ਸੁਨਾਮ/ਪੰਜਾਬ ਪੋਸਟ
ਪੰਜਾਬ ਅੰਦਰ ਅੱਜ ਇੱਕ ਬਹੁਤ ਹੀ ਦੁਖਦਾਈ ਹਾਦਸਾ ਵਾਪਰਿਆ ਜਦੋਂ ਸੁਨਾਮ-ਪਟਿਆਲਾ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਵਿਖੇ ਚਾਰ ਮਨਰੇਗਾ ਮਜ਼ਦੂਰਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜੋ ਇਸ ਸੜਕ ਉੱਤੇ ਮਨਰੇਗਾ ਤਹਿਤ ਮਜ਼ਦੂਰੀ ਦਾ ਕੰਮ ਕਰ ਰਹੇ ਸਨ। ਹਾਦਸਾ ਅੱਜ ਬਾਅਦ ਦੁਪਹਿਰ ਉਸ ਵੇਲੇ ਵਾਪਰਿਆ ਜਦੋਂ ਇਹ ਚਾਰੋਂ ਮਨਰੇਗਾ ਕਾਮੇ ਆਪਣੇ ਹੋਰਨਾਂ ਸਾਥੀਆਂ ਨਾਲ ਸੜਕ ਉੱਤੇ ਕੰਮ ਕਰਨ ਤੋਂ ਬਾਅਦ ਦੁਪਹਿਰ ਦੀ ਰੋਟੀ ਖਾ ਰਹੇ ਸਨ। ਇਨ੍ਹਾਂ ਮਨਰੇਗਾ ਕਾਮਿਆਂ ਨੂੰ ਮਹਿਲਾਂ ਚੌਕ ਵਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਚਾਰ ਕਾਮਿਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਜਰਨੈਲ ਸਿੰਘ ਉਰਫ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਵਜੋਂ ਹੋਈ ਹੈ। ਇਸ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਕੱਠੇ ਹੋਏ ਮਜ਼ਦੂਰਾਂ ਨੇ ਰੋਸ ਵਜੋਂ ਸੁਨਾਮ-ਪਟਿਆਲਾ ਮੁੱਖ ਮਾਰਗ ਨੂੰ ਮੁਕੰਮਲ ਬੰਦ ਕਰ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਦਸੇ ਦਾ ਪਤਾ ਲੱਗਦਿਆਂ ਹੀ ਸੁਨਾਮ ਪੁਲੀਸ ਵੀ ਮੌਕੇ ਉੱਤੇ ਪੁੱਜ ਚੁੱਕੀ ਸੀ ਅਤੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ।