*ਮੁੱਖ ਮੰਤਰੀ ਯੋਗੀ ਖੁਦ ਰੱਖ ਰਹੇ ਹਨ ਸਥਿਤੀ ’ਤੇ ਨਜ਼ਰ
ਲਖਨਊ/ਪੰਜਾਬ ਪੋਸਟ
ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹਾਂ ਕਾਰਨ ਹੜ੍ਹਾਂ ਦੀ ਗੰਭੀਰ ਸਥਿਤੀ ਬਣ ਗਈ ਹੈ, ਜਿਸ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਵੱਡੀ ਪੱਧਰ ਤੇ ਤਾਇਨਾਤੀ ਕੀਤੀ ਹੈ।
ਸਰਕਾਰੀ ਸੂਤਰਾਂ ਮੁਤਾਬਕ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਦੀਆਂ 14, ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ 15 ਅਤੇ ਸੂਬਾਈ ਆਸਥਾਈ ਅਸਲਾਂ ਬਲ (PAC) ਦੀਆਂ 48 ਟੀਮਾਂ ਨੂੰ 57 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਸਰਕਾਰੀ ਸੂਤਰਾਂ ਅਨੁਸਾਰ, “ਸਭ ਤੋਂ ਵੱਡੀ ਤਰਜੀਹ ਲੋਕਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਤੱਕ ਤੁਰੰਤ ਮਦਦ ਪਹੁੰਚਾਉਣ ਦੀ ਹੈ। ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਰਾਹਤ ਕੈਂਪ, ਖਾਣ-ਪੀਣ ਦੀਆਂ ਵਸਤਾਂ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ।”
ਪੂਰਬੀ ਅਤੇ ਕੇਂਦਰੀ ਉੱਤਰ ਪ੍ਰਦੇਸ਼ ਦੇ ਕਈ ਹਿੱਸੇ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ, ਜਿੱਥੇ ਘਾਗਰਾ, ਰਾਪਤੀ ਅਤੇ ਸ਼ਾਰਦਾ ਦਰਿਆ ਸਣੇ ਸਥਾਨਕ ਨਾਲ਼ੇ ਆਪਣੀ ਖ਼ਤਰਨਾਕ ਹੱਦ ਤੋਂ ਉਪਰ ਵਹਿ ਰਹੇ ਹਨ। ਦਰਜਨਾਂ ਪਿੰਡ ਪਾਣੀ ਹੇਠਾਂ ਆ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ।
ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਅਲਰਟ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਬੋਟਾਂ, ਲਾਈਫ ਜੈਕੇਟਾਂ ਅਤੇ ਮੈਡੀਕਲ ਟੀਮਾਂ ਭੇਜਣ ਦੀ ਪ੍ਰਕਿਰਿਆ ਜਾਰੀ ਹੈ। ਜਿਸ ਦੇ ਚੱਲਦਿਆਂ ਜ਼ਿਲ੍ਹਾ ਅਧਿਕਾਰੀ ਖੁਦ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਯੋਗ ਕਾਰਵਾਈ ਦੇ ਨਿਰਦੇਸ਼ ਦੇਂਦੇ ਹੋਏ ਨਜ਼ਰ ਆਏ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੁਦ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ ਅਤੇ ਅਧਿਕਾਰੀਆਂ ਨੂੰ 24 ਘੰਟਿਆਂ ਰਾਹਤ ਕਾਰਜ ਜਾਰੀ ਰੱਖਣ, ਹਰ ਸੰਭਵ ਮਦਦ ਅਤੇ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ।
ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਹੋਰ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਕਰਨ, ਪਾਣੀ ਵਾਲੇ ਰਸਤਿਆਂ ਤੋਂ ਬਚਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸਰਕਾਰੀ ਹੈਲਪਲਾਈਨ ’ਤੇ ਸੰਪਰਕ ਕਰਨ।






