਿਚਾਰਾਂ ਨਾਲ ਭਰਪੂਰ ਹੋਣ ਦੀ ਉਮੀਦ ਕਰਦਾ ਹੈ, ਉਸ ਉਮਰੇ ਤਿ੍ਰਸ਼ਨੀਤ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਜਿਸ ਬਾਰੇ ਆਮ ਲੋਕੀਂ ਬਹੁਤ ਸਾਰੇ ਸੁਪਨੇ ਵੇਖਦੇ ਹਨ ਭਾਵ ਇਸੇ ਸਮੇਂ ਤਿ੍ਰਸ਼ਨੀਤ ਨੇ ਆਪਣੇ ਵਿਚਾਰਾਂ ਨੂੰ ਇੱਕ ਸਫਲ ਕਾਰੋਬਾਰੀ ਉੱਦਮ ਵਿੱਚ ਬਦਲ ਦਿੱਤਾ। ਕਿਸੇ ਸਮੇਂ ਸਕੂਲ ਦੀ ਪੜਾਈ ਵਿਚਾਲੇ ਹੀ ਛੱਡਣ ਵਾਲੇ ਤਿ੍ਰਸ਼ਨੀਤ ਅਰੋੜਾ ਨੇ ਇੱਕ ‘ਨੈਤਿਕ ਹੈਕਰ’ ਵਜੋਂ ਆਪਣੇ ਲਈ ਇੱਕ ਵੱਡਾ ਨਾਂਅ ਬਣਾਇਆ ਅਤੇ ਉੱਤਰੀ ਭਾਰਤ ਦੀ ਪਹਿਲੀ ਸਾਈਬਰ ਐਮਰਜੈਂਸੀ ਰਿਸਪਾਂਸ ਟੀਮ ਦੀ ਸਥਾਪਨਾ ਕਰਕੇ ਇੱਕ ਜ਼ਬਰਦਸਤ ਆਗ਼ਾਜ਼ ਕੀਤਾ ਸੀ।

ਤੁਹਾਨੂੰ ਉਸ ਸਮੇਂ ਬਾਰੇ ਵੀ ਦੱਸਣਾ ਬਣਦਾ ਹੈ ਜਦੋਂ ਤਿ੍ਰਸ਼ਨੀਤ ਅਰੋੜਾ ਨੇ ਆਪਣੀ 7ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਤਾਂ ਲਿਆ ਪਰ ਉਸ ਤੋਂ ਬਾਅਦ ਜਲਦ ਹੀ ਸਕੂਲ ਛੱਡ ਦਿੱਤਾ, ਸ਼ਾਇਦ ਇਸ ਕਰਕੇ ਕਿ ਉਸ ਨੇ ਆਪਣੇ ਚੁਣੇ ਹੋਏ ਮਾਰਗ ਉੱਤੇ ਇੱਕ ਲੰਮਾ ਸਫ਼ਰ ਤੈਅ ਕਰਨਾ ਮਿੱਥਿਆ ਹੋਇਆ ਸੀ। ਸਵੈ-ਅਧਿਐਨ, ਆਪਣੇ ਪਿਤਾ ਦੇ ਕੰਪਿਊਟਰ ’ਤੇ ਪ੍ਰਯੋਗ ਕਰਦੇ ਹੋਏ ਅਤੇ ਯੂ-ਟਿਊਬ ’ਤੇ ਵੀਡੀਓਜ਼ ਦੇਖਣ ਨਾਲ, ਉਸ ਨੇ ਸਮਝਿਆ ਅਤੇ ਜਾਣਿਆ ਕਿ ਜਦੋਂ ਵੀ ਕਿਸੇ ਦੀ ਸਾਈਬਰ ਸੁਰੱਖਿਆ ਦੀ ਉਲੰਘਣਾ ਹੁੰਦੀ ਹੈ, ਤਾਂ ਉਸ ਨੂੰ ਸਮਝ ਕੇ ਹੱਲ ਕਰਨ ਵਾਲੇ ਵਿਅਕਤੀ ਵਜੋਂ ਆਪਣੇ ਲਈ ਇੱਕ ਨਾਂਅ ਅਤੇ ਮੁਕਾਮ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ। ਇਸੇ ਲਈ ਸੱਤਵੀਂ ਜਮਾਤ ਤੋਂ ਬਾਅਦ, ਉਸ ਨੇ ਡਿਸਟੈਂਸ ਪ੍ਰਣਾਲੀ ਦੁਆਰਾ ਆਪਣੀ ਸਕੂਲੀ ਪੜਾਈ ਪੂਰੀ ਕੀਤੀ ਅਤੇ ਸਾਈਬਰ ਸੁਰੱਖਿਆ ਦੇ ਇਸੇ ਖੇਤਰ ਵਿੱਚ ਅੱਗੇ ਵਧਦੇ ਹੋਏ ਉਸ ਨੇ ਆਪਣਾ ਕਾਰਪੋਰੇਟ ਦਫਤਰ ਸਥਾਪਤ ਕੀਤਾ। ਅੱਗੇ ਜਾ ਕੇ ਤਿ੍ਰਸ਼ਨੀਤ ਨੇ ਦੁਬਈ ਅਤੇ ਯੂ. ਕੇ. ਵਿੱਚ ਵਰਚੁਅਲ ਦਫਤਰ ਸਥਾਪਤ ਕੀਤੇ, ਜਿੱਥੋਂ ਉਸ ਦੇ ਲਗਭਗ 40% ਗਾਹਕ ਸੇਵਾਵਾਂ ਪ੍ਰਾਪਤ ਕਰਨ ਲੱਗੇ।

ਉਹ ਇੱਕ ਪਹਿਲੀ ਪੀੜੀ ਦਾ ਉੱਦਮੀ ਹੈ ਅਤੇ ਟੀ.ਏ.ਸੀ ਸਿਕਿਓਰੀਟੀ ਦੀ ਸਥਾਪਨਾ ਕਰਨ ਪਿੱਛੇ ਉਸ ਦਾ ਟੀਚਾ ਸੀ ਇੱਕ ਸਾਈਬਰ ਸੁਰੱਖਿਆ ਕੰਪਨੀ ਖੜੀ ਕਰਨੀ ਜੋ ਕਾਰਪੋਰੇਸ਼ਨਾਂ ਨੂੰ ਨੈੱਟਵਰਕ ਦੀਆਂ ਕਮਜ਼ੋਰੀਆਂ ਅਤੇ ਡਾਟਾ ਚੋਰੀ ਤੋਂ ਭਰੋਸੇਮੰਦ ਸੁਰੱਖਿਆ ਪ੍ਰਦਾਨ ਕਰ ਸਕੇ। ਉਸ ਦੇ ਪ੍ਰਮੁੱਖ ਗਾਹਕਾਂ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਸੀਬੀਆਈ, ਪੰਜਾਬ ਪੁਲਿਸ ਅਤੇ ਗੁਜਰਾਤ ਪੁਲਿਸ ਵੀ ਸ਼ਾਮਲ ਨਜ਼ਰ ਆਏ ਅਤੇ ਨਾਲ ਦੀ ਨਾਲ ਕਈ ਹੋਰ ਵੱਡੀਆਂ ਕੰਪਨੀਆਂ ਵੀ ਉਸ ਦੇ ਨਾਲ ਜੁੜੀਆਂ। ਟੀ.ਏ.ਸੀ ਸਿਕਿਓਰੀਟੀ, ਸਾਈਬਰ ਸੁਰੱਖਿਆ ਹੱਲਾਂ ਵਿੱਚ ਇੱਕ ਗਲੋਬਲ ਲੀਡਰ ਬਣੀ ਅਤੇ ਇਸੇ ਦਾ ਸਿੱਟਾ ਸੀ ਕਿ ਤਿ੍ਰਸ਼ਨੀਤ ਅਰੋੜਾ ਨੂੰ ਵੱਕਾਰੀ ‘ਹੁਰੂਨ ਇੰਡੀਆ ਰਿਚ ਲਿਸਟ 2024’ ਵਿੱਚ ਸਭ ਤੋਂ ਘੱਟ ਉਮਰ ਦੇ ਪੰਜਾਬੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਹ ਮਾਨਤਾ ਨਾ ਸਿਰਫ਼ ਉਸ ਦੀ ਪ੍ਰਭਾਵਸ਼ਾਲੀ ਕਾਰਜਪ੍ਰਣਾਲੀ ਨੂੰ ਦਰਸਾਉਂਦੀ ਹੈ ਬਲਕਿ ਉਸ ਦੀ ਸਫਲਤਾ ਉੱਤੇ ਵੀ ਤਕੜੀ ਮੋਹਰ ਲਾਉਂਦੀ ਹੈ ਅਤੇ ਠੀਕ ਇਸੇ ਤਰ੍ਹਾਂ, ਵਿਸ਼ਵ ਭਰ ਵਿੱਚ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਉਸ ਦੇ ਸ਼ਾਨਦਾਰ ਮਹੱਤਵਪੂਰਨ ਪ੍ਰਭਾਵ ਨੂੰ ਵੀ ਉਜਾਗਰ ਕਰਦੀ ਹੈ। ਤਿ੍ਰਸ਼ਨੀਤ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਹੈ, ਜਿਸ ਨੂੰ ਸੇਂਟ ਗੈਲੇਨ ਸਿੰਪੋਜ਼ੀਅਮ ਦੁਆਰਾ ਚੋਟੀ ਦੇ 200 ‘ਗਲੋਬਲ ਲੀਡਰਜ਼ ਆਫ਼ ਟੂਮਾਰੋ’ ਵਿੱਚ ਸੂਚੀਬੱਧ ਕੀਤਾ ਗਿਆ ਅਤੇ ਸਾਲ 2018 ਵਿੱਚ ਫੋਰਬਸ-30 ਅੰਡਰ-30 ਏਸ਼ੀਆ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉਸ ਦੇ ਨਾਂਅ ਦੇ ਨਾਲ ਇੱਕ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਓਦੋਂ ਵੀ ਜੁੜੀ ਜਦੋਂ 2017 ਵਿੱਚ ਅਮਰੀਕਾ ਦੇ ਨਿਊ ਮੈਕਸੀਕ ਸੂਬੇ ਦੇ ਸੈਂਟਾ ਫੇ ਦੇ ਮਰਹੂਮ ਮੇਅਰ ਜੇਵੀਅਰ ਗੋਂਜ਼ਾਲੇਸ ਨੇ 25 ਅਗਸਤ ਨੂੰ ‘ਤਿ੍ਰਸ਼ਨੀਤ ਅਰੋੜਾ ਦਿਵਸ’ ਵਜੋਂ ਐਲਾਨਿਆ ਸੀ।

ਨਵੰਬਰ 2022 ਵਿੱਚ, ਤਿ੍ਰਸ਼ਨੀਤ ਨੂੰ ਨਿਊ ਮੈਕਸੀਕੋ ਵਿੱਚ ਨੌਜਵਾਨ ਕਾਰੋਬਾਰੀ ਨੇਤਾਵਾਂ ਦੇ ਇੱਕ ਇਕੱਠ ਵਿੱਚ ਸਾਈਬਰ ਸੁਰੱਖਿਆ ਬਾਰੇ ਚਰਚਾ ਕਰਨ ਲਈ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਬਾਕਾਇਦਾ ਸੱਦਾ ਵੀ ਦਿੱਤਾ ਸੀ। ਇਸ ਮੰਚ ਉੱਤੇ ਉਸ ਦਾ ਸ਼ਾਮਲ ਹੋਣਾ ਉਸ ਦੇ ਕਾਰੋਬਾਰੀ ਉੱਦਮਾਂ ਦੀ ਸਫਲਤਾ ਅਤੇ ਪੈਮਾਨੇ ਦਾ ਇੱਕ ਹੋਰ ਪ੍ਰਮਾਣ ਬਣਿਆ। ਇਸ ਸੂਚੀ ਵਿੱਚ ਤਿ੍ਰਸ਼ਨੀਤ ਦੀ ਮੌਜੂਦਗੀ ਸਿਰਫ਼ ਉਸ ਦੌਲਤ ਕਰਕੇ ਹੀ ਨਹੀਂ ਹੈ ਜੋ ਉਸ ਨੇ ਨਿਰੰਤਰ ਮਿਹਨਤ ਸਦਕਾ ਕਮਾਈ ਹੈ, ਸਗੋਂ ਉੱਦਮਤਾ ਵਿੱਚ ਵੀ ਉਸ ਦੀ ਉੱਤਮਤਾ ਨੂੰ ਦਰਸਾਉਂਦੀ ਹੈ। ਇਹ ਮਾਨਤਾ ਇੱਕ ਕਾਰੋਬਾਰ ਨੂੰ ਇਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਉਦਯੋਗ ਵਿੱਚ ਇੱਕ ਪ੍ਰਮੁੱਖ ਖਿਡਾਰੀ ਤੱਕ ਅੱਪੜਨ ਤੱਕ ਦੀ ਉਸ ਦੀ ਯੋਗਤਾ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ। ਇਸੇ ਤਰਾਂ, ‘ਹੁਰੁਨ ਇੰਡੀਆ ਰਿਚ ਲਿਸਟ’ ਵਿੱਚ ਆਉਣ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਸਿਰਫ਼ ਇਹ ਵੀ ਵਿਅਕਤੀਗਤ ਦੌਲਤ ਬਾਰੇ ਨਹੀਂ ਹੈ; ਇਹ ਪਹਿਲੂ ਵਿਅਕਤੀ ਦੀ ਸ਼ਖਸੀਅਤ ਨੂੰ ਵੀ ਉਜਾਗਰ ਕਰਦਾ ਹੈ ਜਿਸ ਨੇ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਸੂਚੀ ਵਿੱਚ ਸਭ ਤੋਂ ਘੱਟ ਉਮਰ ਦੇ ਪੰਜਾਬੀ ਵਜੋਂ, ਤਿ੍ਰਸ਼ਨੀਤ ਉੱਦਮੀਆਂ ਦੀ ਇੱਕ ਜੀਵੰਤ ਪੀੜੀ ਦੀ ਨੁਮਾਇੰਦਗੀ ਕਰਦਾ ਹੈ ਜੋ ਨਾ ਸਿਰਫ਼ ਆਪਣੇ ਉਦਯੋਗਾਂ ਨੂੰ ਅੱਗੇ ਵਧਾ ਰਹੇ ਹਨ ਬਲਕਿ ਭਾਰਤ ਦੇ ਸੱਭਿਆਚਾਰਕ ਅਤੇ ਆਰਥਿਕ ਬਿਰਤਾਂਤ ਵਿੱਚ ਵੀ ਯੋਗਦਾਨ ਪਾ ਰਹੇ ਹਨ। ਉਸ ਦੀ ਕਹਾਣੀ ਖਾਸ ਤੌਰ ’ਤੇ ਇਹ ਦਰਸਾਉਂਦੀ ਹੈ ਕਿ ਸਖ਼ਤ ਮਿਹਨਤ ਅਤੇ ਲਗਨ ਦੇ ਨਾਲ ਜੁਆਨੀ ਦੀ ਦਿ੍ਸ਼ਟੀ ਨੂੰ ਠੋਸ ਨਤੀਜੇ ਮਿਲ ਸਕਦੇ ਹਨ। ਤਿ੍ਰਸ਼ਨੀਤ ਅਤੇ ਉਸ ਦੇ ਸਾਥੀਆਂ ਲਈ, ਅਜਿਹੀਆਂ ਮਾਨਤਾਵਾਂ ਕੇਵਲ ਪ੍ਰਸ਼ੰਸਾ ਹੀ ਨਹੀਂ ਹਨ, ਸਗੋਂ ਸਬੰਧਤ ਖੇਤਰਾਂ ਵਿੱਚ ਹੱਦਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਦੇ ਸਰੋਤ ਵੀ ਹਨ।

ਅਨਸ ਰਹਿਮਾਨ ਜੁਨੈਦ ਅਤੇ ਰੂਪਰਟ ਹੂਗੇਵਰਫ ਦੀ ਅਗਵਾਈ ਵਿੱਚ 2012 ਵਿੱਚ ਸ਼ੁਰੂ ਕੀਤੀ ਗਈ ਹੁਰੁਨ ਇੰਡੀਆ ਰਿਚ ਲਿਸਟ 2024 ਬਾਰੇ ਗੱਲ ਹੋਵੇ ਤਾਂ ‘ਹੁਰੁਨ ਇੰਡੀਆ’ ਭਾਰਤ ਦਾ ਉੱਦਮੀਆਂ ਦੇ ਮੁਲਾਂਕਣ ਸਬੰਧੀ ਇੱਕ ਵੱਡਾ ਪੈਮਾਨਾ ਮੰਨਿਆ ਜਾਂਦਾ ਹੈ। ‘ਹੁਰੁਨ ਇੰਡੀਆ ਰਿਚ ਲਿਸਟ’ ਨਵੀਨਤਾ ਅਤੇ ਉੱਤਮਤਾ ਦੇ ਮਾਧਿਅਮ ਨਾਲ ਮੁੱਲ ਸਿਰਜਣਾ, ਆਰਥਿਕ ਵਿਕਾਸ ਅਤੇ ਖੁਸ਼ਹਾਲ ਭਵਿੱਖ ਨੂੰ ਉਤਸ਼ਾਹਿਤ ਕਰਦੀ ਹੈ। ਇਹ ‘ਵੈਲਥ ਕਿ੍ਰਏਸ਼ਨ’ ’ਤੇ ਵੀ ਜ਼ੋਰ ਦਿੰਦਾ ਹੈ, ਉਨਾਂ ਕੰਪਨੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਭਾਰਤ ਦੇ ਅਗਲੇ 10-15 ਸਾਲਾਂ ਲਈ ਜ਼ਰੂਰੀ ਗਿਆਨ, ਮੌਕਿਆਂ ਅਤੇ ਅਮੀਰੀ ਦਾ ਭੰਡਾਰ ਪੈਦਾ ਕਰਦੀਆਂ ਹਨ। ਇਸ ਤੋਂ ਇਲਾਵਾ, ਹੁਰੁਨ ਇੰਡੀਆ ਸੰਤੁਲਿਤ ਈਕੋਸਿਸਟਮ ਦੇ ਵਿਕਾਸ ਅਤੇ ਭਾਰਤ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਲਈ ਆਪਣੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਸਟਾਰਟ-ਅੱਪ, ਪਰਉਪਕਾਰੀ ਅਤੇ ਸੱਭਿਆਚਾਰ ਦਾ ਸਮੱਰਥਨ ਕਰਦਾ ਹੈ। ਤਿ੍ਰਸ਼ਨੀਤ ਅਰੋੜਾ ਅਤੇ ਟੀ.ਏ.ਸੀ ਸਿਕਿਓਰੀਟੀ ਦਾ ਇਸ ਸੰਸਥਾ ਵੱਲੋਂ ਏਸ ਪੱਧਰ ਉੱਤੇ ਜ਼ਿਕਰ ਕਰਨਾ ਇਸੇ ਕਰਕੇ ਕਾਫੀ ਮਾਇਨੇ ਰੱਖਦਾ ਹੈ।

ਏਨੀਆਂ ਪ੍ਰਾਪਤੀਆਂ ਅਤੇ ਮਾਣ-ਸਨਮਾਨ ਦੇ ਬਾਵਜੂਦ ਤਿ੍ਰਸ਼ਨੀਤ ਅਰੋੜਾ ਹੌਲੀ ਨਹੀਂ ਹੋਇਆ ਸਗੋਂ ਭਵਿੱਖ ਸਬੰਧੀ ਟੀਚਿਆਂ ਉੱਤੇ ਹੁਣ ਵੀ ਪਹਿਲੇ ਦਿਨ ਵਾਂਗ ਲਗਾਤਾਰ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਅਰੋੜਾ ਨੇ ਅਗਲੇ ਤਿੰਨ ਤੋਂ ਪੰਜ ਸਾਲਾਂ ਦੇ ਅੰਦਰ ਭਾਰਤ ਵਿੱਚ ਸਾਇਬਰ ਰਿਸਕ ਪ੍ਰਬੰਧਨ ਖੇਤਰ ਵਿੱਚ ਟੀ.ਏ.ਸੀ ਸਿਕਿਓਰੀਟੀ ਨੂੰ ਪ੍ਰਮੁੱਖ ਆਗੂ ਬਣਾਉਣ ਦੀ ਕਲਪਨਾ ਕੀਤੀ ਹੈ। ਉਸ ਮੁਤਾਬਕ, ਟੀ.ਏ.ਸੀ ਸਿਕਿਓਰੀਟੀ ਇੱਕ ਅਜਿਹੀ ਕੰਪਨੀ ਬਣਨ ਦਾ ਟੀਚਾ ਰੱਖ ਰਹੀ ਹੈ ਜੋ ਸਾਈਬਰ ਸੁਰੱਖਿਆ ਸਪੇਸ ਵਿੱਚ ਖਪਤਕਾਰਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੀ ਹੈ। ਸਪੱਸ਼ਟ ਲਫਜ਼ਾਂ ਵਿੱਚ ਕਹੀਏ ਤਾਂ ਉਹ ਟੀ.ਏ.ਸੀ ਸਿਕਿਓਰੀਟੀ ਨੂੰ ਸਾਈਬਰ ਸੁਰੱਖਿਆ ਖੇਤਰ ਦਾ ਗੂਗਲ ਬਣਾਉਣ ਦਾ ਚਾਹਵਾਨ ਹੈ ਜਿੱਥੇ ਸਾਈਬਰ ਸੁਰੱਖਿਆ ਲਈ ਜੋ ਵੀ ਚਾਹੀਦਾ ਹੋਵੇ, ਉਹ ਟੀ.ਏ.ਸੀ ਸਿਕਿਓਰੀਟੀ ਕੋਲ ਹੋਵੇਗਾ। ਵਰਤਮਾਨ ਸਮੇਂ ਇਹ ਬਾਜ਼ਾਰ ਦੁਨੀਆਂ ਭਰ ਵਿੱਚ 11 ਬਿਲੀਅਨ ਡਾਲਰ ਮੁੱਲ ਦਾ ਅਧਾਰ ਰੱਖਦਾ ਹੈ ਅਤੇ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ, ਤਿ੍ਰਸ਼ਨੀਤ ਇਸ ਵਿੱਚੋਂ 5 ਪ੍ਰਤੀਸ਼ਤ ਨੂੰ ਹਾਸਲ ਕਰਨ ਦੀ ਯੋਜਨਾ ਉੱਤੇ ਕੰਮ ਕਰ ਰਿਹਾ ਹੈ। ਉਤਪਾਦਾਂ ਦੇ ਦਿ੍ਰਸ਼ਟੀਕੋਣ ਤੋਂ, ਅਰੋੜਾ ਨੇ ਮਸ਼ੀਨ ਸਿਖਲਾਈ ਦੀ ਵਰਤੋਂ ਕਰਕੇ ਕੰਮ ਕਰਨ ਅਤੇ ਇੱਕ ਸਾਲ ਦੇ ਅੰਦਰ ਮਨੁੱਖੀ ਸੁਰੱਖਿਆ ਖੇਤਰ ਵਿੱਚ ਉਤਪਾਦ ਦੇ ਨਾਲ ਆਉਣ ਦੀਆਂ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਹੋਇਆ ਹੈ।

