ਅਜੋਕੇ ਪੰਜਾਬ ਵਿੱਚ ਅਤੇ ਪੰਜਾਬੀ ਦੇ ਸਾਹਿਤਕ ਮੰਚਾਂ ਤੋਂ ਜਿਸ ਸ਼ਾਇਰ ਦੇ ਅਲਫ਼ਾਜ਼ ਮਿਸਾਲ ਵਜੋਂ ਸਭ ਤੋਂ ਜ਼ਿਆਦਾ ਸੁਣਾਏ ਜਾਂਦੇ ਰਹੇ ਹਨ, ਵਰਤੇ ਜਾਂਦੇ ਰਹੇ ਹਨ- ਓਹ ਨੇ ਸੁਰਜੀਤ ਪਾਤਰ। ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਆਪਣੇ ਪਿੰਡ ਦੇ ਨਾਂਅ ਤੋਂ ਹੀ ਉਨ੍ਹਾਂ ਨੇ ਆਪਣਾ ਤਖੱਲਸ ‘ਪਾਤਰ’ ਰੱਖ ਲਿਆ ਸੀ। ਸੁਰਜੀਤ ਪਾਤਰ ਨੇ ਚੌਥੀ ਜਮਾਤ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਹਾਈ ਸਕੂਲ ਤੱਕ ਦੀ ਪੜ੍ਹਾਈ ਪਿੰਡ ਖਹਿਰਾ ਮਾਝਾ ਤੋਂ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਉਹ ਪੰਜਾਬ ਦੇ ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਣਨ ਦੇ ਰਾਹ ਤੁਰੇ। ਸੁਰਜੀਤ ਪਾਤਰ ਨੇ ਗੋਲਡ ਮੈਡਲ ਨਾਲ ਪੰਜਾਬੀ ਵਿੱਚ ਐੱਮਏ ਕੀਤੀ ਸੀ ਅਤੇ ਉਨ੍ਹਾਂ ਦੇ ਪੀਐੱਚਡੀ ਖੋਜ ਕਾਰਜ ਦਾ ਵਿਸ਼ਾ “ਲੋਕ ਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ” ਸੀ। ਜਦੋਂ ਪੰਜਾਬੀ ਯੂਨੀਵਰਸਿਟੀ ਬਣੀ ਤਾਂ ਸ਼ੁਰੂ ਵਿੱਚ ਓਥੇ ਹੋਸਟਲਾਂ ਦੀ ਕਮੀ ਹੋਇਆ ਕਰਦੀ ਸੀ। ਇਸ ਲਈ ਜ਼ਿਆਦਾਤਰ ਵਿਦਿਆਰਥੀ ਬਾਹਰ ਹੀ ਆਪੋ-ਆਪਣਾ ਇੰਤਜ਼ਾਮ ਕਰਕੇ ਰਹਿੰਦੇ ਸਨ। ਸੁਰਜੀਤ ਪਾਤਰ ਨੇ ਆਪਣੀ ਬਹੁਤੀ ਪੜ੍ਹਾਈ ਇਸੇ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਦਲੀਪ ਕੌਰ ਟਿਵਾਣਾ ਵਰਗੇ ਵਿਦਵਾਨਾਂ ਦੀ ਸੰਗਤ ਮਾਨਣ ਦਾ ਮੌਕਾ ਮਿਲਿਆ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਆਪਣੀ ਮਸ਼ਹੂਰ ਕਵਿਤਾ ‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ’ ਲਿਖੀ ਸੀ।
ਸੁਰਜੀਤ ਪਾਤਰ ਦੀਆਂ ਪ੍ਰਸਿੱਧ ਪ੍ਰਕਾਸ਼ਨਾਵਾਂ ਵਿੱਚ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਂਜ਼ੇਬ, ਸੁਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਸ਼ਾਮਲ ਹਨ। ਇਸ ਤੋਂ ਇਨ੍ਹਾਂ ਉਨ੍ਹਾਂ ਨੇ ਪੰਜਾਬੀ ਕਾਵਿਤਾ ਦੇ ਇਤਿਹਾਸ ਬਾਰੇ ਕੁਝ ਦਸਤਾਵੇਜ਼ੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਉਨਾਂ ਦੀ ਇਬਾਰਤ ਵੀ ਲਿਖੀ।
ਤਮਾਮ ਪ੍ਰਾਪਤੀਆਂ ਬਦਲੇ ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਪੰਜਾਬ ਸਾਹਿਤ ਅਕਾਦਮੀ ਪੁਰਸਕਾਰ (1979), ਸਾਹਿਤ ਅਕਾਦਮੀ ਪੁਰਸਕਾਰ (1993), ਗੁਰੂ ਨਾਨਕ ਯੂਨੀਵਰਸਿਟੀ ਤੋਂ ਆਨਰੇਰੀ ਡੀ. ਲਿਟ ਦੀ ਉਪਾਧੀ (2010), ਪਦਮਸ਼੍ਰੀ ਪੁਰਸਕਾਰ (2012) ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ (2022) ਸ਼ਾਮਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ 1999 ਵਿੱਚ ਕੋਲੰਬੀਆ (ਲੈਟਿਨ ਅਮਰੀਕਾ) ਵਿੱਚ ਹੋਏ ਵਿਸ਼ਵ ਕਵਿਤਾ ਫੈਸਲੀਟਵਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਸਾਲ 2006 ਵਿੱਚ ਫਰੈਂਕਫਰਟ ਪੁਸਤਕ ਮੇਲੇ (ਜਰਮਨੀ) ਵਿੱਚ ਵੀ ਓਹ ਕਵੀ ਵਜੋਂ ਸ਼ਾਮਲ ਹੋਏ ਅਤੇ ਇਸ ਦੇ ਨਾਲ ਨਾਲ ਉਹ ਬਿ੍ਰਟੇਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਕੀਨੀਆ ਅਤੇ ਨਿਊਜ਼ੀਲੈਂਡ ਵਿੱਚ ਵੀ ਕਵਿਤਾ ਪਾਠ ਲਈ ਗਏ ਸਨ। ਸੁਰਜੀਤ ਪਾਤਰ ਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ ਅਤੇ ਉਹ ਹੋਰ ਭਾਸ਼ਾਵਾਂ ਦਾ ਸਹਿਤ ਵੀ ਲਗਾਤਾਰ ਪੜ੍ਹਦੇ ਰਹਿੰਦੇ ਸਨ। ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤਾਕਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਨੇ ਆਪ ਵੀ ਅਨੁਵਾਦ ਦਾ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਡਰੀਸੀਓ ਗਰੇਸੀਆ ਲੌਰਕਾ ਦੇ ਤਿੰਨ ਦੁਖਾਂਤਕ, ਗਰੀਸ਼ ਕਰਨਾਡ ਦਾ ਨਾਟਕ ਨਾਗਮੰਡਲ ਅਤੇ ਬੇਰਤੋਲਤ ਬਰੈਸ਼ ਅਤੇ ਪਾਬਲੋ ਨਰੂਦਾ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਜਿਸ ਦੀ ਬੇਹੱਦ ਸ਼ਲਾਘਾ ਹੋਈ ਸੀ।
ਸ਼ਾਇਦ ਘੱਟ ਲੋਕੀਂ ਇਹ ਜਾਣਦੇ ਹੋਣਗੇ ਕਿ ਸੁਰਜੀਤ ਪਾਤਰ ਜੀ, ਕਿਸਾਨ ਤੇ ਕਿਸਾਨੀ ਨੂੰ ਬਹੁਤ ਪਿਆਰ ਕਰਦੇ ਸੀ। ਜਦੋਂ ਕੇਂਦਰ ਸਰਕਾਰ ਤਿੰਨ ਵਿਵਾਦਿਤ ਖੇਤੀ ਕਾਨੂੰਨ ਲੈ ਕੇ ਆਈ ਸੀ ਤਾਂ ਇਸ ਤਾਂ ਕਿਸਾਨਾਂ ਦੇ ਸਮਰਥਨ ਵਿਚ ਸੁਰਜੀਤ ਪਾਤਰ ਨੇ ਆਪਣਾ ਪਦਮਸ਼੍ਰੀ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜਿਸ ਸੰਵੇਦਨਹੀਣਤਾ ਅਤੇ ਬੇਕਦਰੀ ਨਾਲ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸ਼ਾਂਤਮਈ ਅੰਦੋਲਨ ਨਾਲ ਸਲੂਕ ਕੀਤਾ ਹੈ ਉਸ ਨੇ ਉਨਾਂ ਦੇ ਦਿਲ ਨੂੰ ਡੁੰਘੀ ਠੇਸ ਪਹੁੰਚਾਈ ਹੈ। ਵਾਰ ਵਾਰ ਕਿਰਤੀ ਕਿਸਾਨਾਂ ਦੇ ਦੁੱਖ ਨੂੰ ਗੁਮਰਾਹ ਹੋਏ ਲੋਕਾਂ ਦੀ ਸਮਝ ਕਹਿ ਕੇ ਇਸ ਲਹਿਰ ਨੂੰ ਨਿਰਾਰਥਕ ਬਣਾਉਣ ਦੀ ਕੋਸ਼ਿਸ਼ ਨੂੰ ਸੁਰਜੀਤ ਪਾਤਰ ਨੇ ਕਿਸਾਨੀ ਦੀ, ਕਿਰਤ ਦੀ ਅਤੇ ਲੋਕ ਭਾਵਨਾ ਦੀ ਤੌਹੀਨ ਮੰਨਦੇ ਹੋਏ ਭਰੇ ਮਨ ਨਾਲ ਆਪਣਾ ਸਨਮਾਨ ਮੋੜਨ ਦਾ ਐਲਾਨ ਕੀਤਾ ਸੀ। ਪੰਜਾਬੀ ਬੋਲੀ ਬਾਰੇ ਉਨ੍ਹਾਂ ਨੇ ਆਪਣਾ ਫਿਕਰ ‘ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ-ਸ਼ਬਦ, ਵਾਕ-ਵਾਕ ਵਿੱਚ’ ਜ਼ਾਹਰ ਕੀਤਾ। ਇਹੋ ਜਿਹਾ ਸੀ ਉਨਾਂ ਦਾ ਆਪਣੀ ਮਿੱਟੀ, ਬੋਲੀ ਅਤੇ ਆਪਣੇ ਲੋਕਾਂ ਦੇ ਨਾਲ ਲਗਾਅ।
ਸੁਰਜੀਤ ਪਾਤਰ ਦੇ ਪਰਿਵਾਰ ਵਿੱਚ ਉਨਾਂ ਦੀ ਪਤਨੀ ਭੁਪਿੰਦਰ ਕੌਰ ਅਤੇ ਦੋ ਬੇਟੇ- ਅੰਕੁਰ ਅਤੇ ਮਨਰਾਜ ਹਨ। ਅੰਕੁਰ ਆਸਟਰੇਲੀਆ ਵਿੱਚ ਰਹਿੰਦੇ ਹਨ ਅਤੇ ਮਨਰਾਜ ਪਾਤਰ ਅਕਸਰ ਹੀ ਆਪਣੇ ਪਿਤਾ ਦੀਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਅਵਾਜ਼ ਦਿੰਦੇ ਸੁਣਾਈ ਪੈਂਦੇ ਹਨ। ਬਹੁਤ ਘੱਟ ਲੇਖਕ ਅਤੇ ਸ਼ਾਇਰ ਅਜਿਹੇ ਹੋਏ ਹਨ ਜਿਨਾਂ ਨੇ ਸਮੇਂ ਦੇ ਹਾਲਾਤ ਉੱਤੇ ਲਗਾਤਾਰ ਲਿਖਿਆ ਅਤੇ ਆਲੇ ਦੁਆਲੇ ਹੋ ਰਹੇ ਨਾਂਹ ਪੱਖੀ ਵਰਤਾਰੇ ਸਬੰਧੀ ਆਪਣੇ ਅੰਦਾਜ਼ ਵਿੱਚ ਗੱਲ ਲੋਕਾਂ ਦੇ ਨਾਲ ਸਾਂਝੀ ਕੀਤੀ। ਇਨਾਂ ਚੋਣਵੇ ਲੇਖਕਾਂ ਅਤੇ ਸ਼ਾਇਰਾਂ ਵਿੱਚ ਪਾਉਂਦੇ ਸਨ ਸੁਰਜੀਤ ਪਾਤਰ- ਜੋ ਭਾਵੇਂ ਸਰੀਰਕ ਤੌਰ ਉੱਤੇ ਹੁਣ ਇਸ ਦੁਨੀਆਂ ਵਿੱਚ ਨਹੀਂ ਪਰ ਉਹਨਾਂ ਦੀਆਂ ਲਿਖਤਾਂ ਅਤੇ ਉਨਾਂ ਦੇ ਅਲਫਾਜ਼ ਹਮੇਸ਼ਾ ਪੰਜਾਬੀ ਸੰਵਾਦ ਅਤੇ ਗੱਲਬਾਤ ਦਾ ਹਿੱਸਾ ਬਣਦੇ ਰਹਿਣਗੇ।
-ਸੁਦੀਪ ਸਿੰਘ ਢਿੱਲੋਂ
Published: