ਇੱਕ ਸਮਾਂ ਸੀ ਜਦੋਂ ਮਨੁੱਖ ਸਮੁੰਦਰ ਤੋਂ ਡਰਦਾ ਸੀ। ਫਿਰ ਉਸਨੇ ਸਮੁੰਦਰ ਵਿੱਚ ਜਹਾਜ਼ ਚਲਾਏ, ਪੁਲ ਬਣਾਏ ਅਤੇ ਸਮੁੰਦਰ ਹੇਠਾਂ ਸੁਰੰਗਾਂ ਪਾਈਆਂ। ਪਰ ਹੁਣ ਮਨੁੱਖ ਇੱਕ ਹੋਰ ਅਜੀਬ ਕੰਮ ਕਰ ਰਿਹਾ ਹੈ, ਕੰਪਿਊਟਰਾਂ ਦੇ ਵੱਡੇ ਕੇਂਦਰ ਸਮੁੰਦਰ ਦੇ ਹੇਠਾਂ ਰੱਖ ਰਿਹਾ ਹੈ। ਚੀਨ ਦੇ ਸ਼ੰਘਾਈ ਸ਼ਹਿਰ ਦੇ ਪੂਰਬ ਵੱਲ ਲਿੰਗਾਂਗ ਖੇਤਰ ਵਿੱਚ ਬਣਿਆ ਪਾਣੀ ਹੇਠਲਾ ਡਾਟਾ ਕੇਂਦਰ ਇਸੇ ਭਵਿੱਖ ਦੀ ਇੱਕ ਝਲਕ ਹੈ।
ਇਹ ਪ੍ਰਾਜੈਕਟ ਸਮੁੰਦਰ ਵਿੱਚ ਸ਼ੰਘਾਈ ਦੇ ਤੱਟ ਤੋਂ ਲਗਭਗ 10 ਕਿਲੋਮੀਟਰ ਦੂਰ ਸਥਿਤ ਹੈ। ਇਸ ਵਿੱਚ ਕੰਪਿਊਟਰ ਸਰਵਰਾਂ ਵਾਲੇ ਵਿਸ਼ੇਸ਼ ਬੰਦ ਮਾਡਿਊਲ ਸਮੁੰਦਰ ਦੇ ਤਲ ਵਿੱਚ ਰੱਖੇ ਗਏ ਹਨ। ਪ੍ਰਾਜੈਕਟ ਦੀ ਯੋਜਨਾਬੱਧ ਸਮਰੱਥਾ 24 ਮੈਗਾਵਾਟ ਹੈ, ਜੋ ਲਗਭਗ 20,000 ਘਰਾਂ ਦੀ ਬਿਜਲੀ ਖਪਤ ਦੇ ਬਰਾਬਰ ਦੱਸੀ ਜਾਂਦੀ ਹੈ।
ਪਰ ਸਵਾਲ ਇਹ ਹੈ ਕਿ ਚੀਨ ਨੇ ਡਾਟਾ ਕੇਂਦਰ ਨੂੰ ਜ਼ਮੀਨ ’ਤੇ ਬਣਾਉਣ ਦੀ ਬਜਾਏ ਸਮੁੰਦਰ ਦੇ ਹੇਠਾਂ ਕਿਉਂ ਲਿਜਾਇਆ?
ਇਸਦਾ ਇੱਕ ਵੱਡਾ ਕਾਰਨ ਹੈ ਠੰਢਕ।
ਏ. ਆਈ. ਦੇ ਵੱਡੇ ਮਾਡਲ ਚਲਾਉਣ ਲਈ ਹਜ਼ਾਰਾਂ ਕੰਪਿਊਟਰ ਚਿੱਪਾਂ ਲਗਾਤਾਰ ਕੰਮ ਕਰਦੀਆਂ ਹਨ। ਇਹ ਚਿਪਾਂ ਬਹੁਤ ਗਰਮੀ ਪੈਦਾ ਕਰਦੀਆਂ ਹਨ। ਵੱਡੇ ਡਾਟਾ ਕੇਂਦਰਾਂ ਵਿੱਚ ਕੰਪਿਊਟਰਾਂ ਨੂੰ ਠੰਢਾ ਰੱਖਣ ਲਈ ਬਹੁਤ ਵੱਡੀ ਮਾਤਰਾ ਵਿੱਚ ਬਿਜਲੀ ਅਤੇ ਪਾਣੀ ਦੀ ਲੋੜ ਪੈ ਸਕਦੀ ਹੈ।
ਸਮੁੰਦਰ ਨੇ ਇੱਥੇ ਕੁਦਰਤੀ ਠੰਢਕ ਦਾ ਕੰਮ ਕਰਨਾ ਹੈ। ਪਾਣੀ ਦੇ ਤਾਪਮਾਨ ਦੀ ਵਰਤੋਂ ਕਰਕੇ ਸਰਵਰਾਂ ਦੀ ਗਰਮੀ ਕੱਢੀ ਜਾ ਸਕਦੀ ਹੈ। ਲਿੰਗਾਂਗ ਪ੍ਰਾਜੈਕਟ ਦੇ ਅਧਿਕਾਰਤ ਵੇਰਵੇ ਮੁਤਾਬਕ ਇਸ ਤਰੀਕੇ ਨਾਲ ਬਿਜਲੀ ਦੀ ਖਪਤ ਵਿੱਚ ਲਗਭਗ 22.8 ਫੀਸਦੀ ਕਮੀ ਦਾ ਅੰਦਾਜ਼ਾ ਹੈ ਅਤੇ ਪਾਣੀ ਦੀ ਵਰਤੋਂ ਵੀ ਖਤਮ ਹੋ ਸਕਦੀ ਹੈ। ਜ਼ਮੀਨ ਦੀ ਲੋੜ ਵੀ 90 ਫੀਸਦੀ ਤੋਂ ਵੱਧ ਘਟਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਦੀ ਸਭ ਤੋਂ ਦਿਲਚਸਪ ਗੱਲ ਇੱਥੇ ਖਤਮ ਨਹੀਂ ਹੁੰਦੀ।
ਇਹ ਡਾਟਾ ਕੇਂਦਰ ਨੇੜੇ ਲੱਗੇ ਸਮੁੰਦਰੀ ਹਵਾ ਬਿਜਲੀ ਪ੍ਰਾਜੈਕਟ ਨਾਲ ਜੋੜਿਆ ਗਿਆ ਹੈ। ਸਮੁੰਦਰ ਵਿੱਚ ਲੱਗੀਆਂ ਹਵਾ-ਚੱਕੀਆਂ ਹਵਾ ਤੋਂ ਬਿਜਲੀ ਪੈਦਾ ਕਰਦੀਆਂ ਹਨ ਅਤੇ ਉਸੇ ਬਿਜਲੀ ਨਾਲ ਪਾਣੀ ਹੇਠਾਂ ਰੱਖੇ ਕੰਪਿਊਟਰ ਕੇਂਦਰ ਨੂੰ ਚਲਾਉਣ ਦੀ ਵਿਵਸਥਾ ਕੀਤੀ ਗਈ ਹੈ। ਅਰਥਾਤ ਇੱਕ ਪਾਸੇ ਹਵਾ ਤੋਂ ਬਿਜਲੀ, ਦੂਜੇ ਪਾਸੇ ਸਮੁੰਦਰ ਤੋਂ ਠੰਢਕ ਅਤੇ ਵਿਚਕਾਰ ਏ. ਆਈ. ਦੀ ਲੇਖਾ-ਜੋਖਾ ਚੱਲ ਰਿਹਾ ਹੈ।
ਇਹ ਵਿਚਾਰ ਭਵਿੱਖ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ।
ਅੱਜ ਏ. ਆਈ. ਸਿਰਫ ਚੈਟਬੋਟ ਜਾਂ ਤਸਵੀਰ ਬਣਾਉਣ ਵਾਲਾ ਸਾਧਨ ਨਹੀਂ ਰਿਹਾ। ਦਵਾਈਆਂ ਦੀ ਖੋਜ, ਮੌਸਮ ਦੀ ਭਵਿੱਖਬਾਣੀ, ਖੁਦ ਚੱਲਣ ਵਾਲੀਆਂ ਕਾਰਾਂ, ਰੋਬੋਟ, ਵਿੱਤੀ ਵਿਸ਼ਲੇਸ਼ਣ, ਵਿਗਿਆਨਕ ਖੋਜ ਅਤੇ ਉਦਯੋਗਾਂ ਵਿੱਚ ਵੱਡੀ ਗਿਣਤੀ ਵਿੱਚ ਇਸਦੀ ਲੋੜ ਵਧ ਰਹੀ ਹੈ। ਇਸ ਕਰਕੇ ਦੁਨੀਆ ਵਿੱਚ ਇੱਕ ਨਵੀਂ ਦੌੜ ਸ਼ੁਰੂ ਹੋ ਚੁੱਕੀ ਹੈ। ਏ. ਆਈ. ਲਈ ਸਭ ਤੋਂ ਵੱਡੀ ਕੰਪਿਊਟਿੰਗ ਤਾਕਤ ਕੌਣ ਬਣਾਏਗਾ? ਇਸ ਦੌੜ ਵਿੱਚ ਸ਼ੰਘਾਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਲਿੰਗਾਂਗ ਖੇਤਰ ਵਿੱਚ ਪਹਿਲਾਂ ਹੀ ਕਈ ਬੁੱਧੀਮਾਨ ਕੰਪਿਊਟਿੰਗ ਕੇਂਦਰ ਵਿਕਸਿਤ ਹੋ ਰਹੇ ਹਨ। ਅਧਿਕਾਰਤ ਜਾਣਕਾਰੀ ਮੁਤਾਬਕ ਉੱਥੇ ਅੱਠ ਬੁੱਧੀਮਾਨ ਕੰਪਿਊਟਿੰਗ ਕੇਂਦਰ ਹਨ ਅਤੇ ਉਨ੍ਹਾਂ ਦੀ ਕੁੱਲ ਗਣਨਾ ਸਮਰੱਥਾ ਸ਼ੰਘਾਈ ਦੀ ਕੁੱਲ ਸਮਰੱਥਾ ਦਾ ਲਗਭਗ 40 ਫੀਸਦੀ ਬਣਦੀ ਹੈ।
ਚੀਨ ਇਸਨੂੰ ਸਿਰਫ ਇੱਕ ਡਾਟਾ ਕੇਂਦਰ ਦਾ ਪ੍ਰਯੋਗ ਨਹੀਂ ਸਮਝ ਰਿਹਾ। ਦੇਸ਼ ਪੂਰੇ ਏ. ਆਈ. ਢਾਂਚੇ ਨੂੰ ਮਜ਼ਬੂਤ ਕਰਨ ਲਈ ਚਿਪਾਂ, ਵੱਡੇ ਏ. ਆਈ. ਮਾਡਲਾਂ, ਕੰਪਿਊਟਿੰਗ ਕੇਂਦਰਾਂ, ਰੋਬੋਟਾਂ ਅਤੇ ਉਦਯੋਗਿਕ ਏ. ਆਈ. ’ਤੇ ਵੱਡਾ ਜੋਰ ਦੇ ਰਿਹਾ ਹੈ। ਸ਼ੰਘਾਈ ਦੀ ਨਵੀਂ ਉਦਯੋਗਿਕ ਯੋਜਨਾ ਵਿੱਚ ਵੀ ਏ. ਆਈ. ਲਈ ਕੰਪਿਊਟਿੰਗ ਤਾਕਤ, ਵੱਡੇ ਮਾਡਲ ਅਤੇ ਮਨੁੱਖ ਵਰਗੇ ਕੰਮ ਕਰਨ ਵਾਲੀ ਬੁੱਧੀਮਾਨ ਮਸ਼ੀਨਰੀ ਨੂੰ ਮੁੱਖ ਖੇਤਰ ਬਣਾਇਆ ਗਿਆ ਹੈ।
ਇਸ ਦੌੜ ਵਿੱਚ ਚੀਨ ਇਕੱਲਾ ਨਹੀਂ ਦੌੜ ਰਿਹਾ। ਅਮਰੀਕਾ ਵਿੱਚ ‘ਸਟਾਰਗੇਟ’ ਨਾਮ ਦੇ ਪ੍ਰਾਜੈਕਟ ਰਾਹੀਂ ਚਾਰ ਸਾਲਾਂ ਵਿੱਚ ਲਗਭਗ 500 ਅਰਬ ਡਾਲਰ ਏ. ਆਈ. ਢਾਂਚੇ ਵਿੱਚ ਲਗਾਉਣ ਦਾ ਐਲਾਨ ਹੋਇਆ ਹੈ। 2025 ਦੇ ਅੰਤ ਤੱਕ ਇਸ ਪ੍ਰਾਜੈਕਟ ਨਾਲ 400 ਅਰਬ ਡਾਲਰ ਤੋਂ ਵੱਧ ਅਤੇ ਲਗਭਗ 7 ਗਿਗਾਵਾਟ ਦੀ ਯੋਜਨਾਬੱਧ ਸਮਰੱਥਾ ਦੱਸੀ ਗਈ ਸੀ।
ਯੂਰਪੀ ਸੰਘ ਨੇ ਵੀ ‘ਇਨਵੈਸਟ ਏ. ਆਈ.’ ਰਾਹੀਂ ਏ. ਆਈ. ਵਿੱਚ 200 ਅਰਬ ਯੂਰੋ ਤੱਕ ਨਿਵੇਸ਼ ਇਕੱਠਾ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਵੱਡੇ ਏ. ਆਈ. ਕੇਂਦਰਾਂ ਲਈ 20 ਅਰਬ ਯੂਰੋ ਦਾ ਵਿਸ਼ੇਸ਼ ਫੰਡ ਸ਼ਾਮਲ ਹੈ। ਦੂਜੇ ਪਾਸੇ ਸਾਊਦੀ ਅਰਬ ਵੀ ਏ. ਆਈ. ਲਈ ਡਾਟਾ ਕੇਂਦਰਾਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ। 2025 ਤੱਕ ਉੱਥੇ ਡਾਟਾ ਕੇਂਦਰਾਂ ਦੀ ਚੱਲ ਰਹੀ ਸਮਰੱਥਾ 440 ਮੈਗਾਵਾਟ ਤੋਂ ਪਾਰ ਹੋ ਗਈ ਸੀ ਅਤੇ 60 ਤੋਂ ਵੱਧ ਡਾਟਾ ਕੇਂਦਰਾਂ ਵਿੱਚ ਨਿਵੇਸ਼ 16 ਅਰਬ ਸਾਊਦੀ ਰਿਆਲ ਤੋਂ ਵੱਧ ਦੱਸਿਆ ਗਿਆ ਹੈ।
ਇਸ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੀ ਦੁਨੀਆ ਵਿੱਚ ਏ. ਆਈ. ਸਿਰਫ ਸਾਫਟਵੇਅਰ ਦੀ ਲੜਾਈ ਨਹੀਂ ਹੋਵੇਗੀ, ਸਗੋ ਇਹ ਬਿਜਲੀ, ਚਿੱਪਾਂ, ਪਾਣੀ, ਡਾਟਾ, ਜ਼ਮੀਨ ਅਤੇ ਕੰਪਿਊਟਰ ਕੇਂਦਰਾਂ ਦੀ ਹੋਵੇਗੀ।
ਇੱਥੇ ਸ਼ੰਘਾਈ ਦਾ ਸਮੁੰਦਰੀ ਪ੍ਰਯੋਗ ਹੋਰ ਦਿਲਚਸਪ ਬਣ ਜਾਂਦਾ ਹੈ।
ਜੇ ਭਵਿੱਖ ਵਿੱਚ ਏ. ਆਈ. ਦੀ ਗਣਨਾ ਦੀ ਮੰਗ ਇੰਨੀ ਵਧ ਜਾਂਦੀ ਹੈ ਕਿ ਧਰਤੀ ’ਤੇ ਡਾਟਾ ਕੇਂਦਰਾਂ ਲਈ ਬਿਜਲੀ, ਪਾਣੀ ਅਤੇ ਜ਼ਮੀਨ ਘੱਟ ਪੈਣ ਲੱਗੇ ਤਾਂ ਕੀ ਸਮੁੰਦਰ ਇਸ ਸਮੱਸਿਆ ਦਾ ਹੱਲ ਬਣ ਸਕਦਾ ਹੈ? ਸ਼ਾਇਦ।
ਸਮੁੰਦਰ ਦੀ ਇੱਕ ਵੱਡੀ ਖੂਬੀ ਇਹ ਹੈ ਕਿ ਦੁਨੀਆ ਦੇ ਵੱਡੇ ਤੱਟੀ ਸ਼ਹਿਰਾਂ ਦੇ ਬਿਲਕੁਲ ਨੇੜੇ ਬੇਅੰਤ ਪਾਣੀ ਮੌਜੂਦ ਹੈ। ਜੇ ਸਰਵਰਾਂ ਨੂੰ ਸੁਰੱਖਿਅਤ ਢੰਗ ਨਾਲ ਸਮੁੰਦਰ ਹੇਠਾਂ ਰੱਖ ਕੇ ਕੁਦਰਤੀ ਠੰਢਕ ਮਿਲ ਸਕੇ ਅਤੇ ਨਾਲ ਹੀ ਸਮੁੰਦਰੀ ਹਵਾ ਤੋਂ ਬਿਜਲੀ ਪੈਦਾ ਕੀਤੀ ਜਾ ਸਕੇ ਤਾਂ ਭਵਿੱਖ ਵਿੱਚ ਇਹ ਮਾਡਲ ਕਈ ਦੇਸ਼ਾਂ ਲਈ ਆਕਰਸ਼ਕ ਹੋ ਸਕਦਾ ਹੈ। ਪਰ ਖਤਰੇ ਵੀ ਘੱਟ ਨਹੀਂ। ਸਮੁੰਦਰ ਦਾ ਪਾਣੀ, ਲੂਣ, ਦਬਾਅ, ਤੂਫਾਨ, ਜੰਗਾਲ, ਕੇਬਲਾਂ ਦੀ ਸੁਰੱਖਿਆ ਅਤੇ ਐਮਰਜੈਂਸੀ ਵਿੱਚ ਸਰਵਰਾਂ ਤੱਕ ਪਹੁੰਚ ਇਹ ਸਭ ਵੱਡੀਆਂ ਇੰਜੀਨੀਅਰਿੰਗ ਚੁਣੌਤੀਆਂ ਹਨ। ਜ਼ਮੀਨ ’ਤੇ ਬਣੇ ਡਾਟਾ ਕੇਂਦਰ ਵਿੱਚ ਖਰਾਬੀ ਆ ਜਾਵੇ ਤਾਂ ਇੰਜੀਨੀਅਰ ਤੁਰੰਤ ਅੰਦਰ ਜਾ ਸਕਦੇ ਹਨ; ਸਮੁੰਦਰ ਹੇਠਾਂ ਪਏ ਕੰਪਿਊਟਰਾਂ ਲਈ ਇਹ ਕੰਮ ਕਾਫੀ ਮੁਸ਼ਕਲ ਹੋ ਸਕਦਾ ਹੈ।
ਇਸ ਤੋਂ ਵੱਡਾ ਸਵਾਲ ਇੱਕ ਹੋਰ ਵੱਡਾ ਸਵਾਲ ਹੈ ਸਮੁੰਦਰੀ ਵਾਤਾਵਰਣ। ਜੇ ਭਵਿੱਖ ਵਿੱਚ ਹਜ਼ਾਰਾਂ ਮੈਗਾਵਾਟ ਦੀ ਏ. ਆਈ. ਗਣਨਾ ਸਮੁੰਦਰ ਵਿੱਚ ਹੋਣ ਲੱਗੇ ਤਾਂ ਇਸਦਾ ਸਮੁੰਦਰੀ ਜੀਵਨ ਅਤੇ ਪਾਣੀ ਦੇ ਤਾਪਮਾਨ ’ਤੇ ਕੀ ਪ੍ਰਭਾਵ ਪਵੇਗਾ? ਅਜੇ ਅਜਿਹੇ ਵੱਡੇ ਪੱਧਰ ਦੇ ਪ੍ਰਯੋਗਾਂ ਦਾ ਲੰਬੇ ਸਮੇਂ ਦਾ ਨਤੀਜਾ ਸਪੱਸ਼ਟ ਨਹੀਂ।
ਇਸ ਲਈ ਸ਼ੰਘਾਈ ਦਾ ਇਹ ਪ੍ਰਾਜੈਕਟ ਅੱਜ ਦੁਨੀਆ ਲਈ ਇੱਕ ਅੰਤਿਮ ਹੱਲ ਨਹੀਂ, ਸਗੋਂ ਭਵਿੱਖ ਦੀ ਪ੍ਰਯੋਗਸ਼ਾਲਾ ਹੈ।
ਇਸਦੀ ਅਸਲ ਮਹੱਤਤਾ ਸ਼ਾਇਦ ਇਹ ਨਹੀਂ ਕਿ ਇਸ ਵਿੱਚ ਕਿੰਨੇ ਕੰਪਿਊਟਰ ਹਨ।
ਅਸਲ ਸਵਾਲ ਇਹ ਹੈ ਕਿ ਮਨੁੱਖ ਏ. ਆਈ. ਦੀ ਵਧਦੀ ਭੁੱਖ ਨੂੰ ਪੂਰਾ ਕਰਨ ਲਈ ਕਿੱਥੋਂ ਤੱਕ ਜਾਵੇਗਾ?
ਪਹਿਲਾਂ ਡਾਟਾ ਕੇਂਦਰ ਇਮਾਰਤਾਂ ਵਿੱਚ ਬਣੇ। ਫਿਰ ਰੇਗਿਸਤਾਨਾਂ ਵਿੱਚ ਬਣਨ ਲੱਗੇ, ਜਿੱਥੇ ਸਸਤੀ ਜ਼ਮੀਨ ਅਤੇ ਬਿਜਲੀ ਮਿਲ ਸਕੇ। ਹੁਣ ਸਮੁੰਦਰ ਦੇ ਹੇਠਾਂ ਪ੍ਰਯੋਗ ਸ਼ੁਰੂ ਹੋ ਗਿਆ ਹੈ। ਕੱਲ੍ਹ ਸ਼ਾਇਦ ਧਰਤੀ ਦੇ ਦੂਰਲੇ ਇਲਾਕਿਆਂ, ਤੈਰਦੇ ਪਲੇਟਫਾਰਮਾਂ ਜਾਂ ਹੋਰ ਅਜੀਬ ਥਾਵਾਂ ’ਤੇ ਏ. ਆਈ. ਕੇਂਦਰ ਵੇਖਣ ਨੂੰ ਮਿਲਣ।
ਸ਼ੰਘਾਈ ਦਾ ਇਹ ਪਾਣੀ ਹੇਠਲਾ ਕੇਂਦਰ ਸਾਨੂੰ ਇੱਕ ਗੱਲ ਸਾਫ ਦੱਸਦਾ ਹੈ। ਏ. ਆਈ. ਦੀ ਅਗਲੀ ਲੜਾਈ ਸਿਰਫ ਇਹ ਨਹੀਂ ਹੋਵੇਗੀ ਕਿ ‘‘ਕਿਸਦਾ ਮਾਡਲ ਸਭ ਤੋਂ ਸਮਝਦਾਰ ਹੈ?’’ ਸਵਾਲ ਇਹ ਵੀ ਹੋਵੇਗਾ ਕਿ ‘‘ਕਿਸ ਕੋਲ ਉਸ ਮਾਡਲ ਨੂੰ ਚਲਾਉਣ ਲਈ ਸਭ ਤੋਂ ਵੱਧ ਬਿਜਲੀ, ਸਭ ਤੋਂ ਵੱਧ ਚਿੱਪਾਂ ਅਤੇ ਸਭ ਤੋਂ ਵੱਧ ਕੰਪਿਊਟਿੰਗ ਤਾਕਤ ਹੈ?’’
– ਪੰਜਾਬ ਪੋਸਟ







