- ਡੋਨਾਲਡ ਟਰੰਪ ਉੱਪਰ ਹੋਏ ਹਮਲੇ ਕਾਰਨ ਦੇਣਾ ਪਿਆ ਅਸਤੀਫਾ
ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਪਦ ਲਈ ਮੁੜ ਉਮੀਦਵਾਰ ਡੋਨਾਲਡ ਟਰੰਪ ਦੀ ਰੈਲੀ ‘ਚ ਇਕ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕੁਝ ਦਿਨਾਂ ਬਾਅਦ ਅਮਰੀਕਾ ਦੀ ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨੇ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 13 ਜੁਲਾਈ ਨੂੰ ਇਕ ਚੋਣ ਰੈਲੀ ਦੌਰਾਨ ਜਾਨ ਲੇਵਾ ਹਮਲਾ ਹੋਇਆ ਸੀ। ਜਿਸ ਵਿੱਚ ਭਾਵੇਂ ਉਹ ਤਾਂ ਨੱਚ ਗਏ ਸਨ ਪਰ ਇਕ ਹੋਰ ਵਿਅਕਤੀ ਦੀ ਮੌਤ ਅਤੇ ਦੋ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਪੂਰੀ ਦੁਨੀਆ ਹੈਰਾਨ ਹੈ।
ਇਸ ਹਮਲੇ ਤੋਂ ਬਾਅਦ ਅਮਰੀਕੀ ਸੀਕ੍ਰੇਟ ਸਰਵਿਸ ਆਲੋਚਕਾਂ ਦੇ ਨਿਸ਼ਾਨੇ ‘ਤੇ ਹੈ। ਏਜੰਸੀ ਦੇ ਡਾਇਰੈਕਟਰ ਕਿੰਬਰਲੀ ਚੀਟਲ, ਜੋ ਕਿ ਸਾਬਕਾ ਰਾਸ਼ਟਰਪਤੀ ਦੇ ਸੁਰੱਖਿਆ ਉਪਾਵਾਂ ਨੂੰ ਲੈ ਕੇ ਕਟਹਿਰੇ ਵਿੱਚ ਸਨ, ਨੇ 23 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ। ਚੀਟਲ ਨੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਨੂੰ ਲੈ ਕੇ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਦੇ ਸਾਹਮਣੇ ਆਪਣੀ ਪੇਸ਼ੀ ਦੌਰਾਨ ਇਹ ਗੱਲ ਸਵਿਕਾਰ ਕੀਤੀ। ਚੀਟਲ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਚਾਉਣ ਦੇ ਆਪਣੇ ਮਿਸ਼ਨ ਵਿੱਚ ਅਸਫਲ ਰਹੀ ਹੈ।
ਯੂਐੱਸ ਸੀਕ੍ਰੇਟ ਸਰਵਿਸ ਦੀ ਮੁਖੀ ਚੀਟਲ ਨੇ ਸੋਮਵਾਰ ਨੂੰ ਮੰਨਿਆ ਕਿ ਦਹਾਕਿਆਂ ਬਾਅਦ ਸੀਕ੍ਰੇਟ ਸਰਵਿਸ ਇਸ ਹਮਲੇ ਨੂੰ ਰੋਕਣ ਵਿੱਚ ਅਸਫਲ ਰਹੀ ਸੀ। 13 ਜੁਲਾਈ ਨੂੰ ਜਦੋਂ ਟਰੰਪ ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਹਮਲਾਵਰ ਵੱਲੋਂ ਕਈ ਰਾਊੰਡ ਗੋਲੀ ਚਲਾਈ ਗਈ ਸੀ। ਇਸੇ ਦੌਰਾਨ ਉਨ੍ਹਾਂ ਨੇ ਆਪਣਾ ਕੰਨ ਫੜ ਲਿਆ। ਉਨ੍ਹਾਂ ਦੇ ਕੰਨ ਤੇ ਗੱਲ ‘ਤੇ ਖੂਨ ਦਿਖਾਈ ਦੇ ਰਿਹਾ ਸੀ। ਫਿਰ ਉਹ ਫਰਸ਼ ‘ਤੇ ਡਿੱਗ ਗਏ। ਜਦੋਂ ਕਿ ਸੀਕ੍ਰੇਟ ਸਰਵਿਸ ਦੇ ਏਜੰਟਾਂ ਨੇ ਉਨ੍ਹਾਂ ਨੂੰ ਬਾਅਦ ਵਿੱਚ ਉੱਥੋਂ ਇੱਕ ਵਾਹਨ ਰਾਹੀਂ ਬਾਹਰ ਕੱਢ ਲਿਆ ਸੀ।
ਇਸ ਸਮੁੱਚੀ ਘਟਨਾ ਲਈ ਅਮਰੀਕੀ ਸੰਸਦ ਵੱਲੋਂ ਕਈ ਪੱਧਰਾਂ ਤੇ ਪੜਤਾਲੀਆ ਕਮੇਟੀਆਂ ਗਠਨ ਕੀਤਾ ਗਿਆ ਹੈ।