ਲਾਸ ਵੇਗਾਸ/ਬਿਓਰੋ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਚੁਨਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਨੇਵਾਡਾ ਕਾਕਸ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ ਹੈ। ਟਰੰਪ ਨੇਵਾਡਾ ਕਾਕਸ ਵਿੱਚ ਚੋਣ ਲੜਨ ਵਾਲੇ ਇਕਲੌਤੇ ਪ੍ਰਮੁੱਖ ਉਮੀਦਵਾਰ ਸਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਨੇ ਕਾਕਸ ਵਿੱਚ ਹਿੱਸਾ ਨਹੀਂ ਲਿਆ। ਉਸ ਨੇ ਕਿਹਾ ਕਿ ਉਹ ਇਸ ਨੂੰ ਟਰੰਪ ਦੇ ਹੱਕ ਵਿੱਚ ਇੱਕ ਅਨੁਚਿਤ ਪ੍ਰਕਿਰਿਆ ਮੰਨਦੀ ਹੈ।
ਨੇਵਾਡਾ ਕਾਕਸ ਵਿੱਚ ਜਿੱਤ ਦੇ ਨਾਲ ਹੀ ਟਰੰਪ ਨੂੰ ਰਾਜ ਦੇ ਸਾਰੇ 26 ‘ਡੈਲੀਗੇਟਾਂ’ ਦਾ ਸਮਰਥਨ ਮਿਲ ਗਿਆ। ਟਰੰਪ ਨੂੰ ਪਾਰਟੀ ਦਾ ਉਮੀਦਵਾਰ ਬਣਨ ਲਈ 1,215 ਡੈਲੀਗੇਟ ਵੋਟਾਂ ਦੀ ਲੋੜ ਹੈ ਅਤੇ ਉਹ ਮਾਰਚ ਵਿੱਚ ਇਹ ਗਿਣਤੀ ਹਾਸਲ ਕਰ ਸਕਦੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਆਪਣੇ-ਆਪਣੇ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ ਅਤੇ ਇਸ ਦੇ ਦਾਅਵੇਦਾਰਾਂ ਦਰਮਿਆਨ ਰਾਜਾਂ ਵਿੱਚ ‘ਪ੍ਰਾਇਮਰੀ’ ਅਤੇ ‘ਕਾਕਸ’ ਚੋਣਾਂ ਕਰਵਾਈਆਂ ਜਾਂਦੀਆਂ ਹਨ।
ਇਨ੍ਹਾਂ ਚੋਣਾਂ ਤੋਂ ਬਾਅਦ ਜਿਸ ਦਾਅਵੇਦਾਰ ਨੂੰ ਸਭ ਤੋਂ ਵੱਧ ਡੈਲੀਗੇਟਾਂ ਦਾ ਸਮਰਥਨ ਮਿਲਦਾ ਹੈ, ਉਹ ਪਾਰਟੀ ਉਮੀਦਵਾਰ ਬਣ ਜਾਂਦਾ ਹੈ। ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।