ਉਸ ਸਮੇਂ ਜਦੋਂ ਲੋਕ ਸਾਈਬਰ ਹਮਲਿਆਂ ਲਈ ਚਿੰਤਤ ਨਜ਼ਰ ਆਉਂਦੇ ਹਨ ਉਸ ਸਮੇਂ ਤਿ੍ਰਸ਼ਨੀਤ ਇਸ ਨਾਲ ਨਜਿੱਠਣ ਲਈ ਮਜ਼ਬੂਤ ਹੱਲ ਲੈ ਕੇ ਆਉਣ ਲਈ ਯਤਨਸ਼ੀਲ ਹੈ। ਇਸ ਤੋਂ ਇਲਾਵਾ, ਟੀ.ਏ.ਸੀ ਸਿਕਿਓਰੀਟੀ ਭੂਗੋਲਿਕ ਵਿਸਤਾਰ ’ਤੇ ਵੀ ਨਜ਼ਰ ਰੱਖ ਰਹੀ ਹੈ। ਕੰਪਨੀ ਨੇ 2019 ਵਿੱਚ ਅਮਰੀਕੀ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਓਦੋਂ ਤੋਂ ਇਸ ਦਾ ਦਾਇਰਾ ਵਧਿਆ ਹੀ ਹੈ। ਟੀ.ਏ.ਸੀ ਸਿਕਿਓਰੀਟੀ ਕੰਪਨੀ ਅਫਰੀਕਾ ਮਹਾਂਦੀਪ ਵਿੱਚ ਆਪਣੇ ਸੰਚਾਲਨ ਦਾ ਵਿਸਤਾਰ ਕਰਨ ਦੀ ਵੀ ਯਤਨਸ਼ੀਲ ਹੈ।

ਇੱਕ ਗੱਲ ਸਪੱਸ਼ਟਤਾ ਨਾਲ ਕਹੀ ਜਾ ਸਕਦੀ ਹੈ ਕਿ ਇਸ ਸਮੇਂ ਵੀ ਤਿ੍ਰਸ਼ਨੀਤ ਕਿਸੇ ਨਾ ਕਿਸੇ ਸੋਚ ਅਤੇ ਸਾਰਥਕ ਵਿਚਾਰ ਉੱਤੇ ਕੰਮ ਜ਼ਰੂਰ ਕਰ ਰਿਹਾ ਹੋਵੇਗਾ ਜਿਸ ਨਾਲ ਸਿਰਫ ਭਾਰਤ ਹੀ ਨਹੀਂ ਦੁਨੀਆਂ ਭਰ ਦੇ ਵਰਤੋਂਕਾਰਾਂ ਨੂੰ ਲਾਹਾ ਹੋ ਸਕੇ।

Read News Paper

Related articles

spot_img

Recent articles

spot_img