ਓਟਾਵਾ/ਪੰਜਾਬ ਪੋਸਟ :
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਾਵਾ ਵਿੱਚ ਹੋਏ ਸਾਲਾਨਾ ਸੰਸਦੀ ਪ੍ਰੈੱਸ ਗੈਲਰੀ ਰਾਤਰੀ ਸਮਾਗਮ ਦੌਰਾਨ ਹਾਸੇ-ਮਜ਼ਾਕ ਨਾਲ ਸਭ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਕਲ ਕਰਨ ਵਾਲੇ ਕਲਾਕਾਰ ਮਾਰਕ ਕ੍ਰਿਚ ਅਤੇ ਆਪਣੀ ਨਕਲ ