ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਹਨ। ਇਸਦੇ ਚੱਲਦਿਆਂ ਅਮਰੀਕਾ ਦੀ ਵਕਾਰੀ ਸੰਸਥਾ ਯੂ. ਐੱਸ. ਆਈ. ਬੀ. ਸੀ. ਯਾਨੀ ਯੂ. ਐੱਸ. ਇੰਡੀਆ ਬਿਜ਼ਨਸ ਕੌਂਸਲ ਵੱਲੋਂ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਫੇਅਰਵੈਲ ਰਿਸੈਪਸ਼ਨ ਵਿੱਚ ਵ੍ਹਾਈਟ ਹਾਊਸ, ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਾਰਪੋਰੇਟ ਸੈਕਟਰ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇੱਥੇ ਦੱਸ ਦੇਈਏ ਕਿ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਰਨਜੀਤ ਸਿੰਘ ਸੰਧੂ ਆਈ. ਐੱਫ. ਐੱਸ. ਯਾਨੀ ਇੰਡੀਅਨ ਫਾਰਨ ਸਰਵਿਸਜ਼ ਵਿੱਚ 35 ਸਾਲਾਂ ਦੇ ਸ਼ਾਨਦਾਰ ਸਫਰ ਉਪਰੰਤ ਇਸ ਮਹੀਨੇ ਦੇ ਅਖੀਰ ਵਿੱਚ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਆਪਣੇ ਕੈਰੀਅਰ ਦੌਰਾਨ ਉਹਨਾਂ ਦੀਆਂ ਅਮਰੀਕਾ ਵਿੱਚ ਚਾਰ ਵਾਰ ਪੋਸਟਿੰਗ ਹੋਈ, ਜਿਸ ਦੌਰਾਨ ਉਹਨਾਂ ਦੇ ਵਾਈਟ ਹਾਊਸ, ਯੂ. ਐੱਸ. ਕੈਪੀਟਲ, ਵੱਖ-ਵੱਖ ਵਿਭਾਗਾਂ ਦੇ ਸਕੱਤਰਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਸਣੇ ਇੱਥੋਂ ਦੀਆਂ ਵਪਾਰਕ, ਸਮਾਜਿਕ ਅਤੇ ਸਿੱਖਿਆ ਦੇ ਖੇਤਰ ਦੀਆਂ ਧਾਕੜ ਸੰਸਥਾਵਾਂ ਨਾਲ ਨਿੱਘੇ ਸਬੰਧ ਰਹੇ ਹਨ। ਜੋ ਅਮਰੀਕਾ ਅਤੇ ਭਾਰਤ ਦੇ ਦੋਸਤਾਨਾਂ ਸਬੰਧਾਂ ਨੂੰ ਨਵੀਂ ਦਿਸ਼ਾ ਅਤੇ ਉਚਾਈ ਦੇਣ ਵਿੱਚ ਸਹਾਇਕ ਸਾਬਤ ਹੋਏ ਹਨ।
ਇਸ ਵਿਦਾਇਗੀ ਸਮਾਰੋਹ ਵਿੱਚ ਵਾਈਟ ਹਾਊਸ ਦ ਕੌਮੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ, ਕੁਰਟ ਕੈਂਪਬੈਲ ਨੇ ਕਿਹਾ, “ਜਦੋਂ ਤੁਸੀਂ ਉਨ੍ਹਾਂ ਲੋਕਾਂ ਦੀ ਛੋਟੀ ਸੂਚੀ ਬਣਾਉਂਦੇ ਹੋ ਜਿਨ੍ਹਾਂ ਨੇ ਅਸਲ ਵਿੱਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਇੱਕ ਸਾਕਾਰਾਤਮਕ ਤਬਦੀਲੀ ਲਿਆਂਦੀ ਹੈ, ਤਾਂ ਉਹ ਰਾਜਦੂਤ ਸੰਧੂ ਨੂੰ ਇਸ ਸੂਚੀ ਵਿੱਚ ਸਭ ਤੋਂ ਉੱਪਰ ਰੱਖਣਗੇ ਜੋ ਕਿ ਬਹੁਤ ਘੱਟ ਲੋਕ ਕਰ ਸਕੇ ਹਨ ਜੋ ਡਿਪਲੋਮੈਟਿਕ ਰੈਂਕ ਵਿੱਚ ਇਹ ਸੇਵਾ ਨਿਭਾਅ ਚੁੱਕੇ ਹਨ।
ਕੈਂਪਬੈਲ ਨੇ ਕਿਹਾ, “ਅਸੀਂ ਬਹੁਤ ਵਧੀਆ ਦੋਸਤ ਅਤੇ ਸ਼ਾਨਦਾਰ ਇਨਸਾਨ ਦੀ ਕਮੀ ਮਹਿਸੂਸ ਕਰਾਂਗੇ ਪਰ ਉਹ ਅੱਗੇ ਜੋ ਵੀ ਕਰਨਗੇ ਉਸ ਲਈ ਸਾਡੀਆਂ ਸ਼ੁਭ ਕਾਮਨਾਵਾਂ ਹਮੇਸ਼ਾਂ ਉਹਨਾਂ ਦੇ ਨਾਲ ਹੋਣਗੀਆਂ।’’
ਯੂ. ਐੱਸ. ਇੰਡੀਆ ਬਿਜ਼ਨਸ ਕੌਂਸਲ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਅੰਬੈਸਡਰ ਅਤੁੱਲ ਕੇਸਪ ਨੇ ਰਾਜਦੂਤ ਸੰਧੂ ਦੀ ਦਸਤਾਰ ਅਤੇ ਡਰੈੱਸ ਸੈਂਨਸ ਦੀ ਤਾਰੀਫ ਨਾਲ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਇੱਕ ਸਫਲ ਡਿਪਲੋਮੈਟ ਹੋਣ ਤੋਂ ਇਲਾਵਾ, ਅੰਬੈਸਡਰ ਸੰਧੂ ਇੱਕ “ਸੁਪਨੇ ਵੇਖਣ ਵਾਲਾ’’ ਹੈ ਜਿਸ ਨੇ ਅਮਰੀਕਾ-ਭਾਰਤ ਸਬੰਧਾਂ ਬਾਰੇ ਸਿਰਜੇ ਸੁਪਨਿਆਂ ਨੂੰ ਹਕੀਕੀ ਰੂਪ ਵਿੱਚ ਸਾਕਾਰ ਕਰ ਵਿਖਾਇਆ। ਉਹਨਾਂ ਹੋਰ ਕਿਹਾ ਕਿ “ਮੈਨੂੰ ਇਨ੍ਹਾਂ ਦੇ ਸਾਰੇ ਕੰਮਾਂ ਦਾ ਇਤਿਹਾਸ ਲਿਖਣ ਦੀ ਲੋੜ ਨਹੀਂ ਹੈ। ਸਗੋਂ ਇਤਿਹਾਸ ਖੁਦ ਉਨ੍ਹਾਂ ਨੂੰ ਯਾਦ ਕਰੇਗਾ।
ਅਖੀਰ ਤੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਧੰਨਵਾਦੀ ਸ਼ਬਦਾਂ ਵਿੱਚ ਭਾਰਤ-ਅਮਰੀਕਾ ਸਬੰਧਾਂ ਨਾਲ ਭਾਰਤ ਦੇ ਵਿਸ਼ਵ ਆਰਥਿਕ ਵਿਕਾਸ ਵਧਦੇ ਮਜ਼ਬੂਤ ਕਦਮਾਂ ਬਾਰੇ ਗੱਲ ਕਰਦਿਆਂ ਕੁਰਟ ਕੈਂਪਬੈਲ, ਅਤੁੱਲ ਕੇਸਪ ਅਤੇ ਯੂ. ਐੱਸ. ਇੰਟਰਨੈਸ਼ਨਲ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਦੀ ਡਿਪਟੀ ਸੀ. ਈ. ਓ. ਨਿਸ਼ਾ ਬਿਸਵਾਲ ਅਤੇ ਸਣੇ ਉੱਥੇ ਮੌਜੂਦ ਸਖਸ਼ੀਅਤਾਂ ਜਿਨ੍ਹਾਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ ਦੀਆਂ ਭੂਮਿਕਾਵਾਂ ਦੀ ਵੀ ਸ਼ਲਾਘਾ ਕੀਤੀ।