ਪੰਜਾਬ ਪੋਸਟ/ਬਿਓਰੋ
ਦੇਸ਼ ਵਿੱਚ ਵੱਖ-ਵੱਖ ਥਾਵਾਂ ’ਤੇ ਸਥਿਤ ਹਵਾਈ ਅੱਡੇ, ਹਸਪਤਾਲ, ਸਕੂਲ, ਕਾਲਜ ਯੂਨੀਵਰਸਿਟੀਆਂ ਅਤੇ ਅਜਾਇਬ ਘਰਾਂ ਨੂੰ ਬੰਬ ਦੀਆਂ ਧਮਕੀ ਭਰੀਆਂ ਈਮੇਲਜ਼ ਮਿਲ ਰਹੀਆਂ ਹਨ, ਜੋ ਕਿ ਬਾਅਦ ਵਿਚ ਝੂਠੀਆਂ ਪਾਈਆਂ ਜਾਂਦੀਆਂ ਹਨ। ਇਹ ਵਰਤਾਰਾ ਕਾਫ਼ੀ ਸਮੇਂ ਤੋਂ ਜਾਰੀ ਹੈ। ਇਨਾਂ ਧਮਕੀਆਂ ਕਾਰਨ ਸਕੂਲ, ਕਾਲਜ ਅਤੇ ਜਹਾਜ਼ਾਂ ਆਦਿ ਸਮੇਤ ਹੋਰ ਥਾਵਾਂ ਨੂੰ ਅਚਾਨਕ ਖ਼ਾਲੀ ਕਰਵਾਉਣਾ ਪੈ ਰਿਹਾ ਹੈ। ਇਸੇ ਲੜੀ ਤਹਿਤ ਹੁਣ ਇਹੋ ਜਿਹੀਆਂ ਈਮੇਲਜ਼ ਪਟਨਾ, ਵਡੋਦਰਾ ਅਤੇ ਜੈਪੁਰ ਦੇ ਹਵਾਈ ਅੱਡਿਆਂ ਨੂੰ ਮਿਲੀਆਂ ਹਨ। ਇਸ ਤੋਂ ਇਲਾਵਾ ਕੋਲਕਾਤਾ ਅਤੇ ਜੈਪੁਰ ਦੀਆਂ ਕੁੱਝ ਸੰਸਥਾਵਾਂ ਨੂੰ ਵੀ ਬੰਬ ਦੀ ਧਮਕੀ ਭਰੀਆਂ ਈਮੇਲਜ਼ ਮਿਲੀਆਂ ਹਨ। ਪਿਛਲੇ ਹਫ਼ਤੇ ਵੀ ਬੁੱਧਵਾਰ ਨੂੰ ਇਸੇ ਤਰਾਂ ਦੀਆਂ ਈਮੇਲ ਕੌਮੀ ਰਾਜਧਾਨੀ ਦੇ ਰੇਲਵੇ ਅਜਾਇਬ ਘਰ ਸਮੇਤ ਇਕ ਦਰਜਨ ਤੋਂ ਵੱਧ ਅਜਾਇਬ ਘਰਾਂ ਨੂੰ ਵੀ ਭੇਜੀਆਂ ਗਈਆਂ ਸਨ ਜੋ ਕਿ ਬਾਅਦ ਵਿੱਚ ਝੂਠੀਆਂ ਪਾਈਆਂ ਗਈਆ। ਲਗਾਤਾਰ ਆ ਰਹੀਆਂ ਇਨਾਂ ਈਮੇਲਜ਼ ਨੇ ਪੁਲੀਸ ਸਮੇਤ ਹੋਰ ਏਜੰਸੀਆਂ ਨੂੰ ਵਾਹਣੀਂ ਪਾਇਆ ਹੋਇਆ ਹੈ। ਹੁਣ ਤੱਕ ਇਸ ਮਾਮਲੇ ਸਬੰਧੀ ਕੋਈ ਗਿ੍ਰਫ਼ਤਾਰੀ ਸਾਹਮਣੇ ਨਹੀਂ ਆਈ ਹੈ ਬਲਕਿ ਈਮੇਲਜ਼ ਆਉਣੀਆਂ ਲਗਾਤਾਰ ਜਾਰੀ ਹਨ ਜਿਨਾਂ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ।
ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੇ ਈਮੇਲ ਸੰਦੇਸ਼ ਆਏ; ਜਾਂਚ ਜਾਰੀ

Published: