ਅੰਮਿ੍ਤਸਰ/ਪੰਜਾਬ ਪੋਸਟ
ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਪੀਰੀਅਡ ਦਿੱਤਾ ਸੀ ਅਤੇ ਇਸ ਮੁਤਾਬਿਕ, ਹੁਣ ਅਰਚਨਾ ਮਕਵਾਨਾ ਆਖਰਕਾਰ ਜਾਂਚ ਵਿੱਚ ਸ਼ਾਮਲ ਹੋਈ ਅਤੇ ਉਸ ਨੇ ਆਪਣਾ ਬਿਆਨ ਆਨਲਾਈਨ ਭੇਜ ਦਿੱਤਾ ਹੈ। ਦਰਅਸਲ, ਜਿਨ੍ਹਾਂ ਮਾਮਲਿਆਂ ‘ਚ 7 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ, ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ। ਇਸੇ ਪ੍ਰਕਿਰਿਆ ਤਹਿਤ ਗਏ ਨੋਟਿਸ ਉੱਤੇ ਅਰਚਨਾ ਮਕਵਾਨਾ ਨੇ ਆਪਣਾ ਆਨਲਾਈਨ ਬਿਆਨ ਭੇਜ ਦਿੱਤਾ ਹੈ। ਇਹ ਮਾਮਲਾ ਥਾਣਾ ਕੋਤਵਾਲੀ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਨੇ ਅਰਚਨਾ ਵੱਲੋਂ ਦਿੱਤੇ ਜਵਾਬ ਦੇ ਬਿਆਨ ਵਿੱਚ ਕੀ ਕਿਹਾ ਗਿਆ ਹੈ, ਇਸ ਨੂੰ ਅਜੇ ਜਨਤਕ ਨਹੀਂ ਕੀਤਾ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਏਨਾ ਪਤਾ ਲੱਗਿਆ ਹੈ ਕਿ ਜੇਕਰ ਅਰਚਨਾ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਰਚਨਾ ਮਕਵਾਨਾ ਨੂੰ 26 ਜੂਨ ਨੂੰ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਭੇਜਿਆ ਸੀ, ਜਿਸ ਵਿੱਚ ਉਸ ਨੇ 30 ਜੂਨ ਦਿਨ ਐਤਵਾਰ ਨੂੰ ਅੰਮ੍ਰਿਤਸਰ ਪੁਲੀਸ ਅੱਗੇ ਆਪਣਾ ਪੱਖ ਪੇਸ਼ ਕਰਨਾ ਸੀ ਪਰ ਉਹ ਨਹੀਂ ਆਈ ਅਤੇ ਹੁਣ ਉਸ ਨੇ ਅੱਜ ਭਾਵ 10 ਜੁਲਾਈ ਨੂੰ ਆਪਣਾ ਪੱਖ ਪੇਸ਼ ਕੀਤਾ ਹੈ।