ਚੰਡੀਗੜ੍ਹ/ਪੰਜਾਬ ਪੋਸਟ: ਪੰਜਾਬ ਸਰਕਾਰ ਨੇ ਗ੍ਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ 15 ਹਜ਼ਾਰ ਕਰੋੜ ਰੁਪਏ ਜੁਟਾਉਣ ਲਈ ਜਾਰੀ ਕੀਤੇ ਗਏ ਵਿਵਾਦਤ ਟੈਂਡਰ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਗੁਜਰਾਤ ਦੀ ਇੱਕ ਕੰਪਨੀ ਦੀ ਚੋਣ ਕੀਤੀ ਗਈ ਸੀ, ਜਿਸ ਨੂੰ ਫੰਡ ਜੁਟਾਉਣ ਬਦਲੇ 191.16 ਕਰੋੜ ਰੁਪਏ ਫੀਸ ਦਿੱਤੀ ਜਾਣੀ ਸੀ। ਪਰ ਕੰਪਨੀ ਵੱਲੋਂ ਲੇਖਾ-ਜੋਖਾ ਪ੍ਰਣਾਲੀ ਬਦਲਣ ’ਤੇ ਜ਼ੋਰ ਦਿੱਤਾ ਗਿਆ, ਜਦਕਿ ਗਮਾਡਾ ਪਹਿਲਾਂ ਤੋਂ ਦੋਹਰੀ ਲੇਖਾ ਪ੍ਰਣਾਲੀ ਅਪਣਾ ਰਿਹਾ ਹੈ। ਇਸ ਤਬਦੀਲੀ ਵਿੱਚ ਘੱਟੋ-ਘੱਟ ਛੇ ਮਹੀਨੇ ਲੱਗਣ ਦੀ ਸੰਭਾਵਨਾ ਕਾਰਨ ਟੈਂਡਰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਵੀ ਸਾਹਮਣੇ ਆਇਆ। ਉਧਰ, ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਇਸ ਫੰਡ ਜੁਟਾਉਣ ਦੀ ਯੋਜਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਗਮਾਡਾ ਦਾ 15 ਹਜ਼ਾਰ ਕਰੋੜ ਰੁਪਏ ਦਾ ਫੰਡ ਜੁਟਾਉਣ ਵਾਲਾ ਟੈਂਡਰ ਰੱਦ ਕਰਨ ਦੀ ਕਾਰਵਾਈ ਸ਼ੁਰੂ







