ਅਮਰੀਕਾ-ਈਰਾਨ ਦੋਹਾ ਵਾਰਤਾ ਸਮਾਪਤ: ਹੋਰਮੁਜ਼ ਜਲਡਮਰੂ ਅਤੇ ਫੰਡਾਂ ਦੀ ਵਰਤੋਂ ‘ਤੇ ਤਕਨੀਕੀ ਗੱਲਬਾਤ ਮੁਕੰਮਲ, ਉਲੰਘਣਾਵਾਂ ਰੋਕਣ ਲਈ ਕੱਲ੍ਹ ਤੋਂ ਬਣੇਗਾ ਨਵਾਂ ਸੰਚਾਰ ਚੈਨਲ, ਰਾਸ਼ਟਰਪਤੀ ਟਰੰਪ ਵੱਲੋਂ ‘ਪ੍ਰਗਤੀ’ ਦਾ ਦਾਅਵਾ

Published:

Rate this post

ਦੋਹਾ/ਵਾਸ਼ਿੰਗਟਨ/ਤੇਹਰਾਨ/ਪੰਜਾਬ ਪੋਸਟ
ਪਿਛਲੇ ਚਾਰ ਮਹੀਨਿਆਂ ਤੋਂ ਪੱਛਮੀ ਏਸ਼ੀਆ (ਖਾੜੀ ਖੇਤਰ) ਵਿੱਚ ਚੱਲ ਰਹੀ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕਤਰ ਦੀ ਰਾਜਧਾਨੀ ਦੋਹਾ ਵਿਖੇ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਉੱਚ-ਪੱਧਰੀ ਅਸਿੱਧੀ ਗੱਲਬਾਤ ਦਾ ਮੌਜੂਦਾ ਗੇੜ ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਿਆ ਹੈ। ਈਰਾਨ ਦੇ ਵਫ਼ਦ ਦੇ ਮੁਖੀ ਅਤੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਨੇ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਮੁੱਖ ਵਾਰਤਾਕਾਰਾਂ ਅਤੇ ਮਾਹਰਾਂ ਵਿਚਾਲੇ ਹੋਈ ਇਸ ਦੋ-ਦਿਨਾ ਤਕਨੀਕੀ ਬੈਠਕ ਵਿੱਚ 17 ਜੂਨ ਨੂੰ ਹੋਏ ‘ਇਸਲਾਮਾਬਾਦ ਸਮਝੌਤੇ’ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵੱਡੀ ਸਹਿਮਤੀ ਬਣੀ ਹੈ। ਦੋਵੇਂ ਧਿਰਾਂ ਇਸ ਗੱਲ ’ਤੇ ਰਾਜ਼ੀ ਹੋ ਗਈਆਂ ਹਨ ਕਿ ਜੰਗਬੰਦੀ ਦੀਆਂ ਉਲੰਘਣਾਵਾਂ ਨੂੰ ਦਰਜ ਕਰਨ ਅਤੇ ਤੁਰੰਤ ਰਿਪੋਰਟ ਕਰਨ ਲਈ ਭਲਕੇ (ਸ਼ੁੱਕਰਵਾਰ) ਤੱਕ ਦੋਵਾਂ ਮੁਲਕਾਂ ਵਿਚਾਲੇ ਇੱਕ ਵਿਸ਼ੇਸ਼ ਅਤੇ ਸਿੱਧਾ ‘ਸੰਚਾਰ ਚੈਨਲ’ ਸਥਾਪਿਤ ਕਰ ਦਿੱਤਾ ਜਾਵੇਗਾ।
ਇਸ ਵਾਰਤਾ ਦੇ ਮੁੱਖ ਏਜੰਡੇ ਬਾਰੇ ਖੁਲਾਸਾ ਕਰਦਿਆਂ ਸੂਤਰਾਂ ਨੇ ਦੱਸਿਆ ਕਿ ਦੋਹਾ ਬੈਠਕ ਵਿੱਚ ਮੁੱਖ ਤੌਰ ’ਤੇ ਦੋ ਅਹਿਮ ਮੁੱਦਿਆਂ—ਹੋਰਮੁਜ਼ ਜਲਡਮਰੂ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਅਤੇ ਕਤਰ ਵਿੱਚ ਫ੍ਰੀਜ਼ (ਰੋਕ ਕੇ) ਰੱਖੇ ਗਏ 6 ਅਰਬ ਡਾਲਰ ਦੇ ਈਰਾਨੀ ਫੰਡਾਂ ਦੀ ਵਰਤੋਂ ’ਤੇ ਚਰਚਾ ਹੋਈ। ਈਰਾਨੀ ਉਪ ਵਿਦੇਸ਼ ਮੰਤਰੀ ਨੇ ਪੁਸ਼ਟੀ ਕੀਤੀ ਕਿ ਕਤਰ ਦੇ ਕੇਂਦਰੀ ਬੈਂਕ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਹ ਤੈਅ ਹੋ ਗਿਆ ਹੈ ਕਿ ਈਰਾਨ ਆਪਣੀਆਂ ਲੋੜਾਂ ਮੁਤਾਬਕ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਕਰਨ ਲਈ ਕਤਰ ਵਿੱਚ ਮੌਜੂਦ ਆਪਣੇ ਇਨ੍ਹਾਂ ਫੰਡਾਂ ਦੀ ਵਰਤੋਂ ਕਰ ਸਕੇਗਾ। ਦੂਜੇ ਪਾਸੇ, ਹੋਰਮੁਜ਼ ਜਲਡਮਰੂ ਰਾਹੀਂ ਗਲੋਬਲ ਤੇਲ ਅਤੇ ਗੈਸ ਜਹਾਜ਼ਾਂ ਦੀ ਬਿਨਾਂ ਕਿਸੇ ਟੈਕਸ ਦੇ 60 ਦਿਨਾਂ ਤੱਕ ਮੁਫ਼ਤ ਆਵਾਜਾਈ ਨੂੰ ਬਹਾਲ ਰੱਖਣ ’ਤੇ ਵੀ ਗੰਭੀਰ ਚਰਚਾ ਹੋਈ, ਹਾਲਾਂਕਿ ਇਸ ਦੇ ਨਿਯੰਤਰਣ ਅਤੇ ਅਗਸਤ ਮਹੀਨੇ ਤੋਂ ਲੱਗਣ ਵਾਲੇ ਟੈਕਸ ਦੇ ਮੁੱਦੇ ’ਤੇ ਅਜੇ ਕੁਝ ਮਤਭੇਦ ਬਾਕੀ ਹਨ।
ਇਸ ਦੌਰਾਨ ਵਾਸ਼ਿੰਗਟਨ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾ ਗੱਲਬਾਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਬੇਹੱਦ ਸਕਾਰਾਤਮਕ ਦੱਸਿਆ ਹੈ। ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, “ਈਰਾਨ ਨਾਲ ਸਾਡੀਆਂ ਬੈਠਕਾਂ ਬਹੁਤ ਵਧੀਆ ਰਹੀਆਂ ਹਨ ਅਤੇ ਈਰਾਨ ਦੇ ਪ੍ਰਮਾਣੂ ਮੁਕਤਰੀਕਰਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਅਸੀਂ ਉਨ੍ਹਾਂ ਨੂੰ ਜੰਗ ਦੌਰਾਨ ਬਹੁਤ ਸਖ਼ਤ ਮਾਰ ਦਿੱਤੀ ਸੀ, ਪਰ ਹੁਣ ਸਾਡੇ ਸਬੰਧ ਬਹੁਤ ਵਧੀਆ ਹੋ ਰਹੇ ਹਨ।” ਹਾਲਾਂਕਿ, ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਸਾਫ਼ ਕੀਤਾ ਕਿ ਪ੍ਰਮਾਣੂ ਪ੍ਰੋਗਰਾਮ ‘ਤੇ ਵਿਸਤ੍ਰਿਤ ਚਰਚਾ 60 ਦਿਨਾਂ ਦੇ ਅੰਦਰ ਹੋਣ ਵਾਲੀ ਅਗਲੀ ਸਿਆਸੀ ਵਾਰਤਾ ਦੌਰਾਨ ਕੀਤੀ ਜਾਵੇਗੀ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਹਾ ਗੱਲਬਾਤ ਨੇ ਜੰਗ ਖ਼ਤਮ ਕਰਨ ਦੀ ਦਿਸ਼ਾ ਵਿੱਚ “ਸਕਾਰਾਤਮਕ ਪ੍ਰਗਤੀ” ਕੀਤੀ ਹੈ ਅਤੇ ਹੁਣ ਅਗਲੀ ਉੱਚ-ਪੱਧਰੀ ਬੈਠਕ ਈਰਾਨ ਦੇ ਸਰਵਉੱਚ ਧਾਰਮਿਕ ਆਗੂ ਆਯਾਤੁੱਲਾ ਅਲੀ ਖ਼ਾਮੇਨਈ ਦੀਆਂ 9 ਜੁਲਾਈ ਨੂੰ ਹੋਣ ਵਾਲੀਆਂ ਅੰਤਿਮ ਰਸਮਾਂ (ਸਪੁਰਦ-ਏ-ਖ਼ਾਕ) ਤੋਂ ਬਾਅਦ ਹੀ ਆਯੋਜਿਤ ਕੀਤੀ ਜਾਵੇਗੀ।

Read News Paper

Related articles

spot_img

Recent articles

spot_img