ਮਿਸੀਸਿਪੀ/ਪੰਜਾਬ ਪੋਸਟ :
ਅਮਰੀਕਾ ਦੇ ਮਿਸੀਸਿਪੀ ਤੱਟ ਨੇੜੇ ਮੈਕਸੀਕੋ ਦੀ ਖਾੜੀ ਵਿੱਚ ਸੇਸਨਾ-210 ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਦੋ ਬੱਚਿਆਂ ਸਮੇਤ ਸਵਾਰ ਸਾਰੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਜਹਾਜ਼ ਨਿਊ ਓਰਲੀਨਜ਼ ਤੋਂ ਫਲੋਰੀਡਾ ਦੇ ਫੋਰਟ ਮਾਇਰਜ਼ ਜਾ ਰਿਹਾ ਸੀ। ਤੱਟ ਰੱਖਿਅਕ ਬਲ ਅਤੇ ਬਚਾਅ ਟੀਮਾਂ ਨੇ ਲਗਭਗ ਚਾਰ ਘੰਟੇ ਤਲਾਸ਼ੀ ਮੁਹਿੰਮ ਚਲਾਈ ਅਤੇ ਗੋਤਾਖੋਰਾਂ ਨੇ ਜਹਾਜ਼ ਦੇ ਮਲਬੇ ਵਿੱਚੋਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ। ਮ੍ਰਿਤਕਾਂ ਵਿੱਚ ਚਾਰ ਬਾਲਗ ਅਤੇ 8 ਤੇ 10 ਸਾਲ ਦੇ ਦੋ ਬੱਚੇ ਸ਼ਾਮਲ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਅਮਰੀਕੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਕੌਮੀ ਆਵਾਜਾਈ ਸੁਰੱਖਿਆ ਬੋਰਡ ਵੱਲੋਂ ਕੀਤੀ ਜਾਵੇਗੀ।







