ਕੋਲਕਾਤਾ ਵਿੱਚ ਹੋਇਆ ਸ਼ਾਨਦਾਰ ਸਹੁੰ ਚੁੱਕ ਸਮਾਗਮ
ਕੋਲਕਾਤਾ/ਪੰਜਾਬ ਪੋਸਟ
ਪੱਛਮੀ ਬੰਗਾਲ ਦੀ ਸਿਆਸਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂ ਸੁਭੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਰਾਜ ਦੀ ਵਾਗਡੋਰ ਸੰਭਾਲ ਲਈ ਹੈ। ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਆਯੋਜਿਤ ਕੀਤੇ ਗਏ ਇੱਕ ਵਿਸ਼ਾਲ ਸਮਾਗਮ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਵਿਧਾਨ ਸਭਾ ਚੋਣਾਂ 2026 ਵਿੱਚ ਭਾਜਪਾ ਨੇ 294 ਮੈਂਬਰੀ ਵਿਧਾਨ ਸਭਾ ਵਿੱਚੋਂ 207 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ ਹੈ। ਸੁਭੇਂਦੂ ਅਧਿਕਾਰੀ ਨੇ ਭਵਾਨੀਪੁਰ ਅਤੇ ਨੰਦੀਗ੍ਰਾਮ ਦੋਵਾਂ ਸੀਟਾਂ ਤੋਂ ਜਿੱਤ ਦਰਜ ਕੀਤੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਸੁਭੇਂਦੂ ਅਧਿਕਾਰੀ ਦੇ ਨਾਲ 5 ਹੋਰ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ, ਜਿਨ੍ਹਾਂ ਵਿੱਚ ਦਿਲੀਪ ਘੋਸ਼, ਅਗਨੀਮਿਤਰਾ ਪਾਲ, ਅਸ਼ੋਕ ਕੀਰਤਨੀਆ, ਖੁਦੀਰਾਮ ਟੂਡੂ ਅਤੇ ਨਿਸੀਥ ਪ੍ਰਮਾਣਿਕ ਸ਼ਾਮਲ ਹਨ।
ਇਸ ਜਿੱਤ ਨਾਲ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦਾ 15 ਸਾਲ ਪੁਰਾਣਾ ਰਾਜ ਖ਼ਤਮ ਹੋ ਗਿਆ ਹੈ। ਟੀ.ਐਮ.ਸੀ ਇਸ ਵਾਰ ਸਿਰਫ਼ 80 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਸੁਭੇਂਦੂ ਅਧਿਕਾਰੀ ਨੇ ਬੰਗਾਲ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਰਾਜ ਵਿੱਚ ਵਿਕਾਸ ਅਤੇ ਸ਼ਾਂਤੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ।







