ਨਵੀਂ ਦਿੱਲੀ/ਪੰਜਾਬ ਪੋਸਟ
ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਾਇਰਲ ਹੋ ਰਹੀ ਵਿਅੰਗਾਤਮਕ (ਸੈਟਾਇਰਿਕ) ਮੁਹਿੰਮ ‘ਕਾਕਰੋਚ ਜਨਤਾ ਪਾਰਟੀ’ ਦਾ ਅਧਿਕਾਰਤ ਐਕਸ (ਪੁਰਾਣਾ ਟਵਿੱਟਰ) ਅਕਾਊਂਟ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਵੀਰਵਾਰ, 21 ਮਈ 2026 ਨੂੰ ਇਸ ਅਕਾਊਂਟ ‘ਤੇ ਭਾਰਤ ਵਿੱਚ ਰੋਕ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਇਸ ਦੇ ਫਾਊਂਡਰ ਅਭਿਜੀਤ ਦਿਪਕੇ ਨੇ ਇੱਕ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪਾਰਟੀ ਦੇ ਸੰਸਥਾਪਕ ਪ੍ਰਧਾਨ ਅਭਿਜੀਤ ਦਿਪਕੇ ਨੇ ਆਪਣੇ ਨਿੱਜੀ ਅਕਾਊਂਟ ਤੋਂ ਪੋਸਟ ਕਰਦਿਆਂ ਲਿਖਿਆ, “ਜਿਵੇਂ ਕਿ ਉਮੀਦ ਸੀ, ਕਾਕਰੋਚ ਜਨਤਾ ਪਾਰਟੀ ਦੇ ਅਕਾਊਂਟ ‘ਤੇ ਭਾਰਤ ਵਿੱਚ ਰੋਕ ਲਗਾ ਦਿੱਤੀ ਗਈ ਹੈ।” ਉਨ੍ਹਾਂ ਸਵਾਲ ਚੁੱਕਿਆ ਕਿ ਸਰਕਾਰ ਨੌਜਵਾਨਾਂ ਦੇ ਮਜ਼ਾਕ ਅਤੇ ਵਿਅੰਗ ਤੋਂ ਇੰਨੀ ਕਿਉਂ ਡਰ ਗਈ ਹੈ? ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ।
ਇਹ ਕਾਰਵਾਈ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਇਸ ਡਿਜੀਟਲ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ 8.8 ਮਿਲੀਅਨ (88 ਲੱਖ) ਫਾਲੋਅਰਜ਼ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ‘ਤੇ ਫਾਲੋਅਰਜ਼ ਦੀ ਗਿਣਤੀ 13.8 ਮਿਲੀਅਨ (1 ਕਰੋੜ 38 ਲੱਖ) ਤੋਂ ਪਾਰ ਪਹੁੰਚ ਚੁੱਕੀ ਹੈ। ਐਕਸ ‘ਤੇ ਬਲੌਕ ਹੋਣ ਤੋਂ ਪਹਿਲਾਂ ਇਸ ਦੇ 2 ਲੱਖ 9 ਹਜ਼ਾਰ ਤੋਂ ਵੱਧ ਫਾਲੋਅਰਜ਼ ਹੋ ਗਏ ਸਨ। ਅਕਾਊਂਟ ਬਲੌਕ ਹੋਣ ਤੋਂ ਤੁਰੰਤ ਬਾਅਦ ਪਾਰਟੀ ਨੇ ਇੱਕ ਨਵਾਂ ਐਕਸ ਹੈਂਡਲ ਵੀ ਤਿਆਰ ਕਰ ਲਿਆ ਹੈ, ਜਿਸ ‘ਤੇ ਮਹਿਜ਼ 30 ਮਿੰਟਾਂ ਵਿੱਚ 4000 ਤੋਂ ਵੱਧ ਲੋਕ ਜੁੜ ਗਏ।
ਇਸ ਡਿਜੀਟਲ ਅੰਦੋਲਨ ਦੀ ਸ਼ੁਰੂਆਤ 16 ਮਈ 2026 ਨੂੰ ਹੋਈ ਸੀ। ਦਰਅਸਲ, 15 ਮਈ ਨੂੰ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਕਥਿਤ ਤੌਰ ‘ਤੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੁਝ ਐਕਟਿਵਿਸਟਾਂ ਦੀ ਤੁਲਨਾ ‘ਕਾਕਰੋਚਾਂ’ ਅਤੇ ‘ਪਰਜੀਵੀਆਂ’ (ਪੈਰਾਸਾਈਟਸ) ਨਾਲ ਕਰਨ ਦੀ ਟਿੱਪਣੀ ਸਾਹਮਣੇ ਆਈ ਸੀ। ਹਾਲਾਂਕਿ ਬਾਅਦ ਵਿੱਚ ਚੀਫ਼ ਜਸਟਿਸ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦਾ ਇਸ਼ਾਰਾ ਗਲਤ ਤਰੀਕੇ ਨਾਲ ਡਿਗਰੀਆਂ ਲੈ ਕੇ ਸਿਸਟਮ ਵਿੱਚ ਆਉਣ ਵਾਲੇ ਲੋਕਾਂ ਵੱਲ ਸੀ, ਪਰ ਇੰਟਰਨੈੱਟ ‘ਤੇ ਇਸ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ।
‘ਕਾਕਰੋਚ ਜਨਤਾ ਪਾਰਟੀ’ ਦਾ ਐਕਸ ਅਕਾਊਂਟ ਭਾਰਤ ਵਿੱਚ ਬਲੌਕ

Published:






