ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ਨੂੰ ਲੈ ਕੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਭਾਰਤ ਸਮੇਤ ਵਿਸ਼ਵ ਭਰ ਦੇ ਫਾਰਮਾਸਿਊਟੀਕਲ ਖੇਤਰ ਵਿੱਚ ਹਲਚਲ ਮਚ ਗਈ ਹੈ। ਇਸ ਨਵੀਂ ਯੋਜਨਾ ਤਹਿਤ ਅਮਰੀਕਾ ਵਿੱਚ ਬਾਹਰੋਂ ਆਉਣ ਵਾਲੀਆਂ ਜੈਨਰਿਕ ਦਵਾਈਆਂ ‘ਤੇ ਅਗਲੇ ਦੋ ਸਾਲਾਂ ਤੱਕ ਯਾਨੀ 1 ਅਗਸਤ 2026 ਤੋਂ ਲੈ ਕੇ ਜ਼ੀਰੋ ਪ੍ਰਤੀਸ਼ਤ ਟੈਕਸ ਹੀ ਰਹੇਗਾ। ਇਸ ਤੋਂ ਬਾਅਦ ਟੈਕਸਾਂ ਵਿੱਚ ਭਾਰੀ ਵਾਧਾ ਕੀਤਾ ਜਾਵੇਗਾ ਜਿਸ ਤਹਿਤ ਦੋ ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅਗਲੇ ਇੱਕ ਸਾਲ ਲਈ ਟੈਕਸ ਵਧਾ ਕੇ 100 ਫ਼ੀਸਦੀ ਅਤੇ ਫਿਰ 200 ਫ਼ੀਸਦੀ ਕਰ ਦਿੱਤਾ ਜਾਵੇਗਾ।
ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਇਸ ਕਦਮ ਦਾ ਮੁੱਖ ਉਦੇਸ਼ ਜੈਨਰਿਕ ਦਵਾਈਆਂ ਦੇ ਉਤਪਾਦਨ ਨੂੰ ਅਮਰੀਕਾ ਦੇ ਅੰਦਰ ਹੀ ਤਿਆਰ ਕਰਨਾ ਹੈ ਤਾਂ ਜੋ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਦਿੱਤੇ ਗਏ ਸਮੇਂ ਦੇ ਅੰਦਰ ਅਮਰੀਕਾ ਵਿੱਚ ਆਪਣੇ ਪਲਾਂਟ ਅਤੇ ਮਸ਼ੀਨਰੀ ਤਿਆਰ ਨਹੀਂ ਕਰਨਗੀਆਂ, ਉਨ੍ਹਾਂ ਨੂੰ ਭਾਰੀ ਜੁਰਮਾਨੇ ਵਜੋਂ ਇਸ ਭਾਰੀ-ਭਰਕਮ ਟੈਕਸ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ ਪੇਟੈਂਟ ਅਤੇ ਬ੍ਰਾਂਡਡ ਦਵਾਈਆਂ ਦੀ ਨੀਤੀ ਪਹਿਲਾਂ ਵਾਂਗ ਹੀ ਜਾਰੀ ਰਹੇਗੀ।
ਯੂ.ਐੱਸ. ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ) ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਵਰਤੀਆਂ ਜਾਣ ਵਾਲੀਆਂ ਕੁੱਲ ਦਵਾਈਆਂ ਵਿੱਚੋਂ 90 ਫ਼ੀਸਦੀ ਤੋਂ ਵੱਧ ਹਿੱਸਾ ਜੈਨਰਿਕ ਦਵਾਈਆਂ ਦਾ ਹੈ। ਭਾਰਤ ਨੂੰ ਵਿਸ਼ਵ ਦੀ ‘ਫਾਰਮੇਸੀ’ ਕਿਹਾ ਜਾਂਦਾ ਹੈ ਅਤੇ ਇਹ ਅਮਰੀਕਾ ਨੂੰ ਵੱਡੇ ਪੱਧਰ ‘ਤੇ ਸਸਤੀਆਂ ਜੈਨਰਿਕ ਦਵਾਈਆਂ ਬਰਾਮਦ ਕਰਦਾ ਹੈ। ਇਸ ਐਲਾਨ ਤੋਂ ਬਾਅਦ ਭਾਰਤੀ ਫਾਰਮਾ ਸੈਕਟਰ ਲਈ ਆਉਣ ਵਾਲੇ ਸਾਲਾਂ ਵਿੱਚ ਅਮਰੀਕੀ ਬਾਜ਼ਾਰ ਵਿੱਚ ਆਪਣੀ ਪਕੜ ਬਣਾਈ ਰੱਖਣ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਅਮਰੀਕੀ ਬਾਜ਼ਾਰ ਵਿੱਚ ਦਵਾਈਆਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਅਮਰੀਕਾ ਦਾ ਜੈਨਰਿਕ ਦਵਾਈਆਂ ‘ਤੇ ਨਵਾਂ ਟੈਕਸ ਐਲਾਨ: ਪਹਿਲੇ ਦੋ ਸਾਲ ਕੋਈ ਡਿਊਟੀ ਨਹੀਂ, ਬਾਅਦ ਵਿੱਚ ਲੱਗੇਗਾ 200 ਫ਼ੀਸਦੀ ਤੱਕ ਟੈਕਸ

Published:






