ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਵਿੱਚ ਪੰਚਾਇਤ ਚੋਣਾਂ ਲਈ ਅੱਜ 15 ਅਕਤੂਬਰ ਨੂੰ ਸਵੇਰ ਅੱਠ ਵਜੇ ਤੋਂ ਸ਼ਾਮੀ ਚਾਰ ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਪ੍ਰਸ਼ਾਸਨ ਵੱਲੋਂ ਵੋਟਾਂ ਪਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਦੌਰਾਨ 1001 ਬੂਥਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਇਨ੍ਹਾਂ ’ਚੋਂ ਸਭ ਤੋਂ ਵੱਧ ਅੰਮ੍ਰਿਤਸਰ ਵਿੱਚ ਹਨ। ਪੰਚਾਇਤ ਚੋਣਾਂ ਲਈ 7 ਅਕਤੂਬਰ ਨੂੰ ਕਾਗ਼ਜ਼ ਵਾਪਸੀ ਮਗਰੋਂ ਚੋਣ ਪ੍ਰਚਾਰ ਜ਼ੋਰ ਫੜ ਗਿਆ ਸੀ। ਐਤਕੀਂ ਚੋਣਾਂ ਕਾਹਲ ਵਿਚ ਹੋ ਰਹੀਆਂ ਨੇ ਜਿਸ ਕਰਕੇ ਚੋਣ ਪ੍ਰਚਾਰ ਲਈ ਉਮੀਦਵਾਰਾਂ ਨੂੰ ਇੱਕ ਹਫ਼ਤੇ ਦਾ ਸਮਾਂ ਹੀ ਮਿਲਿਆ। ਪੰਜਾਬ ਵਿਚ 13,237 ਪੰਚਾਇਤਾਂ ਨੇ ਜਿਨ੍ਹਾਂ ਲਈ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣੇ ਹਨ ਹਾਲਾਂਕਿ, ਸੂਬੇ ਵਿਚ 3798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਸਮੇਂ ਸਰਪੰਚੀ ਲਈ 25,588 ਅਤੇ ਪੰਚੀ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੂਬੇ ਵਿਚ 1,33,97,922 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅੱਜ ਵੋਟਾਂ ਵਾਲੇ ਦਿਨ ਹੀ ਚਾਰ ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਚੋਣ ਕਮਿਸ਼ਨ ਵੱਲੋਂ ਸਮੁੱਚੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਦੇ ਪ੍ਰਬੰਧ ਕੀਤੇ ਗਏ ਹਨ। ਪੰਚਾਇਤ ਚੋਣਾਂ ਲਈ ਲੰਮਾਂ ਸਮਾਂ ਚੱਲਿਆ ਚੋਣ ਪ੍ਰਚਾਰ ਬੀਤੇ ਦਿਨ ਸ਼ਾਮ ਬੰਦ ਹੋ ਗਿਆ ਸੀ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਉਮੀਦਵਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਵਿਧਾਇਕਾਂ ਅਤੇ ਵਜ਼ੀਰਾਂ ਨੇ ਵੀ ਪਿੰਡਾਂ ਵਿਚ ਉਮੀਦਵਾਰਾਂ ਦੀ ਹਮਾਇਤ ਵਿਚ ਸੰਖੇਪ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ। ਪੰਚਾਇਤੀ ਚੋਣਾਂ ਨੂੰ ਵੇਖਦੇ ਹੋਏ ਸੂਬੇ ਵਿੱਚ ਅੱਜ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਪੰਜਾਬ ਵਿੱਚ ਅੱਜ ਵੋਟਾਂ ਦਾ ਦਿਨ: ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ, ਗਿਣਤੀ ਸ਼ਾਮੀਂ 4 ਵਜੇ ਦੇ ਬਾਅਦ ਹੋਵੇਗੀ

Published: