ਪੰਜਾਬ ਪੋਸਟ/ਬਿਓਰੋ
ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ, ਜਿਸਦੀ ਪ੍ਰਮੁੱਖ ਜਿੰਮੇਵਾਰੀ ਵਿਸ਼ਵ ਵਿੱਚ ਸ਼ਾਂਤੀ ਬਣਾਈ ਰੱਖਣਾ ਅਤੇ ਮੈਂਬਰ ਦੇਸ਼ਾਂ ਦੇ ਆਪਣੀ ਮਸਲਿਆਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਵਾਉਣ ਵਿੱਚ ਨਿਰਪੱਖ ਭੂਮਿਕਾ ਨਿਭਾਉਣਾ ਹੈ, ਨੇ ਬੀਤੇ ਵਰੇ੍ਹ 2023 ਵਿੱਚ ਕੁੱਲ 50 ਮਤੇ ਪ੍ਰਵਾਨ ਕੀਤੇ ਹਨ ਜਦਕਿ ਇਸ ਵਿਸ਼ਵ ਬਾਡੀ ਵੱਲੋਂ ਇਸ ਸਮੇਂ ਦੌਰਾਨ ਇੱਕ ਸੋਧ ਅਤੇ 6 ਪ੍ਰਧਾਨਗੀ ਬਿਆਨ ਅਤੇ ਕੌਂਸਲ ਪ੍ਰਮੁੱਖ ਵੱਲੋਂ 18 ਨੋਟ ਅਤੇ 22 ਪੱਤਰ ਜਾਰੀ ਕੀਤੇ ਗਏ ਜਦਕਿ ਸੰਸਥਾ 4 ਸੋਧਾਂ ਪ੍ਰਵਾਨ ਨਹੀਂ ਕਰ ਸਕੀ।
ਜਿਹੜੇ 10 ਮਤੇ ਜੋ ਪ੍ਰਵਾਨ ਨਹੀਂ ਚੜ੍ਹੇ ਉਹ ਮਿਡਲ ਈਸਟ ਅਤੇ ਮਾਲੀ ਵਿਚਲੀ ਸਥਿਤੀ, ਕਰਾਸ ਬਾਰਡਰ ਰਾਹੀਂ ਸੀਰੀਆ ਵਿੱਚ ਮਾਨਵੀ ਸਹਾਇਤਾ ਦੇ ਤਰੀਕਿਆਂ ਨੂੰ ਲੈ ਕੇ ਸਨ।
ਰੋਕੇ ਗਏ 5 ਮਤੇ ਲਿਬੀਆਂ ਦੇ ਤਟ ਤੋਂ ਪ੍ਰਵਾਸੀ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਧਿਕਾਰਾਂ ਦਾ ਨਵੀਨੀਕਰਨ ਕਰਨ, ਹੈਤੀ ਅਤੇ ਮੱਧ ਪੂਰਵ ਵਿੱਚ ਸਥਿਤੀ ਨਾਲ ਸਬੰਧਤ ਸਨ। ਇਸ ਸਬੰਧੀ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਇਸ ਵਰ੍ਹੇ 50 ਵਿੱਚੋਂ 35 ਮਤੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ ਜੋ ਕਿ 2022 ਵਿੱਚ ਪ੍ਰਵਾਨ ਕੀਤੇ 66.7% ਮਤਿਆਂ ਮੁਕਾਬਲੇ 70% ਬਣਦੇ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਸਯੂੰਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਮਤਾ ਉਦੋਂ ਹੀ ਪ੍ਰਵਾਨ ਜਾਂ ਪਾਸ ਹੁੰਦਾ ਹੈ ਜਦੋਂ 15 ਮੈਂਬਰੀ ਸੁਰੱਖਿਆ ਕੌਂਸਲ ਵਿੱਚੋਂ ਘੱਟੋ-ਘੱਟ 9 ਮੈਂਬਰ ਦੇਸ਼ ਉਸ ਨਾਲ ਸਹਿਮਤ ਹੋਣ ਅਤੇ 5 ਸਥਾਈ ਮੈਂਬਰ ਦੇਸ਼ਾਂ ਵਿੱਚੋਂ ਕੋਈ ਵੀ ਪੇਸ਼ ਕੀਤੇ ਮਤੇ ਵਿਰੁੱਧ ਵੀਟੋ (ਮਤਾ ਰੱਦ ਕਰਨ ਦੇ ਅਧਿਕਾਰ) ਦੀ ਵਰਤੋਂ ਨਾ ਕਰੇ।