ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਕਿਹਾ ਹੈ ਕਿ ਉਹ ਦੁਨੀਆਂ ਭਰ ’ਚ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏਡ) ਦੇ ਕੁੱਝ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮਾਂ ਨੂੰ ਛੁੱਟੀ ’ਤੇ ਭੇਜ ਰਿਹਾ ਹੈ ਅਤੇ ਅਮਰੀਕਾ ’ਚ ਘੱਟੋ-ਘੱਟ 1,600 ਨੌਕਰੀਆਂ ਖ਼ਤਮ ਕਰ ਰਿਹਾ ਹੈ। ਫ਼ੈਡਰਲ ਸਰਕਾਰ ਦੇ ਆਕਾਰ ਨੂੰ ਘਟਾਉਣ ਲਈ ਰਾਸ਼ਟਰਪਤੀ ਟਰੰਪ ਅਤੇ ਸਰਕਾਰੀ ਕੁਸ਼ਲਤਾ ਵਿਭਾਗ ਵਿਚ ਉਨ੍ਹਾਂ ਦੇ ਸਹਿਯੋਗੀ ਐਲਨ ਮਸਕ ਵਲੋਂ ਚੁਕਿਆ ਗਿਆ ਇਹ ਤਾਜ਼ਾ ਅਤੇ ਸੱਭ ਤੋਂ ਵੱਡਾ ਕਦਮ ਹੈ। ਇਹ ਕਦਮ ਉਸ ਸਮੇਂ ਚੁਕਿਆ ਗਿਆ ਹੈ ਜਦੋਂ ਇਕ ਫੈਡਰਲ ਜੱਜ ਨੇ ਨੂੰ ਟਰੰਪ ਪ੍ਰਸ਼ਾਸਨ ਨੂੰ ਅਮਰੀਕਾ ਅਤੇ ਦੁਨੀਆਂ ਭਰ ਵਿਚ ਹਜ਼ਾਰਾਂ ਯੂ.ਐਸ.ਏਡ ਮੁਲਾਜ਼ਮਾਂ ਨੂੰ ਕੱਢਣ ਦੀ ਅਪਣੀ ਯੋਜਨਾ ’ਤੇ ਅੱਗੇ ਵਧਣ ਦੀ ਇਜਾਜ਼ਤ ਦਿਤੀ ਸੀ। ਅਮਰੀਕੀ ਜ਼ਿਲ੍ਹਾ ਜੱਜ ਕਾਰਲ ਨਿਕੋਲਸ ਨੇ ਸਰਕਾਰ ਦੀ ਯੋਜਨਾ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਮੁਲਾਜ਼ਮਾਂ ਦੇ ਮੁਕੱਦਮੇ ਨੂੰ ਖਾਰਜ ਕਰ ਦਿਤਾ।