ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਅੰਦਰ ਨਵੇਂ ਲਾਗੂ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ ਐਚ-1ਬੀ ਵੀਜ਼ਾ ਪਟੀਸ਼ਨਾਂ ‘ਤੇ ਲਗਾਈ ਗਈ 100,000 ਅਮਰੀਕੀ ਡਾਲਰ ਦੀ ਫੀਸ ‘ਸਥਿਤੀ ਵਿੱਚ ਬਦਲਾਅ’ ਜਾਂ ‘ਠਹਿਰ ਵਿਚ ਵਾਧੇ’ ਦੀ ਮੰਗ ਕਰਨ ਵਾਲੇ ਬਿਨੈਕਾਰਾਂ ’ਤੇ ਲਾਗੂ ਨਹੀਂ ਹੋਵੇਗੀ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿਚ ‘ਕੁਝ ਗੈਰ-ਪਰਵਾਸੀ ਕਾਮਿਆਂ ਦੇ ਦਾਖਲੇ ’ਤੇ ਪਾਬੰਦੀ’ ਦੀਆਂ ਛੋਟਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਡੋਨਲਡ ਟਰੰਪ ਨੇ 19 ਸਤੰਬਰ ਨੂੰ ਇੱਕ ਬਿਆਨ ‘ਚ ਨਵੇਂ ਐਚ-1ਬੀ ਵੀਜ਼ਾ ਦੀ ਫੀਸ 100,000 ਅਮਰੀਕੀ ਡਾਲਰ (ਲਗਭਗ 88 ਲੱਖ ਰੁਪਏ) ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਿਭਾਗ ਨੇ ਕਿਹਾ, ‘‘ਇਹ ਐਲਾਨ ਕਿਸੇ ਵੀ ਪਹਿਲਾਂ ਜਾਰੀ ਕੀਤੇ ਅਤੇ ਵਰਤਮਾਨ ਵਿੱਚ ਵੈਧ ਐਚ-1ਬੀ ਵੀਜ਼ਾ, ਜਾਂ 21 ਸਤੰਬਰ, 2025 ਨੂੰ ਪੂਰਬੀ ਦਿਨ ਦੇ ਸਮੇਂ ਅਨੁਸਾਰ 12:01 ਵਜੇ ਤੋਂ ਪਹਿਲਾਂ ਜਮ੍ਹਾਂ ਕਰਵਾਈ ਗਈ ਕਿਸੇ ਵੀ ਪਟੀਸ਼ਨ ’ਤੇ ਲਾਗੂ ਨਹੀਂ ਹੋਵੇਗਾ।’’ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਐਲਾਨ ਕਿਸੇ ਵੀ ਮੌਜੂਦਾ ਐਚ-1ਬੀ ਧਾਰਕ ‘ਤੇ ਅਮਰੀਕਾ ਦੇ ਅੰਦਰ ਅਤੇ ਬਾਹਰ ਯਾਤਰਾ ਕਰਨ ‘ਤੇ ਪਾਬੰਦੀ ਨਹੀਂ ਲਾਉਂਦਾ।






