ਵਾਸ਼ਿੰਗਟਨ/ਤੇਹਰਾਨ/ਪੰਜਾਬ ਪੋਸਟ
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਭਖਦੀ ਜਾ ਰਹੀ ਹੈ ਅਤੇ ਅਮਰੀਕੀ ਫ਼ੌਜ ਨੇ ਹਾਲ ਹੀ ਵਿੱਚ ਈਰਾਨੀ ਠਿਕਾਣਿਆਂ ‘ਤੇ ਲਗਾਤਾਰ ਨੌਵੇਂ ਦਿਨ ਵੀ ਆਪਣੇ ਹਵਾਈ ਹਮਲੇ ਜਾਰੀ ਰੱਖੇ ਹਨ। ਅਮਰੀਕੀ ਸੈਂਟਰਲ ਕਮਾਂਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਤਾਜ਼ਾ ਹਮਲੇ ਈਰਾਨ ਦੇ ਮਿਲਟਰੀ ਕਮਾਂਡ ਸੈਂਟਰਾਂ, ਏਅਰ ਡਿਫੈਂਸ, ਤੱਟਵਰਤੀ ਨਿਗਰਾਨੀ ਸਾਈਟਾਂ ਅਤੇ ਮਿਜ਼ਾਈਲ ਤੇ ਡਰੋਨ ਲਾਂਚ ਪੈਡਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਗਏ ਹਨ, ਤਾਂ ਜੋ ਹਾਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਵਧਦੇ ਤਣਾਅ ਅਤੇ ਟਕਰਾਅ ਦੌਰਾਨ ਅਮਰੀਕੀ ਫ਼ੌਜ ਨੂੰ ਵੀ ਭਾਰੀ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਵਾਸ਼ਿੰਗਟਨ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਮਰੀਕਾ ਨੇ ਇਸ ਵਾਰ ਈਰਾਨ ‘ਤੇ ਬਹੁਤ ਸਖ਼ਤ ਜਵਾਬੀ ਕਾਰਵਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪਿਛਲੇ ਕੁਝ ਦਿਨਾਂ ਵਿੱਚ ਹੋਏ ਵੱਖ-ਵੱਖ ਹਮਲਿਆਂ ਕਾਰਨ ਅਮਰੀਕੀ ਫ਼ੌਜ ਦੇ ਮ੍ਰਿਤਕਾਂ ਦੀ ਗਿਣਤੀ ਵਧ ਕੇ 17 ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਅਮਰੀਕੀ ਪ੍ਰਸ਼ਾਸਨ ਵੱਲੋਂ ਹਮਲਿਆਂ ਦਾ ਘੇਰਾ ਹੋਰ ਵਿਸ਼ਾਲ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਖੇਤਰ ਵਿੱਚ ਮੌਜੂਦ ਅਮਰੀਕੀ ਟਿਕਾਣਿਆਂ ਅਤੇ ਸਹਿਯੋਗੀ ਦੇਸ਼ਾਂ ਵਿੱਚ ਬਣੇ ਫ਼ੌਜੀ ਅੱਡਿਆਂ ਨੂੰ ਆਪਣੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਹੈ। ਇਸ ਖੇਤਰੀ ਤਣਾਅ ਦੇ ਚਲਦਿਆਂ ਹਾਰਮੁਜ਼ ਜਲਡਮਰੂ ਵਿੱਚ ਮਾਰਗ ਪ੍ਰਭਾਵਿਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 90 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ, ਜਿਸ ਨਾਲ ਗਲੋਬਲ ਅਰਥਵਿਵਸਥਾ ਨੂੰ ਵੀ ਵੱਡਾ ਝਟਕਾ ਲੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਜੰਗ ਨੂੰ ਹੋਰ ਭੜਕਣ ਤੋਂ ਰੋਕਿਆ ਜਾ ਸਕੇ।
ਅਮਰੀਕਾ ਵੱਲੋਂ ਲਗਾਤਾਰ ਨੌਵੇਂ ਦਿਨ ਈਰਾਨ ‘ਤੇ ਹਵਾਈ ਹਮਲੇ ਜਾਰੀ, ਅਮਰੀਕੀ ਫ਼ੌਜੀਆਂ ਦੇ ਨੁਕਸਾਨ ਕਾਰਨ ਵਧੀ ਤਲਖੀ

Published:






