ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਲੈ ਕੇ ਇੱਕ ਹੋਰ ਸਖ਼ਤ ਅਤੇ ਵੱਡਾ ਕਦਮ ਚੁੱਕਦਿਆਂ ਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਸਖ਼ਤ ਆਰਥਿਕ ਜੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਇਸ ਨੂੰ ‘ਆਰਥਿਕ ਡੀ-ਡੇਅ’ ਕਰਾਰ ਦਿੱਤਾ ਹੈ।
ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵੱਲੋਂ ਈਰਾਨ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਨਵਾਂ ਮੁਹਿੰਮ ਮਾਡਲ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਦੇਸ਼, ਵਿੱਤੀ ਸੰਸਥਾ, ਕਾਰੋਬਾਰੀ ਅਦਾਰਾ ਜਾਂ ਸਰਕਾਰੀ ਇਕਾਈ ਈਰਾਨ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਜਾਂ ਲੌਜਿਸਟਿਕਸ ਮਦਦ (ਜਿਵੇਂ ਕਿ ਤੇਲ ਦੀ ਤਸਕਰੀ, ਨਕਦ ਲੈਣ-ਦੇਣ, ਕਰੰਸੀ ਸਵੈਪ ਜਾਂ ਫ਼ਰਜ਼ੀ ਕੰਪਨੀਆਂ ਰਾਹੀਂ ਸਹਿਯੋਗ) ਦੇਵੇਗੀ, ਉਸ ਨੂੰ ਵੀ ਗੰਭੀਰ ਆਰਥਿਕ ਨਤੀਜੇ ਭੁਗਤਣੇ ਪੈਣਗੇ।
ਟਰੰਪ ਨੇ ਦਾਅਵਾ ਕੀਤਾ ਕਿ ਫ਼ੌਜੀ ਕਾਰਵਾਈਆਂ ਤੋਂ ਬਾਅਦ ਈਰਾਨ ਦੀ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੀ ਕਰੰਸੀ ਵੀ ਕਮਜ਼ੋਰ ਹੋ ਚੁੱਕੀ ਹੈ। ਦੂਜੇ ਪਾਸੇ, ਈਰਾਨੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਦੀ ਇਸ ਧਮਕੀ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੀਆਂ ਅਜਿਹੀਆਂ ‘ਪੁਰਾਣੀਆਂ ਅਤੇ ਫ਼ੇਲ੍ਹ ਨੀਤੀਆਂ’ ਦਾ ਈਰਾਨ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਉਹ ਇਸ ਦਾ ਡਟ ਕੇ ਮੁਕਾਬਲਾ ਕਰਨਗੇ। ਇਸ ਨਵੇਂ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮੁੜ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਈਰਾਨ ਵਿਰੁੱਧ ‘ਆਰਥਿਕ ਡੀ-ਡੇਅ’ ਦਾ ਐਲਾਨ, ਮਦਦ ਕਰਨ ਵਾਲੇ ਦੇਸ਼ਾਂ ਨੂੰ ਭਾਰੀ ਨਤੀਜੇ ਭੁਗਤਣ ਦੀ ਚੇਤਾਵਨੀ

Published:






