ਭਰਵੀਆਂ ਟਾਹਲੀਆਂ ਦੀ ਸੰਘਣੀ ਛਾਂ ਵਿੱਚੋਂ ਦੀ ਲੰਘ ਕੇ, ਤਾਰੋ ਚੌੜੇ ਰਾਹ ਉੱਪਰ ਪਿੰਡ ਵਲ ਨੂੰ ਤੁਰ ਪਈ। ਸਾਰੇ ਦਿਨ ਦੀ ਥਕਾਵਟ ਨਾਲ ਉਸਨੂੰ ਆਪਣਾ ਅੰਗ ਅੰਗ ਦੱੁਖਦਾ ਲੱਗਿਆ ਜਿਵੇਂ ਹੱਡ-ਭੰਨਣੀ ਨਾਲ ਉਸਨੂੰ ਭਖ਼ ਜਿਹੀ ਹੋ ਗਈ ਹੋਵੇ, ਉਸਨੇ ਆਪਣੇ ਹੱਥ ਨਾਲ ਕੁੜਤੀ ਥੱਲੇ ਦੀ ਢਿੱਡ ਪਲੋਸਿਆ, ਉਸਨੂੰ ਕੋਸਾ ਕੋਸਾ ਜਾਪਿਆ। ਉਹ ਪਿੰਡ ਦੇ ਨੇੜੇ ਆ ਗਈ ਸੀ। ਪਿੰਡੋਂ ਬਾਹਰ ਫਿਰਨੀ ਲਾਗੇ ਹਰੀ ਬਰਛਾ ਲਈ ਖੜ੍ਹਾ ਸੀ। ਉਸਨੇ ਡੂੰਘੀ ਪੜਤਾਲਵੀਂ ਨਿਗਾਹ ਦੂਰੋਂ ਤੁਰੀ ਆਉਦੀ ਤਾਰੋ ਵੰਨੀ ਤੱਕਿਆ, ਤੇ ਫਿਰ ਆਸ ਪਾਸ ਨਿਗਾਹ ਮਾਰੀ। ਤਾਰੋ ਨੂੰ ਲੱਗਿਆ ਜਿਵੇਂ ਬਰਛਾ ਉਸਦੀ ਹਿੱਕ ਵਿੱਚ ਆ ਖੁੱਭਿਆ ਹੋਵੇ। ਸਿਰ ਤੇ ਚੁੱਕੀ ਛਿੱਟੀਆਂ ਦੀ ਭਰੀ ਦੇ ਸੱਪ ਬਣ ਕੇ ਉਸਦੇ ਜਿਸਮ ਦੇ ਰੀਂਗ ਗਏ ਤੇ ਉਸਦੇ ਚਿਹਰੇ ਤੇ ਗ਼ੁੱਸੇ ਦੀ ਤ੍ਰੇਲੀ ਆ ਗਈ। ਉਹ ਹਰੀ ਦੇ ਹੋਰ ਨਜ਼ਦੀਕ ਆ ਗਈ। ਹਰੀ ਦੇ ਗਲੋਂ ਇੱਕ ਦਬਵਾਂ ਜਿਹਾ ਖੰਘੂਰਾ ਨਿਕਲਿਆ ਜਿਵੇਂ ਆਪਣੇ ਖੜ੍ਹੇ ਹੋਣ ਦਾ ਅਹਿਸਾਸ ਉਸਨੇ ਕਰਾਇਆ। ‘ਕਏਂ ਤਾਂ ਗੱਡਾ ਲੱਦ ਕੇ ਛੱਡ ਆਵਾਂ ਘਰੇ?’ ਹਰੀ ਨੇ ਆਪਣਾ ਚਾਦਰਾ ਛੱਡਿਆ ਤੇ ਖਚਰੀ ਜਿਹੀ ਨਿਗਾਹ ਨਾਲ ਤਾਰੋ ਵੰਨੀ ਝਾਕਿਆ। ‘ਤੂੰ…ਈ ਆਜੀਂ…’ ਕਹਿ ਕੇ ਤਾਰੋ ਨੇ ਭੁੰਜੇ ਥੁੱਕ ਦਿੱਤਾ। ਹਰੀ ਚੁੱੁਪ ਰਿਹਾ ਤੇ ਆਪਣੇ ਪ੍ਰਤੀ ਹੋਈ ਨਗੂਣਤਾ ਨੂੰ ਮੁੱਛਾਂ ਦੇ ਤਾਅ ਦੇਣ ਵਿੱਚ ਲਕੋ ਗਿਆ। ‘… ਨਾ ਬੋਲਿਆ ਨਾ…?’’ ਤਾਰੋ ਨੇ ਛਿੱਟੀਆਂ ਦੀ ਭਰੀ ਨੂੰ ਹੱਥਾਂ ਤੇ ਅਗਾਸ ਕੇ ਦੱਬੀ ਧੌਣ ਨੂੰ ਸਿੱਧਾ ਕੀਤਾ ਤੇ ਕੁਝ ਸੋਚ ਕੇ ਗ਼ੁੱਸੇ ’ਚ ਸੁਕੜੇ ਬੁੱਲਾਂ ਨੂੰ ਥੋੜਾ ਜਿਹਾ ਹਾਸੇ ’ਚ ਵਟਾ ਲਿਆ। ‘ਖੂਹ ਤੇ ਈ ਆਜੀਂ, ਫਿਰ…’ ਹਰੀ ਨੇ ਇੱਕ ਅੱਖ ਦਾ ਭਰਵੱਟਾ ਉਤਾਂਹ ਵਲ ਨੂੰ ਚੱੁਕ ਕੇ ਆਖਿਆ ਤੇ ਮਿੰਨ੍ਹਾ ਜਿਹਾ ਹੱਸਿਆ। ਉਸਦੇ ਲੱਗਿਆ ਸੋਨੇ ਦਾ ਦੰਦ ਸੱਪ ਦੀ ਅੱਖ ਵਾਂਗ ਲਿਸ਼ਕ ਗਿਆ। ‘ਆਥਣੇ ਕੱਲ ਨੂੰ ਕਹਿਣ ਨੂੰ ਤਾਂ ਤਾਰੋ ਕਹਿ ਗਈ, ਪਰ ਅਚੇਤ ਮਨ ’ਚ ਡਰ ਅਤੇ ਰੋਹ ਦੋਹਾਂ ਨਾਲ ਹੀ ਉਲਝ ਗਈ, ਕਣਕਵੰਨੇ ਚਿਹਰੇ ਤੇ ਤਨਾਅ ਜਿਹਾ ਹੋ ਗਿਆ। ਹਰੀ ਨੂੰ ਤਾਰੋ ਦੇ ਇਸ ਬਦਲੇ ਰੌਂਅ ਦੀ ਬਿਲਕੁਲ ਆਸ ਨਹੀਂ ਸੀ। ਖ਼ੁਸ਼ੀ ਨਾਲ ਖਿਲਰੀਆਂ ਉਸਦੀਆਂ ਵਾਛਾਂ ਤੇ ਡੁੱਬਦੇ ਸੂਰਜ ਦੀ ਲਾਲੀ ਪਸਰ ਗਈ ਤੇ ਉਹ ਫਿਰਨਿਉ ਲਹਿੰਦੇ ਵਲ ਨੂੰ ਤੁਰ ਗਿਆ। ਛਿੱਟੀਆਂ ਦੀ ਭਰੀ ਚੁੱਕੀ ਜਾਂਦੀ ਤਾਰੋ ਨੇ ਇੱਕ ਵਾਰ ਪਿਛਾਂਹ ਮੁੜ ਕੇ ਹਰੀ ਵਲ ਦੇਖਿਆ। ਡੁੱਬਦੇ ਜਾਂਦੇ ਸੂਰਜ ਸਾਹਮਣੇ ਉਹ ਉਸਨੂੰ ਪਰਛਾਵੇਂ ਵਾਂਗ ਦਿਸਿਆ। ਫਿਰ ਸੋਚਦੀ ਸੋਚਦੀ ਦੇ ਸਾਰਾ ਕੁਝ ਅੱਖਾਂ ਸਾਹਮਣੇ ਆ ਖੜ੍ਹਾ ਹੋਇਆ। ਕਣਕਾਂ ਦੀ ਵਾਢੀ ਜ਼ੋਰਾਂ ਉੱਪਰ ਸੀ। ਸਮਾਂ ਬੜਾ ਚੰਗਾ ਲੱਗਿਆ ਸੀ। ਕਣਕਾਂ ਇੱਕ ਵਾਰ ਹੀ ਆ ਗਈਆਂ ਸਨ। ਦਿਹਾੜੀਏ ਲੱਭਿਆ ਨਹੀਂ ਮਿਲਦੇ ਸਨ। ਜੱਟਾਂ ਦੀ ਈਨ ਮੰਨਣ ਨਾਲੋਂ ਬਹੁਤੇ ਤਾਂ ਇਹਨਾਂ ਦਿਨਾਂ ’ਚ ਵੀ ਸ਼ਹਿਰ ਦਿਹਾੜੀ ਕਰਦੇ ਸਨ। ਹਰੀ ਦੀ ਕਣਕ ਵੱਢਣ ਖੁਣੋਂ ਖ਼ਰਾਬ ਹੋਣ ਦਾ ਡਰ ਸੀ ਜਿਵੇਂ ਵੀ ਵੱਧ ਕਰਕੇ ਜਾਂ ਘੱਟ ਕਰਕੇ ਉਸਨੇ ਬੜੇ ਹੀ ਦਿਹਾੜੀਏ ਲਾਏ ਹੋਏ ਸਨ-ਤੇ ਇਵੇਂ ਹੀ ਉਸਨੇ ਤਾਰੋ ਦੇ ਬਾਪੂ ਬੰਤੇ ਨੂੰ ਵੀਹਵੇਂ ਥੱਬੇ ਮਨਾ ਲਿਆ। ਬੰਤਾ ਜਿਵੇਂ ਜਿਵੇਂ ਕਣਕ ਵੱਢਦਾ-ਤਾਰੋ ਉਸ ਨਾਲ ਥੱਬੇ ਲੁਆਉਦੀ ਤੇ ਉਸ ਨੂੰ ਆਪਣੇ ਹਿੱਸੇ ਆਉਦੀ ਲਾਣ ਦੀ ਭਰੀ ਚੁੱਕ ਲਿਆਉਦੀ ਤੇ ਥੱਕਿਆ ਟੱੁਟਿਆ ਬੰਤਾ ਦਾਤੀ ਤੇ ਗਮਛਾ ਚੁੱਕੀ ਉਸਦੇ ਮੂਹਰੇ ਮੂਹਰੇ ਘਰ ਆ ਜਾਂਦਾ। ਤਾਰੋ ਦੀ ਸਹੇਲੀ ਇੰਦੋ ਸਾਰਾ ਦਿਨ ਖੇਤਾਂ ’ਚ ਸਿਲਾ ਚੁਗਦੀ, ਪਰ ਘਰੇ ਮੁੜਦਿਆਂ ਉਸਦੇ ਸਿਰ ਉੱਪਰ ਤਾਰੋ ਨਾਲੋਂ ਵੀ ਵੱਡੀ ਭਰੀ ਹੁੰਦੀ। ਤਾਰੋ ਦੋ ਤਿੰਨ ਦਿਨ ਇਹ ਵੇਂਹਦੀ ਰਹੀ। ਤਾੜਦੀ ਰਹੀ। ਹਰੀ ਇੰਦੋ ਦੇ ਨੇੜੇ-ਨੇੜੇ ਹੀ ਘੁੰਮਦਾ ਰਹਿੰਦਾ। ਕਈ ਵਾਰ ਉਸ ਨੂੰ ਛੇੜ ਜਾਂਦਾ। ਉਹ ਹੱਸ ਦਿੰਦੀ ਤੇ ਖੜੀ ਕਣਕ ਦੇ ਸਿੱਟੇ ਹੀ ਮਰੁੰਡ ਲੈਂਦੀ। ਇੱਕ ਦੁਪਹਿਰੇ, ਸਾਰੇ ਦਿਹਾੜੀਏ ਰੋਟੀ ਖਾ ਰਹੇ ਸਨ, ਪਰ ਤਾਰੋ ਨੂੰ ਇੰਦੋ ਕਿਧਰੇ ਨਹੀਂ ਦਿਸੀ। ਆਪਣੇ ਬਾਪੂ ਕੋਲ ਬੈਠੀ ਨੇ ਉਚਾਵੀਂ ਨਿਗਾਹ ਨਾਲ ਹਰੀ ਭਾਲਿਆ- ਉਹ ਵੀ ਹੋਰ ਅਗਾਂਹ ਵਧ ਜਾਂਦੀ-ਜੇ ਉਸਨੂੰ ਖੂਹ ਤੇ ਪਾਈ ਝੁੱਗੀ ਕੋਲ ਬੇ-ਧਿਆਨ ਖੜ੍ਹੀ ਇੰਦੋ ਨਾ ਦਿਸ ਜਾਂਦੀ। ਜਿਵੇਂ ਧਰਤੀ ਨੇ ਤਾਰੋ ਦੇ ਪੈਰ ਜਕੜ ਲਏ ਹੋਣ ਤੇ ਚੁਫੇਰੇ ਖੜੀਆਂ ਕਣਕਾਂ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੋਵੇ, ਤੇ ਉਹ ਆਪ ਸਾਰੀ ਦੀ ਸਾਰੀ ਉਸ ਵਿੱਚ ਮੱਚ ਗਈ ਹੋਵੇ। ਇੰਦੋ ਸਲਵਾਰ ਦੇ ਵਲ ਠੀਕ ਕਰਦੀ ਝੁੱਗੀਓਂ ਬਾਹਰ ਆ ਰਹੀ ਸੀ, ਤੇ ਹਰੀ ਪਰਲੇ ਪਾਸੇ ਦੀ ਲੰਘ ਕੇ ਕੱਸੀ ਵਲ ਨੂੰ ਤੁਰ ਗਿਆ ਸੀ। ਤਰਕਾਲਾਂ ਵੇਲੇ ਇੰਦੋ ਦੇ ਸਿਰ ਤੇ ਤਾਰੋ ਨਾਲੋਂ ਡੂਢੀ ਭਰੀ ਸੀ। ਦੁਪਹਿਰ ਵਾਲੀ ਗੱਲ ਚਿਤਵਦਿਆਂ ਤਾਰੋ ਨੂੰ ਕਚਿਆਣ ਜਿਹੀ ਆ ਗਈ। ਇੰਦੋ ਦੀ ਭਰੀ ਵਿੱਚੋਂ ਕਣਕ ਦੇ ਸਿੱਟੇ ਠੂੰਹੇ ਬਣ ਬਣ ਜਿਵੇਂ ਤਾਰੋ ਨੂੰ ਡਸ ਗਏ। ਤੇ ਉਹ ਆਪਣੇ ਬਾਪੂ ਨੂੰ ਪਿੱਛੇ ਹੀ ਛੱਡ ਕਾਹਲੀ ਕਾਹਲੀ ਘਰ ਆ ਗਈ। ਦੂਸਰੇ ਦਿਨ, ਤਾਰੋ ਦਾ ਬਾਪੂ ਕੁਝ ਢਿੱਲਾ ਸੀ। ਮਨ ਮਾਰ ਕੇ ਉਸ ਤੋਂ ਠੀਕ ਤਰ੍ਹਾਂ ਵਾਢੀ ਨਹੀਂ ਹੋਈ। ਤੇ ਅੱਜ ਜਦੋਂ ਤਾਰੋ ਆਪਣੇ ਹਿੱਸੇ ਆਉਦੇ ਥੱਬੇ ਇਕੱਠੇ ਕਰਨ ਲੱਗੀ; ਲਾਗ ਚਾਗ ਹੀ ਫਿਰਦੇ ਹਰੀ ਨੇ ਆਣ ਕੇ ਕਿਹਾ- ‘ਬਾਪੂ ਬਮਾਰ ਦਾ ਨਾ ਝੋਰਾ ਕਰੀਂ- ਜਿੰਨੇ ਮਰਜ਼ੀ ਐ ਲੈ ਜਾ… ਜਿੰਨਾਂ ਚਕਲੇਂ’ ਤੇ ਉਸਨੇ ਤਾਰੋ ਦੀ ਬਾਂਹ ਫੜ੍ਹ ਲੈਣ ਵਾਂਗ ਹੱਥ ਵਧਾਇਆ। ‘ਇਹ ਇੰਦੋ ਦੀ ਬਾਂਹ ਨੀਂ ਤੇਰੇ ਥੱਬਿਆਂ ਨੂੰ ਅਸੀਂ ਕੀ ਅੱਗ ਲੌਣੀ ਐਂ? ਉਹ ਕੁਚਲੇ ਸੱਪ ਵਾਂਗ ਵਿਸ ਘੋਲ ਗਈ ਤੇ ਬੰਤੇ ਨੇ ਇਹ ਸਭ ਕੁਝ ਸੁਣ ਗਿਆ। ‘ਤਾਰੋ, ਤੂੰ ਜਾ ਘਰ ਨੂੰ, ਮੈਂ ਆਪੇ ਚੁੱਕ ਲਿਆਊਂ…’ ਪਰ ਤਾਰੋ ਖੜੀ ਰਹੀ। ‘ਹਰੀ ਸਿਆਂ ਜੇ ਆ ਕੁਸ਼ ਈ ਕਰਨਾ ਹੁੰਦਾ, ਮੈਂ ਬੁੱਢਾ ਕਾਹਨੂੰ ਹੱਡ ਰੋਲਦਾ…’ ਬੰਤੇ ਨੇ ਹੱਥ ਵਿੱਚ ਫੜ੍ਹੀ ਦਾਤੀ ਕੁਝ ਇਸ ਤਰ੍ਹਾਂ ਹਿਲਾਈ; ਹਰੀ ਨੂੰ ਲੱਗਿਆ_ ਜਿਵੇਂ ਦਾਤੀ ਉਸਦੇ ਢਿੱਡ ਵਿੱਚ ਮਾਰ ਦਿੱਤੀ ਹੋਵੇ। ਫਿਰ ਉਸਦਾ ਅਚੇਤ ਵੈਲੀ-ਮਨ ਸੋਚ ਗਿਆ। ‘ਕਿਸੇ ਦਿਹਾੜੀਏਕਾਮੇ ਦੀ ਉੱਗਰੀ ਦਾਤੀ ਢਿੱਡ ਵਿੱਚ ਖੁੱਭ ਜਾਣ ਜਿੰਨਾ ਹੀ ਅਸਰ ਕਰ ਜਾਂਦੀ ਹੈ’ ਤੇ ਉਹ ਡਰ ਗਿਆ। ‘ਮੈਂ ਤਾਂ ਬੰਤਿਆ ਕੁਸ਼ ਊਂ ਈ ਕਹਿਤਾ_ ਤੂੰ ਵੀ ਐਵੇਂ ਈ ਪੁੱਠੀਆਂ ਸੋਚ ਜਾਨੈਂ’ ਹਰੀ ਨੇ ਗਲ ਦਾ ਰੁਖ਼ ਮੋੜਨ ਦੇ ਲਹਿਜ਼ੇ ’ਚ ਆਖਿਆ। ਤਾਰੋ ਭਰੀ ਚੁੱਕ ਕੇ ਤੁਰ ਪਈ। ਬੰਤੇ ਨੂੰ ਹਰੀ ਨੇ ਰੋਕ ਲਿਆ। ਉਹ ਅਜੇ ਵੀ ਗ਼ੁੱਸੇ ਦੇ ਰੌਂਅ ਵਿੱਚ ਸੀ। ‘ਕੋਈ ਕੰਮ ਐ ਸਰਦਾਰਾ?’ ਮੇਰਾ ਚਿਤ ਠੀਕ ਨੀਂ’ ਬੰਤੇ ਨੇ ਖਹਿੜਾ ਛਡਾਉਣ ਵਾਂਗ ਕਿਹਾ। ਕੁਝ ਉਜ ਵੀ ਹਰੀ ਦੀ ਇਸ ਹਰਕਤ ਤੋਂ ਉਸ ਦਾ ਜੀਅ ਕਸੈਲਾ ਕਸੈਲਾ ਹੋ ਗਿਆ ਸੀ। ‘‘ਬੰਤਿਆ ਤੂੰ ਤਾਂ ਐਵੇਂ ਚਿੱਤ ਭੈੜਾ ਕਰ ਲੈਨੇ_ ਜਾ ਬੋਤਲ ਲਿਆ ਅੱਜ…’ ਹਰੀ ਨੇ ਚਾਦਰੇ ਦੀ ਡੱਬ ਵਿੱਚੋਂ ਦਸਾਂ ਦਾ ਨੋਟ ਬੰਤੇ ਨੂੰ ਫੜ੍ਹਾ ਦਿੱਤਾ, ਤੇ ਆਪ ਜਾ ਕੇ ਖੂਹ ਦੀ ਗਾਂਧੀ ਤੇ ਬੈਠ ਗਿਆ। ਬੰਤੇ ਅਤੇ ਤਾਰੋ ਦੇ ਬੋਲ ਹਾਲੇ ਵੀ ਉਸ ਦੇ ਇਰਦ ਗਿਰਦ ਘੁੰਮ ਰਹੇ ਸਨ। ਕੋਈ ਅੱਧੇ ਘੰਟੇ ਮਗਰੋਂ ਬੰਤਾ ਆ ਗਿਆ। ਉਸਨੇ ਨੇਫ਼ੇ ਵਿੱਚ ਅੜੁੰਗੀ ਘਰ ਦੀ ਕੱਢੀ ਬੋਤਲ ਹਰੀ ਨੂੰ ਫੜ੍ਹਾ ਦਿੱਤੀ ਤੇ ਪਿਛਾਂਹ ਮੁੜਨ ਲਗਿਆ।
‘ਬੰਤਿਆ-ਬਹਿ ਜਾ-ਹਾੜਾ ਲਾ ਕੇ ਜਾਈਂ…’
‘ਸਰਦਾਰਾ ਕੰਮ ਐ ਘਰੇ’ ਬੰਤੇ ਨੇ ਬੇਬਸੀ ਜਿਹੀ ਦਿਖਾਈ। ‘ਓਏ ਆਜਾ ਐਮੇਂ ਨੀ ਮਾਰੀ ਜਾਈ ਦੀਆਂ’ ਹਰੀ ਨੇ ਉਸਨੂੰ ਬਾਂਹ ਫੜ੍ਹ ਕੇ ਬਿਠਾ ਲਿਆ।
ਦੋਵੇਂ ਪੀਂਦੇ ਰਹੇ। ਪੀਤੀ ਦੇ ਰੌਂਅ ਵਿੱਚ ਬੰਤੇ ਨੇ ਉਸਨੂੰ ਤਾਰੋ ਦੀ ਦੱਸੀ ਇੰਦੋ ਵਾਲੀ ਗੱਲ ਚਿਤਾਰੀ ਤੇ ਫਿਰ ਨਸ਼ੇ ਦੀ ਲੋਰ ਵਿੱਚ ਹੋਈਆਂ ਬੀਤੀਆਂ ਤੇ ਝੋਰਾ ਕਰਨ ਲੱਗ ਪਿਆ।
‘ਹਰੀ ਸਿਆਂ, ਤੁਸੀਂ ਲੋਕ ਤਾਂ ਸਾਡੇ ਰਾਖੇ ਐਂ, ਜੇ ਤੁਸੀਂ ਈ ਐਊਂ ਕਰਨ ਲੱਗੇ ਤਾਂ ਕਿਸੇ ਕੁੜੀ-ਚਿੜੀ ਨੇ ਖੇਤਾਂ ’ਚ ਕੰਮ ਕਰਨ ਨਹੀਂ ਆਉਣਾ ਤੇ…’ ਬੰਤਾ ਵਿੱਚੋਂ ਹੀ ਚੁੱਪ ਕਰ ਗਿਆ ਤੇ ਕੌਲੀ ’ਚ ਪਾਈ ਸ਼ਰਾਬ ਨੂੰ ਇੱਕੋ ਸਾਹੇ ਪੀ ਗਿਆ। ਬੰਤੇ ਦੀਆਂ ਗੱਲਾਂ ਸੁਣ ਕੇ ਹਰੀ ਨੂੰ ਲੱਗਿਆ, ਜਿਵੇਂ ਕਿਸੇ ਨੇ ਉਸ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਹੋਵੇ। ਕੱਲ ਨੂੰ ਬੰਤਾ ਇੰਦੋ ਦੀ ਗੱਲ ਲੈ ਕੇ ਉਸਨੂੰ ਸਾਰੇ ਪਿੰਡ ਵਿੱਚ ਜ਼ਲੀਲ ਕਰ ਸਕਦਾ ਸੀ। ਤੇ ਬਾਕੀ ਬਚੀ ਸ਼ਰਾਬ ਹਰੀ ਨੇ ਧੱਕੋਧੱਕੀ ਬੰਤੇ ਨੂੰ ਪਿਆ ਦਿੱਤੀ ਸਾਰ ਰਾਤ ਬੰਤਾ ਘਰ ਨਾ ਗਿਆ। ਦਿਨ ਚੜ੍ਹਦੇ ਨੂੰ ਲੋਕਾਂ ਨੇ ਉਸਨੂੰ ਖੂਹ ਦੀ ਮੌਣ ਤੇ ਮਰਿਆ ਪਿਆ ਵੇਖਿਆ। ਦੋ ਸਾਲ ਪਹਿਲਾਂ ਇਵੇਂ ਇੰਦੋ ਦੇ ਬਾਪੂ ਦੀ ਲਾਸ਼ ਖੂਹ ਦੀ ਮੌਣ ਤੇ ਪਈ ਸੀ। ਪਿੰਡ ਵਾਲਿਆਂ ਨੂੰ ਹੁਣ ਪੂਰਾ ਯਕੀਨ ਸੀ, ਖੂਹ ਤੇ ਕੋਈ ਪ੍ਰੇਤ-ਆਤਮਾ ਰਹਿੰਦੀ ਹੈ, ਤਦੇ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ। ਚਿੱਟੇ ਦਿਨ ਵਿੱਚ ਖੂਹ ਤੇ ਭਾਵੇਂ ਸਾਰੇ ਲੋਕ ਹੀ ਆਉਦੇ ਜਾਂਦੇ ਸਨ, ਪਰ ਰਾਤ ਨੂੰ ਹਨੇਰੇ ਵਿੱਚ ਉੱਧਰ ਕੋਈ ਨਾ ਜਾਂਦਾ। ਆਪਣੇ ਇੱਕੋ-ਇੱਕੋ ਆਸਰੇ ਦੀ ਅਨਿਆਈਂ ਮੌਤ ਤੇ ਤਾਰੋ ਦਾ ਮਨ ਖੱਖੜੀ ਵਾਂਗ ਪਾਟ ਗਿਆ, ਉਹ ਧਾਹਾਂ ਮਾਰ ਮਾਰ ਰੋਈ, ਸਾਰਾ ਵਿਹੜਾ ਬੰਤੋ ਦੀ ਮੌਤ ਦੇ ਅਫ਼ਸੋਸ ਕਰਦਾ ਰਿਹਾ। ਤੇ ਫਿਰ ਸਭ ਸਬਰ ਕਰਕੇ ਬਹਿ ਗਏ। ਪਰ ਤਾਰੋ ਇਸ ਪ੍ਰੇਤ ਆਤਮਾ ਨੂੰ ਇੱਕ ਦਿਨ ਮਿਲ ਲੈਣ ਦਾ ਹੱਠ ਨਾ ਛੱਡ ਸਕੀ…। …ਤੁਰੀ ਆਉਦੀ ਠੇਡਾ ਵੱਜਣ ਕਾਰਨ ਉਹ ਡਿੱਗਦੀ ਡਿੱਗਦੀ ਬਚੀ, ਉਹ ਤਾਂ ਘਰ ਕੋਲ ਹੀ ਆ ਗਈ ਸੀ, ਛਿੱਟੀਆਂ ਦੀ ਭਰੀ ਇੱਕ ਨੁੱਕਰ ਵਿੱਚ ਸੁੱਟ ਕੇ ਉਸ ਨੇ ਚੁੱਲ੍ਹੇ ਦੀ ਸੁਆਹ ਫਰੋਲੀ। ਹਾਲੀ ਇੱਕ ਗੋਹੇ ਦੇ ਅੰਗਿਆਰ ਵਿੱਚ ਕੁਝ ਅੱਗ ਹੈ ਸੀ। ਉਸ ਨੇ ਭਰੀ ਖੋਲ੍ਹੀ ਤੇ ਛਿੱਟੀਆਂ ਦਾ ਇੱਕ ਕੂਚਾ ਚੁੱਲ੍ਹੇ ’ਚ ਡਾਹ ਦਿੱਤਾ। ਗਿੱਲੀਆਂ ਛਿੱਟੀਆਂ ਸਦਕਾ ਉਸਦੇ ਅੰਦਰਲੇ ਗ਼ੁੱਸੇ ਵਾਂਗ ਸਾਰਾ ਵਿਹੜਾ ਧੂੰਏਂ ਨਾਲ ਭਰ ਗਿਆ। ਖਿਝ ਕੇ ਉਹ ਇੱਕ ਢਿਲਕੀ ਜਿਹੀ ਮੰਜੀ ਤੇ ਜਾ ਡਿੱਗੀ ਤੇ ਕੱਲ੍ਹ ਦੇ ਆਥਣ ਨੂੰ ਸੰਘਣੇ ਕੌੜੇ ਧੂੰਏਂ ’ਚੋਂ ਭਾਲਣ ਲੱਗ ਪਈ। ਦਿਨ ਚੜ੍ਹਿਆ। ਦੁਪਹਿਰ ਆਈ ਤੇ ਢਲਦੀ ਸ਼ਾਮ ਦੇ ਮੌਤ ਵਰਗੇ ਪਰਛਾਵੇਂ ਨੇ ਸਾਰਾ ਪਿੰਡ ਦਬੋਚ ਲਿਆ। ਇਸ ਸਾਰੇ ਦਿਨ ਦਾ ਇੱਕ ਇੱਕ ਪਲ ਤਾਰੋ ਨੇ ਇੱਕ ਇੱਕ ਸਾਲ ਵਾਂਗ ਲੰਘਾਇਆ। ਗਿੱਲੀਆਂ ਛਿੱਟੀਆਂ ਉਸਦੇ ਧੁੱਖਦੇ ਚੁੱਲ੍ਹੇ ਵਿੱਚ ਹੋਰ ਡਾਹ ਦਿੱਤੀਆਂ। ਰਾਤ ਪੈ ਰਹੀ ਸੀ। ਆਪਣੇ ਬਾਪੂ ਦੀ ਛੋਟੀ ਕਿਰਪਾਨ ਉਸਨੇ ਕੁੜਤੀ ਦੇ ਹੇਠਾਂ ਦੀ ਪਾ ਲਈ ਤੇ ਬੂਹਾ ਬੰਦ ਕਰਕੇ, ਮਲਕੜੇ ਜਿਹੇ ਹੀ ਹਨੇਰੇ ਵਿੱਚ ਫਿਰਨੀਉ ਲਹਿੰਦੇ ਵਲ ਨੂੰ ਹੁੰਦੀ ਖੂਹ ਵੱਲ ਨੂੰ ਤੁਰ ਗਈ। ਹਨੇਰੇ ਵਿੱਚ ਉਸਨੂੰ ਮਗਰ ਆਉਦੇ ਪੈਰਾਂ ਦਾ ਖੜਾਕ ਸੁਣਿਆ, ਉਹ ਤ੍ਰਹਿ ਕੇ ਖਲੋ ਗਈ। ਪਿਛਾਂਹ ਭੌਂ ਕੇ ਗਹੁ ਨਾਲ ਦੇਖਿਆ, ਕੋਈ ਵੀ ਨਹੀਂ ਸੀ। ਕੁਝ ਚਿਰ ਖੜ੍ਹੀ ਰਹੀ। ਦਿਲ ਵਿੱਚ ਹਥੌੜੇ ਵਾਂਗ ਠੱਕ ਠੱਕ ਉਸਨੂੰ ਸੁਣਦੀ ਰਹੀ। ਫਿਰ ਉਹ ਤੁਰ ਪਈ। ਇੱਕ ਗਿੱਲੇ ਖਾਲ ਵਿੱਚੋਂ ਦੀ ਲੰਘ ਕੇ ਖੂਹ ਵੱਲ ਨੂੰ ਸਿੱਧੀ ਹੋ ਗਈ। ‘ਕੋਣ…?…ਤਾਰੋ ਐ…?’’ ਖੂਹ ਦੀ ਗਾਂਧੀ ਤੋਂ ਇੱਕ ਕਾਲੇ ਜਿਹੇ ਪਰਛਾਵੇਂ ਦੀ ਆਵਾਜ਼ ਉੱਭਰੀ। ਉਸਨੇ ਆਪ ਹੀ ਸਵਾਲ ਕਰਕੇ ਆਪ ਹੀ ਪਛਾਣ ਕੇ ਸਵਾਲ ਵਰਗੇ ਲਹਿਜ਼ੇ ਵਿੱਚ ਹੀ ਗੱਲ ਆਖੀ। ਤਾਰੋ ਪੱਕੇ ਇਰਾਦੇ-ਪਰ ਧੜਕਦੇ ਦਿਲ ਨਾਲ ਅਗਾਂਹ ਵਧ ਗਈ। ‘‘ਅਸ਼ਕੇ…’’ ਹਰੀ ਦੇ ਸ਼ਰਾਬੀ ਹੌਂਸਲੇ ਹਵਾ ’ਚ ਰਲਕੇ ਉੱਡ ਪਏ। ਉਸਨੇ ਬਾਂਹ ਤਾਰੋ ਵਲ ਵਧਾਈ। ‘‘ਅੰਦਰ ਤਾਂ ਚੱਲ ਭੈੜਿਆ…’’ ਤਾਰੋ ਨੂੰ ਵਹਿਮ ਦੀ, ਜਿਵੇਂ ਕੋਈ ਹਨੇਰੇ ਦੀ ਅੱਖ ਵੀ ਉਹਨਾਂ ਨੂੰ ਵੇਖਦੀ ਹੋਵੇ। ਝੁੱਗੀ ਅੰਦਰ ਮੰਜੇ ਹੇਠਾਂ ਹਾਲੀਂ ਅੱਧੀ ਬੋਤਲ ਭਰੀ ਪਈ ਸੀ। ਹਰੀ ਨੇ ਅੱਧੀਉ ਬਹੁਤੀ ਇੱਕੋ ਵਾਰੀ ਪਿੱਤਲ ਦੇ ਗਲਾਸ ’ਚ ਪਾਈ ਤੇ ਬਿਨ੍ਹਾਂ ਪਾਣੀਉ ਅੰਦਰ ਸੁੱਟ ਲਈ। ਆਪਣੇ ਮੂੰਹ ਦੀ ਕੁੜੱਤਣ ਬਦਲਣ ਲਈ ਉਸਨੇ ਤਾਰੋ ਨੂੰ ਬਾਹੋਂ ਫੜਕੇ ਪੱਟਾਂ ਤੇ ਖਿੱਚ ਲਿਆ। ‘‘ਕਾਹਲਿਆ ਆਤਾਂ ਪੀ ਲਾ…’’ ਤਾਰੋ ਨੇ ਉੱਠਦੇ ਅੰਦਰਲੇ ਰੋਹ ਨੂੰ ਨਪਦਿਆਂ ਬੜੀ ਹੀ ਔਖੀ ਹੋ ਕੇ ਆਖਿਆ_ ਤੇ ਬੁੜਕ ਕੇ ਇੱਕ ਪਾਸੇ ਹੋ ਗਈ। ‘‘ਅਸ਼ਕੇ… ਅਸ਼ਕੇ…’’ ਹਰੀ ਨਸ਼ੇ ਵਿੱਚ ਗੁਟ ਸੀ। ਬਾਕੀ ਬਚੀ ਸ਼ਰਾਬ ਉਸ ਨੇ ਕਦੋਂ ਪੀਤੀ ਕਿਵੇਂ ਪੀਤੀ, ਉਸਨੂੰ ਕੁਝ ਹੋਸ਼ ਨਹੀਂ ਸੀ ਤੜਕੇ ਖੂਹ ਦੀ ਮੌਣ ਤੇ ਪਈ ਹਰੀ ਦੀ ਲਾਸ਼ ਦੁਆਲੇ ਜੁੜੀ ਲੋਕਾਂ ਦੀ ਭੀੜ ਅੱਜ ਫਿਰ ਪ੍ਰੇਤਆਤਮਾ ਦੇ ਕਹਿਰ ਦੀਆਂ ਗੱਲਾਂ ਕਰ ਰਹੀ ਸੀ। ਤਾਰੋ ਚੱੁਲ੍ਹੇ ਮੂਹਰੇ ਬੈਠੀ ਸੀ। ਗਿੱਲੀਆਂ ਛਿੱਟੀਆਂ ਧੁੱਖਦੀਆਂ ਆਪ ਹੀ ਮੱਚ ਪਈਆਂ ਤੇ ਉਹ ਇੱਕ ਤਸੱਲੀ ਜਿਹੀ ਨਾਲ ਬਲਦੀ ਅੱਗ ਵੱਲ ਦੇਖਦੀ ਰਹੀ।
ਬਲਦੇਵ ਸਿੰਘ







