ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਅਦਾਲਤ ਨੇ ਗੰਭੀਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਹੰਟਰ ਬਾਇਡਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਖਰੀਦਣ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਹੰਟਰ ਬਾਇਡਨ ਖਿਲਾਫ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਬੰਦੂਕ ਰੱਖਣ ਦੇ ਤਿੰਨ ਮਾਮਲਿਆਂ ’ਚ ਸੁਣਵਾਈ ਚੱਲ ਰਹੀ ਸੀ। ਹੰਟਰ ਨੇ ਜਿਊਰੀ ਦੇ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੇ ਵਿਲਮਿੰਗਟਨ, ਡੇਲਾਵੇਅਰ ਦੀ ਸੰਘੀ ਅਦਾਲਤ ਨੇ ਉਸ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਸੰਘੀ ਅਦਾਲਤ ਦੀ 12 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਦਿੱਤਾ। ਅਮਰੀਕਾ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਪੁੱਤਰ ਨੂੰ ਕਿਸੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਖਾਸ ਤੌਰ ’ਤੇ ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਹੰਟਰ ਬਾਇਡਨ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਉਸ ਦੇ ਪਿਤਾ ਜੋਅ ਬਾਇਡਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹੰਟਰ ਬਾਇਡਨ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਪਹਿਲੇ ਮਾਮਲੇ ’ਚ ਉਸ ’ਤੇ ਇਕ ਫਾਰਮ ’ਚ ਗਲਤ ਜਾਣਕਾਰੀ ਦੇ ਕੇ ਕੋਲਟ ਕੋਬਰਾ ਰਿਵਾਲਵਰ ਖਰੀਦਣ ਦਾ ਦੋਸ਼ ਸੀ। ਅਗਲਾ ਦੋਸ਼ ਇਹ ਸੀ ਕਿ ਹੰਟਰ ਕੋਲ ਬੰਦੂਕ ਸੀ ਜਦੋਂ ਉਹ ਪ੍ਰਭਾਵ ਅਧੀਨ ਸੀ। ਦਰਅਸਲ, ਅਮਰੀਕਾ ਵਿੱਚ ਕੋਈ ਵੀ ਬੰਦੂਕ ਖਰੀਦਦੇ ਸਮੇਂ ਖਰੀਦਦਾਰ ਨੂੰ ਇੱਕ ਅਹਿਮ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਉਹ ਨਸ਼ੇ ਦਾ ਆਦੀ ਹੈ? ਦੋਸ਼ ਹੈ ਕਿ ਹੰਟਰ ਨੇ ਇਸ ਸਵਾਲ ਦਾ ਗਲਤ ਜਵਾਬ ਦਿੱਤਾ ਸੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ

Published: