ਨਵੀਂ ਦਿੱਲੀ/ਪੰਜਾਬ ਪੋਸਟ
ਵਿਸ਼ਵ ਸਿਹਤ ਸੰਗਠਨ ਵੱਲੋਂ ਅਫਰੀਕੀ ਦੇਸ਼ਾਂ ਵਿੱਚ ਫੈਲੀ ‘ਇਬੋਲਾ’ ਬਿਮਾਰੀ ਨੂੰ ‘ਗਲੋਬਲ ਹੈਲਥ ਐਮਰਜੈਂਸੀ’ ਐਲਾਨਣ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਅਤੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਵੱਲੋਂ ਜਾਰੀ ਤਾਜ਼ਾ ਐਡਵਾਈਜ਼ਰੀ ਅਨੁਸਾਰ, ਖਾਸ ਕਰਕੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਸਰਕਾਰ ਨੇ ਦਿੱਲੀ, ਮੁੰਬਈ ਅਤੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਸਮੁੰਦਰੀ ਬੰਦਰਗਾਹਾਂ ‘ਤੇ ਨਿਗਰਾਨੀ ਵਧਾ ਦਿੱਤੀ ਹੈ। ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਯੂਗਾਂਡਾ ਅਤੇ ਦੱਖਣੀ ਸੂਡਾਨ ਵਰਗੇ ਉੱਚ-ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਇਮੀਗ੍ਰੇਸ਼ਨ ਤੋਂ ਪਹਿਲਾਂ ਹੈਲਥ ਡੈਸਕ ‘ਤੇ ਰਿਪੋਰਟ ਕਰਨਾ ਲਾਜ਼ਮੀ ਕੀਤਾ ਗਿਆ ਹੈ। ਜਿਨ੍ਹਾਂ ਮੁਸਾਫ਼ਰਾਂ ਵਿੱਚ ਬੁਖ਼ਾਰ ਜਾਂ ਹੋਰ ਲੱਛਣ ਦਿਖਾਈ ਦੇਣਗੇ, ਉਨ੍ਹਾਂ ਨੂੰ ਤੁਰੰਤ ਆਈਸੋਲੇਸ਼ਨ ਵਿੱਚ ਭੇਜਿਆ ਜਾਵੇਗਾ।
ਮਾਹਿਰਾਂ ਅਨੁਸਾਰ, ਇਬੋਲਾ ਦੇ ਲੱਛਣ ਸੰਕਰਮਿਤ ਹੋਣ ਦੇ 2 ਤੋਂ 21 ਦਿਨਾਂ ਦੇ ਅੰਦਰ ਦਿਖਾਈ ਦੇ ਸਕਦੇ ਹਨ। ਜੇਕਰ ਕੋਈ ਵਿਅਕਤੀ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਆਉਣ ਦੇ 21 ਦਿਨਾਂ ਦੇ ਅੰਦਰ ਬਿਮਾਰ ਹੁੰਦਾ ਹੈ, ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ। ਕੇਂਦਰੀ ਸਿਹਤ ਸਕੱਤਰ ਪੁਣਿਆ ਸਲਿਲਾ ਸ਼੍ਰੀਵਾਸਤਵ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਭਾਰਤ ਵਿੱਚ ਇਬੋਲਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਸਾਰੇ ਹਸਪਤਾਲਾਂ ਨੂੰ ਤਿਆਰ ਰਹਿਣ ਅਤੇ ਸ਼ੱਕੀ ਮਾਮਲਿਆਂ ਲਈ ਵੱਖਰੇ ਵਾਰਡ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਬੋਲਾ ਦੇ ਖ਼ਤਰੇ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ 28 ਤੋਂ 31 ਮਈ 2026 ਤੱਕ ਨਵੀਂ ਦਿੱਲੀ ਵਿੱਚ ਹੋਣ ਵਾਲੇ ‘ਭਾਰਤ-ਅਫਰੀਕਾ ਫੋਰਮ ਸਿਖਰ ਸੰਮੇਲਨ’ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।
ਭਾਰਤ ਸਰਕਾਰ ਵੱਲੋਂ ਅਫਰੀਕੀ ਦੇਸ਼ਾਂ ਵਿੱਚ ਫੈਲੀ ‘ਇਬੋਲਾ’ ਬਿਮਾਰੀ ਸਬੰਧੀ ਐਡਵਾਈਜ਼ਰੀ ਜਾਰੀ

Published:






