ਨਵੀਂ ਦਿੱਲੀ/ਪੰਜਾਬ ਪੋਸਟ
ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕੌਮਾਂਤਰੀ ਤਣਾਅ ਦਰਮਿਆਨ ਅੱਜ ਦੇਸ਼ ਦੇ ਕਰੋੜਾਂ ਵਾਹਨ ਚਾਲਕਾਂ ਅਤੇ ਖਪਤਕਾਰਾਂ ਲਈ ਤੇਲ ਅਤੇ ਗੈਸ ਮੋਰਚੇ ਤੋਂ ਬਹੁਤ ਹੀ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸਮਝੌਤੇ ਅਤੇ ਹੋਰਮੁਜ਼ ਜਲਡਮਰੂ ਦੇ ਖੁੱਲ੍ਹਣ ਕਾਰਨ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਦਾ ਫਾਇਦਾ ਦੇਸ਼ ਦੇ ਗਾਹਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਭਾਰਤ ਦੀ ਸਭ ਤੋਂ ਵੱਡੀ ਨਿੱਜੀ ਤੇਲ ਕੰਪਨੀ ‘ਨਿਆਰਾ ਐਨਰਜੀ’ ਨੇ ਅੱਜ ਬੁੱਧਵਾਰ ਤੋਂ ਦੇਸ਼ ਭਰ ਵਿੱਚ ਮੌਜੂਦ ਆਪਣੇ 7,000 ਤੋਂ ਵੱਧ ਪੈਟਰੋਲ ਪੰਪਾਂ ‘ਤੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਵੱਡੀ ਕਟੌਤੀ ਕਰਨ ਦਾ ਅਧਿਕਾਰਤ ਐਲਾਨ ਕੀਤਾ ਹੈ। ਪਿਛਲੇ ਦੋ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਤੇਲ ਕੰਪਨੀ ਵੱਲੋਂ ਕੀਮਤਾਂ ਘਟਾਈਆਂ ਗਈਆਂ ਹਨ।
ਇਸ ਦੇ ਨਾਲ ਹੀ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਆਦੇਸ਼ਾਂ ਮੁਤਾਬਕ, ਪਿਛਲੇ ਮਹੀਨੇ ਖਾੜੀ ਸੰਕਟ ਕਾਰਨ ਤੇਲ ਦੀ ਕਿੱਲਤ ਨੂੰ ਰੋਕਣ ਲਈ ਲਗਾਈਆਂ ਗਈਆਂ ਸਾਰੀਆਂ ਅਸਥਾਈ ਪਾਬੰਦੀਆਂ ਨੂੰ ਅੱਜ 1 ਜੁਲਾਈ ਤੋਂ ਪੂਰੀ ਤਰ੍ਹਾਂ ਹਟਾ ਲਿਆ ਗਿਆ ਹੈ। ਹੁਣ ਕੋਈ ਵੀ ਰਿਟੇਲ, ਕਮਰਸ਼ੀਅਲ ਜਾਂ ਉਦਯੋਗਿਕ ਖਪਤਕਾਰ ਪੈਟਰੋਲ ਪੰਪਾਂ ਤੋਂ ਬਿਨਾਂ ਕਿਸੇ ਸੀਮਾ (ਨੋ ਲਿਮਟ) ਦੇ ਜਿੰਨਾ ਚਾਹੇ ਡੀਜ਼ਲ ਖਰੀਦ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਤੀ ਵਾਹਨ ਰੋਜ਼ਾਨਾ ਸਿਰਫ਼ 200 ਲੀਟਰ ਡੀਜ਼ਲ ਦੇਣ ਦੀ ਹੱਦ ਤੈਅ ਕੀਤੀ ਗਈ ਸੀ। ਦੂਜੇ ਪਾਸੇ, ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ—ਇੰਡੀਅਨ ਓਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ, ਜੋ ਦੇਸ਼ ਦੇ 90 ਫੀਸਦੀ ਪੰਪਾਂ ਦਾ ਸੰਚਾਲਨ ਕਰਦੀਆਂ ਹਨ, ਨੇ ਫਿਲਹਾਲ ਆਪਣੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਸਰਕਾਰੀ ਪੰਪਾਂ ‘ਤੇ ਰਾਜਧਾਨੀ ਦਿੱਲੀ ਵਿੱਚ ਪੈਟਰੋਲ 102.12 ਰੁਪਏ ਅਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਹੈ, ਜਦਕਿ ਮੁੰਬਈ ਵਿੱਚ ਪੈਟਰੋਲ 111.21 ਰੁਪਏ ਅਤੇ ਡੀਜ਼ਲ 97.83 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੰਜਾਬ ਵਿੱਚ ਸਰਕਾਰੀ ਰੇਟ ਮੁਤਾਬਕ ਪੈਟਰੋਲ 105.56 ਰੁਪਏ ਅਤੇ ਡੀਜ਼ਲ 95.47 ਰੁਪਏ ਪ੍ਰਤੀ ਲੀਟਰ ਦੇ ਪੱਧਰ ‘ਤੇ ਬਣਿਆ ਹੋਇਆ ਹੈ।
ਆਮ ਜਨਤਾ ਅਤੇ ਵਪਾਰੀਆਂ ਲਈ ਅੱਜ ਇੱਕ ਹੋਰ ਚੰਗੀ ਖ਼ਬਰ ਇਹ ਰਹੀ ਕਿ ਕੇਂਦਰ ਸਰਕਾਰ ਨੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 183 ਰੁਪਏ ਦੀ ਵੱਡੀ ਕਟੌਤੀ ਕਰ ਦਿੱਤੀ ਹੈ। ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ ਹੁਣ 3,113 ਰੁਪਏ ਤੋਂ ਘਟ ਕੇ 2,930 ਰੁਪਏ ਦਾ ਹੋ ਗਿਆ ਹੈ, ਜਿਸ ਨਾਲ ਹੋਟਲ, ਰੈਸਟੋਰੈਂਟ ਅਤੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਵਿੱਤੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਬਾਲਣ ਦੀ ਕੀਮਤ ਵਿੱਚ ਵੀ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਜ਼ਾਰ ਵਿੱਚ 126 ਡਾਲਰ ਪ੍ਰਤੀ ਬੈਰਲ ਦੇ ਉੱਚੇ ਪੱਧਰ ਤੋਂ ਡਿੱਗ ਕੇ ਹੁਣ 73 ਡਾਲਰ ਦੇ ਆਸ-ਪਾਸ ਆ ਗਈਆਂ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਤੇਲ ਕੰਪਨੀਆਂ ਵੀ ਆਮ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਸਕਦੀਆਂ ਹਨ।
ਤੇਲ ਬਾਜ਼ਾਰ ’ਚ ਵੱਡੀ ਰਾਹਤ: ਪ੍ਰਾਈਵੇਟ ਕੰਪਨੀਆਂ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਸਸਤਾ ਕੀਤਾ, ਕੇਂਦਰ ਸਰਕਾਰ ਵੱਲੋਂ ਖਰੀਦ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਖ਼ਤਮ

Published:






