*270 ਦੇ ਜਾਦੂਈ ਅੰਕੜੇ ਤੋਂ 40 ਦੀ ਦੂਰੀ ਤੱਕ ਪਹੁੰਚੇ ਟਰੰਪ; ਕਮਲਾ ਹੈਰਿਸ 205 ਦੇ ਅੰਕੜੇ ਉੱਤੇ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 2024 ਸਬੰਧੀ ਗਿਣਤੀ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਅਤੇ ਚੋਣ ਦੇ ਰੁਝਾਨ ਦੇ ਨਤੀਜੇ ਵੀ ਲਗਾਤਾਰ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇਸ ਮੁਤਾਬਿਕ ਜੋ ਤਾਜ਼ਾ ਸਥਿਤੀ ਬਣ ਰਹੀ ਹੈ ਉਸ ਤਹਿਤ ਦੋਵਾਂ ਉਮੀਦਵਾਰਾਂ ਦਰਮਿਆਨ ਫਰਕ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਡੋਨਾਲਡ ਟਰੰਪ ਹਾਲੇ ਵੀ ਆਪਣੀ ਅਗੇਤ ਬਰਕਰਾਰ ਰੱਖ ਰਹੇ ਹਨ। ਭਾਰਤੀ ਸਮੇਂ ਮੁਤਾਬਕ ਸਵੇਰੇ ਸਵਾ ਦਸ ਵਜੇ ਤੱਕ ਆ ਚੁੱਕੇ ਤਾਜ਼ਾ ਰੁਝਾਨ ਮੁਤਾਬਕ ਡੋਨਾਲਡ ਟਰੰਪ 230 ਦੇ ਅੰਕੜੇ ਉੱਪਰ ਪਹੁੰਚ ਚੁੱਕੇ ਹਨ ਜਦਕਿ ਕਮਲਾ ਹੈਰਿਸ ਨੇ ਵੀ ਅੱਗੇ ਵੱਲ ਕਦਮ ਵਧਾਉਂਦੇ ਹੋਏ ਆਪਣੇ ਅੰਕੜੇ ਨੂੰ 205 ਤੱਕ ਲੈ ਆਂਦਾ ਹੈ। ਇਸ ਵੇਲੇ ਤੱਕ ਦੋਹਾਂ ਉਮੀਦਵਾਰਾਂ ਦਰਮਿਆਨ 25 ਇਲੈਕਟੋਰਲ ਵੋਟਾਂ ਦਾ ਫਰਕ ਚੱਲ ਰਿਹਾ ਹੈ। ਦੋਵਾਂ ਉਮੀਦਵਾਰਾਂ ਦੀ ਨਜ਼ਰ 270 ਦੇ ਬਹੁਮਤ ਵਾਲੇ ਜਾਦੂਈ ਅੰਕੜੇ ਨੂੰ ਹਾਸਲ ਕਰਨ ਉੱਤੇ ਲੱਗੀ ਹੋਈ ਹੈ ਅਤੇ ਇਸ ਵੇਲੇ ਤੱਕ ਵੀ ਡੋਨਾਲਡ ਟਰੰਪ ਇਸ ਅੰਕੜੇ ਦੇ ਜ਼ਿਆਦਾ ਨਜ਼ਦੀਕ ਨਜ਼ਰ ਆਉਂਦੇ ਹਨ। ਜਿਨਾਂ ਇਲਾਕਿਆਂ ਦੇ ਚੋਣ ਨਤੀਜੇ ਜਾਂ ਰੁਝਾਨ ਆਉਣੇ ਹਾਲੇ ਬਾਕੀ ਹਨ ਉਨਾਂ ਵਿੱਚ ਵੀ ਵਧੇਰੇ ਤੌਰ ‘ਤੇ ਡੋਨਾਲਡ ਟਰੰਪ ਹੀ ਅੱਗੇ ਚੱਲ ਰਹੇ ਨਜ਼ਰ ਆਉਂਦੇ ਹਨ। ਸੋ ਅਜਿਹੇ ਵਿੱਚ ਹੁਣ ਤੱਕ ਵੀ ਡੋਨਾਲਡ ਟਰੰਪ ਦੇ ਜਿੱਤਣ ਦੀ ਸੰਭਾਵਨਾ ਬਣੀ ਹੋਈ ਹੈ।