ਪੰਜਾਬ ਪੋਸਟ/ਬਿਓਰੋ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰੀ ਦੀ ਦੌੜ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਊ ਹੈਂਪਸ਼ਾਇਰ ਵਿੱਚ ਵੀ ਆਪਣੀ ਨੇੜਲੀ ਵਿਰੋਧੀ ਨਿੱਕੀ ਹੈਲੀ ਤੋਂ ਅੱਗੇ ਲੰਘਣ ਤੋਂ ਬਾਅਦ ਟਰੰਪ ਦੀ ਦਾਅਵੇਦਾਰੀ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਨਾਲ ਇਹ ਚਰਚਾ ਵੀ ਛਿੜ ਪਈ ਹੈ ਕਿ ਟਰੰਪ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸ ਚਿਹਰੇ ਦੀ ਚੋਣ ਕਰਦੇ ਹਨ। ਇਨ੍ਹਾਂ ਕਿਆਸਰਾਈਆ ਦੌਰਾਨ ਕਈ ਨਾਮ ਚਰਚਾ ਵਿੱਚ ਹਨ ਇਹ ਸੰਭਾਵੀ ਚਿਹਰੇ ਟਰੰਪ ਦੀ ਨਿਊਹੈਂਪਸ਼ਾਇਰ ਚੋਣ ਦੀ ਸਫਲਤਾ ਤੋਂ ਬਾਅਦ ਦਿੱਤੇ ਜੇਤੂ ਭਾਸ਼ਣ ਦੌਰਾਨ ਟਰੰਪ ਪਿੱਛੇ ਕਤਾਰ ਬਣਾਈ ਖੜ੍ਹੇ ਦੇਖੇ ਗਏ। ਇਹ ਰਿਪਬਲੀਕਨ ਆਗੂ ਸਨ ਸਾਊਥ ਕੈਰੋਲੀਨਾ ਤੋਂ ਆਗੂ ਟਿਮ ਸਕਾਟ, ਭਾਰਤੀ ਅਮਰੀਕੀ ਧਨਾਡ ਕਾਰੋਬਾਰੀ ਵਿਵੇਕ ਰਾਮਾ ਸਵਾਮੀ, ਨਾਰਥ ਡਕੋਟਾ ਗਵਰਨਰ ਡੁਗ ਬਰਗਮ ਅਤੇ ਜਾਰਜੀਆ ਸਟੇਟ ਤੋਂ ਰਿਪਬਲੀਕਨ ਕਾਂਗਰਸਮੈਨ ਮਰਜੋਰੀ ਟੇਲਰ ਗਰੀਨ ਆਦਿ ਜੋ ਟਰੰਪ ਵਲੋਂ ਨਿੱਕੀ ਹੇਲੀ ਦੇ ਨਿਊਹੈਂਪਸ਼ਾਇਰ ਦੀ ਚੋਣ ਹਾਰਨ ਦੇ ਬਾਵਜੂਦ ਵੀ ਮੁਕਾਬਲੇ ਵਿੱਚ ਡਟੀ ਰਹਿਣ ਦੇ ਫੈਸਲੇ ’ਤੇ ਤੰਜ ਕੱਸਣ ਮੌਕੇ ਮੁਸਕ੍ਰਾਅ ਰਹੇ ਸਨ।
ਡੋਨਾਲਡ ਟਰੰਪ ਵੀ ਆਪਣੇ ਨਾਲ ਉੱਪ ਰਾਸ਼ਟਰਪਤੀ ਦੇ ਅਹੁਦੇ ਨੂੰ ਲੈ ਕੇ ਆਖ ਰਹੇ ਹਨ ਪਾਰਟੀ ਵਿੱਚ ਬੜੇ ਕਾਬਲ, ਸਮਰੱਥ ਅਤੇ ਭਰੋਸੇਯੋਗ ਆਗੂ ਹਨ, ਪਰ ਜਿਸ ਆਗੂ ਦੀ ਮੈਂ ਗੱਲ ਕਰਦਾ ਹਾਂ ਉਸਨੂੰ ਤੁਸੀ 25% ਜਾਣਦੇ ਪਛਾਣਦੇ ਹੋ।
ਸੋ ਇਸ ਤਰ੍ਹਾਂ ਅਜੇ ਤੱਕ ਭਾਵੇ ਟਰੰਪ ਦੇ ਰਨਿੰਗ ਮੇਟ ਦੇ ਨਾਂ ਨੂੰ ਲੈ ਕੇ ਭੇਦ ਬਰਕਰਾਰ ਹੈ, ਪਰ ਇਹ ਸਮਝਿਆ ਜਾ ਰਿਹਾ ਹੈ ਇਸ ੳਹੁਦੇ ਲਈ ਟਰੰਪ ਵੱਲੋਂ ਸਾਊਥ ਕੈਰੋਲੀਨਾ ਦੇ ਗਵਰਨਰ ਟਿਮ ਸਕਾਟ ਦੀ ਚੋਣ ਕੀਤੇ ਜਾਣ ਦੀ ਸੰਭਾਵਨ ਹੈ। ਟਿਮ ਸਕਾਟ ਸਾਊਥ ਕੈਰੋਲੀਨਾ ਤੋਂ ਸੈਨੇਟਰ ਹੈ ਜਿਸਨੂੰ ਨਿੱਕੀ ਹੇਲੀ ਨੇ ਗਵਰਨਰ ਨਾਮਜ਼ਦ ਕੀਤਾ ਸੀ ਪਰ ਇਸ ਚੋਣ ਦੌਰਾਨ ਉਸਦਾ ਸਪਸ਼ਟ ਸਮਰਥਨ ਟਰੰਪ ਲਈ ਰਿਹਾ ਹੈ। ਟਿਮ ਅਮਰੀਕਾ ਵਿੱਚ ਇੱਕ ਪ੍ਰਸਿੱਧ ਸਿਆਹ ਰਿਪਬਲਿਕਨ ਆਗੂ ਹੈ।