ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਆਹਮੋ-ਸਾਹਮਣੇ ਮੁਲਾਕਾਤ ਨੂੰ ‘ਵੱਡੀ ਸਫਲਤਾ’ ਦੱਸਿਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਚੀਨ ’ਤੇ ਟੈਰਿਫ ਘਟਾ ਰਹੇ ਹਨ, ਜੜਕਿ ਬੀਜਿੰਗ ਦੁਰਲੱਭ ਧਰਤੀ ਦੀਆਂ ਧਾਤਾਂ ਦੇ ਨਿਰਯਾਤ ਦੀ ਆਗਿਆ ਦੇਣ ਅਤੇ ਅਮਰੀਕਾ ਤੋਂ ਸੋਇਆਬੀਨ ਖਰੀਦਣ ’ਤੇ ਸਹਿਮਤ ਹੋਇਆ ਹੈ। ਇਹ ਮੀਟਿੰਗ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਹੋਈ, ਜੋ ਕਿ ਗਯੋਂਗਜੂ ਤੋਂ ਦੱਖਣ ਵਿੱਚ ਸਥਿਤ ਹੈ। ਇਸ ਉਪਰੰਤ ਰਾਸ਼ਟਰਪਤੀ ਟਰੰਪ ਨੇ ਏਅਰ ਫੋਰਸ ਵੰਨ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਇਸ ਸਾਲ ਦੇ ਸ਼ੁਰੂ ਵਿੱਚ ਚੀਨ ’ਤੇ ਲਗਾਏ ਗਏ 20 ਪ੍ਰਤੀਸ਼ਤ ਦੰਡਕਾਰੀ ਟੈਰਿਫ ਨੂੰ ਘਟਾ ਕੇ 10 ਪ੍ਰਤੀਸ਼ਤ ਕਰ ਦੇਵੇਗਾ। ਇਹ ਟੈਰਿਫ ਫੈਂਟਾਨਿਲ ਬਣਾਉਣ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਿਕਰੀ ’ਤੇ ਲਗਾਏ ਗਏ ਸਨ। ਇਸ ਨਾਲ ਚੀਨ ’ਤੇ ਕੁੱਲ ਸੰਯੁਕਤ ਟੈਰਿਫ ਦਰ 57 ਪ੍ਰਤੀਸ਼ਤ ਤੋਂ ਘਟਾ ਕੇ 47 ਪ੍ਰਤੀਸ਼ਤ ਹੋ ਜਾਵੇਗੀ। ਟਰੰਪ ਨੇ ਉਤਸ਼ਾਹਿਤ ਲਹਿਜ਼ੇ ‘ਚ ਇਹ ਕਿਹਾ, ‘ਜੇ ਮੈਂ ਇਸ ਮੀਟਿੰਗ ਨੂੰ ਜ਼ੀਰੋ ਤੋਂ 10 ਦੇ ਪੈਮਾਨੇ ’ਤੇ ਦਰਜਾ ਦਿੰਦਾ ਹਾਂ, ਤਾਂ ਮੈਂ ਇਸ ਨੂੰ 10 ਦਿਆਂਗਾ, ਪਰ ਮੈਂ ਇਸ ਨੂੰ 12 ਦਾ ਅੰਕੜਾ ਦਿਆਂਗਾ’।
ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਪ੍ਰੈਲ ਵਿੱਚ ਚੀਨ ਦਾ ਦੌਰਾ ਕਰਨਗੇ ਅਤੇ ਸ਼ੀ ਜਿਨਪਿੰਗ ‘ਇਸ ਤੋਂ ਥੋੜੀ ਦੇਰ ਬਾਅਦ’ ਅਮਰੀਕਾ ਦਾ ਦੌਰਾ ਕਰਨਗੇ। ਉਨਾਂ ਕਿਹਾ ਕਿ ਦੋਵਾਂ ਨੇਤਾਵਾਂ ਨੇ ਉੱਨਤ ਕੰਪਿਊਟਰ ਚਿਪਸ ਦੇ ਨਿਰਯਾਤ ’ਤੇ ਵੀ ਚਰਚਾ ਕੀਤੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਚੀਨ ਨਾਲ ‘ਜਲਦੀ’ ਇੱਕ ਵਪਾਰ ਸਮਝੌਤੇ ’ਤੇ ਦਸਤਖਤ ਕਰ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਸਾਡੇ ਵਿਚਕਾਰ ਹੁਣ ਵੱਡੀਆਂ ਰੁਕਾਵਟਾਂ ਬਹੁਤ ਘੱਟ ਬਚੀਆਂ ਹਨ’। ਦੱਖਣੀ ਕੋਰੀਆ ਵਿੱਚ 100 ਮਿੰਟ ਦੀ ਮੁਲਾਕਾਤ ਤੋਂ ਬਾਅਦ ਟਰੰਪ ਆਸ਼ਾਵਾਦੀ ਜਾਪਦੇ ਨਜ਼ਰ ਆਏ ਹਨ, ਪਰ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਕਈ ਹੋਰ ਮੁੱਦਿਆਂ ‘ਤੇ ਤਣਾਅ ਦੀ ਸੰਭਾਵਨਾ ਹੁਣ ਵੀ ਬਣੀ ਹੋਈ ਹੈ।
ਦੋਵੇਂ ਦੇਸ਼ ਉਦਯੋਗ ਵਿੱਚ ਪ੍ਰਭਾਵ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਵਿਕਾਸ ਅਤੇ ਯੂਕਰੇਨ ਸੰਘਰਸ਼ ਵਰਗੇ ਵਿਸ਼ਵਵਿਆਪੀ ਮੁੱਦਿਆਂ ਲਈ ਮੁਕਾਬਲਾ ਕਰ ਰਹੇ ਹਨ। ਦੂਜੇ ਕਾਰਜਕਾਲ ਲਈ ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ, ਟਰੰਪ ਨੇ ਹਮਲਾਵਰ ਢੰਗ ਨਾਲ ਟੈਰਿਫ ਲਗਾਏ ਹਨ ਅਤੇ ਜਵਾਬ ਵਿੱਚ, ਚੀਨ ਨੇ ਦੁਰਲੱਭ ਧਰਤੀ ਦੇ ਤੱਤਾਂ ਦੇ ਨਿਰਯਾਤ ’ਤੇ ਪਾਬੰਦੀਆਂ ਲਗਾਈਆਂ ਹਨ, ਜਿਸ ਨਾਲ ਇਸ ਮੀਟਿੰਗ ਦੀ ਜ਼ਰੂਰਤ ਪਈ। ਦੋਵਾਂ ਦੇਸ਼ਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਕੋਈ ਵੀ ਪੱਖ ਵਿਸ਼ਵ ਅਰਥਵਿਵਸਥਾ ਨੂੰ ਅਸਥਿਰ ਕਰਨ ਦਾ ਜ਼ੋਖਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਉਨਾਂ ਦੇ ਆਪਣੇ ਆਰਥਿਕ ਹਿੱਤਾਂ ਨੂੰ ਪ੍ਰਭਾਵਤ ਕਰੇਗਾ।
ਇਸ ਮੁਲਾਕਾਤ ਤੋਂ ਪਹਿਲਾਂ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਹਫ਼ਤੇ ਦੇ ਸ਼ੁਰੂ ਵਿੱਚ ਮੀਟਿੰਗ ਦੀ ਰੂਪ-ਰੇਖਾ ਤਿਆਰ ਕਰਨ ਲਈ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਠੀਕ ਪਹਿਲਾਂ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ’ਤੇ ਲਿਖਿਆ ਕਿ ਇਹ ਮੀਟਿੰਗ ‘ਜੀ-2’ ਹੋਵੇਗੀ। ਉਹ ਅਮਰੀਕਾ ਅਤੇ ਚੀਨ ਨੂੰ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਜੋਂ ਦਰਸਾ ਰਹੇ ਸਨ, ਜਿਵੇਂ ਕਿ ਉਦਯੋਗਿਕ ਦੇਸ਼ਾਂ ਦੇ ਜੀ-7 ਅਤੇ ਜੀ-20 ਸਮੂਹ ਵਿਚਰਦੇ ਹਨ।
ਸ਼ੀ ਜਿਨਪਿੰਗ ਨਾਲ ਮੁਲਾਕਾਤ ਉਪਰੰਤ ਟਰੰਪ ਨੇ ਚੀਨ ‘ਤੇ ਟੈਰਿਫ 10% ਘਟਾਇਆ
Published:






