ਹਮਲਾਵਰ ਨੇ ਰੈਲੀ ਵਾਲੀ ਸਟੇਜ ਦੀ ਨੇੜਲੀ ਬਿਲਡਿੰਗ ਦੀ ਛੱਤ ਤੋਂ ਦਿੱਤਾ ਵਾਰਦਾਤ ਨੂੰ ਅੰਜਾਮ
ਪੈਨਸਿਲਵੇਨੀਆ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਬਟਲਰ, ਪੈਨਸਿਲਵੇਨੀਆ ਦੀ ਰੈਲੀ ਵਿੱਚ ਜਾਨਲੇਵਾ ਹਮਲਾ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਡੋਨਾਲਡ ਟਰੰਪ ਇਸ ਘਟਨਾ ਵਿੱਚ ਬਚ ਗਏ ਹਨ ਅਤੇ ਉਨ੍ਹਾਂ ਨੇ ਆਪਣੀ ‘ਟਰੂਥ ਸੋਸ਼ਲ ਐਪ’ ’ਤੇ ਲਿਖਿਆ ਕਿ ਉਨ੍ਹਾਂ ਦੀ ਚੋਣ ਰੈਲੀ ’ਚ ਕਥਿਤ ਤੌਰ ਉੱਤੇ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਸੱਜੇ ਕੰਨ ’ਚ ਗੋਲੀ ਵੱਜੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੋਲੀ ਲੱਗਣ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟਾਂ ਵੱਲੋਂ ਸੰਭਾਲਦੇ ਹੋਏ ਦੇਖਿਆ ਗਿਆ।
ਜ਼ਖਮੀ ਹੋਣ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟਾਂ ਵੱਲੋਂ ਉਨ੍ਹਾਂ ਨੂੰ ਘੇਰੇ ਵਿੱਚ ਲੈ ਕੇ ਰੈਲੀ ਵਾਲੀ ਜਗ੍ਹਾ ਤੋਂ ਸੁਰੱਖਿਅਤ ਕੱਢ ਲਿਆ ਗਿਆ। ਸਟੇਜ ਤੋਂ ਉੱਤਰਦਿਆਂ ਹੋਇਆਂ ਸਾਬਕਾ ਰਾਸ਼ਟਰਪਤੀ ਟਰੰਪ ਲੋਕਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਨੂੰ ‘ਫਾਈਟ ਫਾਈਟ ਫਾਈਟ’ ਕਹਿੰਦੇ ਹੋਏ ਵੀ ਸੁਣੇ ਗਏ।
ਦੇਰ ਰਾਤ ਐੱਫ. ਬੀ. ਆਈ. ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਵਲੋਂ ਸਾਂਝੇ ਤੌਰ ਤੇ ਕੀਤੀ ਗਈ ਪ੍ਰੈੱਸ ਬ੍ਰੀਫਿੰਗ ਤੋਂ ਮਗਰੋਂ ਸਾਡੀ ਜਾਣਕਾਰੀ ਮੁਤਾਬਕ ਹਮਲਾਵਰ ਦੀ ਪਛਾਣ ਬੇਥਲ ਪਾਰਕ ਪੈਨਸਿਲਵੇਨੀਆ ਦੇ ਰਹਿਣ ਵਾਲੇ 20 ਸਾਲਾ ਥਾਮਸ ਮੈਥਿਉ ਕਰੁਕਸ ਵਜੋਂ ਹੋਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਉੱਪਰ ਹਮਲੇ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਮਰੀਕਾ ਦੇ 18 ਸਿਟਿੰਗ ਰਾਸ਼ਟਰਪਤੀਆਂ ਉੱਪਰ ਜਾਨਲੇਵਾ ਹਮਲੇ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਜਿਨ੍ਹਾਂ ਵਿੱਚੋਂ ਇਬਰਾਹੀਮ ਲਿੰਕਨ (1865), ਜਾਹਨ ਐੱਫ ਕਨੇਡੀ (1963) ਸਣੇ ਚਾਰ ਰਾਸ਼ਟਰਪਤੀ ਇਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਸਨ।
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਹੋਏ ਤਾਜ਼ਾ ਜਾਨਲੇਵਾ ਹਮਲੇ ਨਾਲ ਅਮਰੀਕਾ ਦੀ ਸਿਆਸਤ ਬੇਹੱਦ ਗਰਮਾ ਗਈ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਦੀ ਰੈਲੀ ਵਿੱਚ ਹੋਈ ਵੱਡੀ ਸੁਰੱਖਿਆ ਕੁਤਾਹੀ ਕਾਰਨ ਫੈਡਰਲ ਸੁਰੱਖਿਆ ਏਜੰਸੀਆਂ ਉੱਪਰ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਕਿਉਂਕਿ ਹਮਲਾਵਰ ਵੱਲੋਂ ਇਸ ਘਟਨਾ ਨੂੰ ਰੈਲੀ ਵਾਲੀ ਸਟੇਜ ਦੀ ਨੇੜਲੀ ਇੱਕ ਬਿਲਡਿੰਗ ਦੀ ਛੱਤ ਤੋਂ ਅੰਜਾਮ ਦਿੱਤਾ ਗਿਆ।
ਅਮਰੀਕਾ ਦੇ ਰਾਸ਼ਟਰਪਤੀ ਦੀਆਂ 5 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਕਾਰਨ ਅਜੇ ਇਹ ਮਾਮਲਾ ਹੋਰ ਗਰਮਾਉਣ ਦੇ ਆਸਾਰ ਬਣੇ ਹੋਏ ਹਨ।