ਸ਼ਾਰਜਾਹ/ਪੰਜਾਬ ਪੋਸਟ
ਔਰਤਾਂ ਦਾ ਟੀ-20 ਕ੍ਰਿਕਟ ਵਿਸ਼ਵ ਕੱਪ ਅੱਜ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੁਰੂ ਹੋ ਰਿਹਾ ਹੈ ਜੋ 20 ਅਕਤੂਬਰ ਤੱਕ ਚੱਲੇਗਾ। ਟੂਰਨਾਮੈਂਟ ਦੀ ਸ਼ੁਰੂਆਤ ਸ਼ਾਰਜਾਹ ’ਚ ਅੱਜ ਹੋਣ ਵਾਲੇ ਦੋ ਮੈਚਾਂ ਨਾਲ ਹੋਵੇਗੀ। ਪਹਿਲਾ ਮੈਚ ਬੰਗਲਾਦੇਸ਼ ਅਤੇ ਸਕਾਟਲੈਂਡ ਵਿਚਾਲੇ ਅਤੇ ਦੂਜਾ ਮੈਚ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਪਹਿਲਾਂ ਇਹ ਟੂਰਨਾਮੈਂਟ ਬੰਗਲਾਦੇਸ਼ ਵਿੱਚ ਕਰਵਾਇਆ ਜਾਣਾ ਸੀ ਪਰ ਉੱਥੇ ਸਿਆਸੀ ਅਸ਼ਾਂਤੀ ਕਾਰਨ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਇਸ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਤਬਦੀਲ ਕਰ ਦਿੱਤਾ। ਦਸ ਟੀਮਾਂ ਵਿਚਾਲੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਆਸਟਰੇਲੀਆ ਨੂੰ ਹਰਾਉਣਾ ਸਾਰੀਆਂ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਇਹ ਟੂਰਨਾਮੈਂਟ ਨੌਂ ਵਾਰ ਕਰਵਾਇਆ ਜਾ ਚੁੱਕਾ ਹੈ, ਜਿਸ ਵਿੱਚ ਆਸਟਰੇਲੀਆ ਨੇ ਛੇ ਵਾਰ ਖਿਤਾਬ ਜਿੱਤਿਆ ਹੈ। ਆਸਟਰੇਲੀਆ ਨੂੰ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਅਤੇ ਸ੍ਰੀਲੰਕਾ ਨਾਲ ‘ਗਰੁੱਪ ਏ’ ਵਿੱਚ ਰੱਖਿਆ ਗਿਆ ਹੈ ਜਦਕਿ ‘ਗਰੁੱਪ ਬੀ’ ਵਿੱਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਸਕਾਟਲੈਂਡ ਸ਼ਾਮਲ ਹਨ। ਹਰ ਗਰੁੱਪ ਵਿੱਚੋਂ ਸਿਖਰਲੀਆਂ ਦੋ ਟੀਮਾਂ ਸੈਮੀਫਾਈਨਲ ਵਿੱਚ ਥਾਂ ਬਣਾਉਣਗੀਆਂ। ਭਾਰਤ ਦੀ ਟੀਮ ਆਪਣਾ ਪਹਿਲਾ ਮੈਚ ਭਲਕੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇਗੀ।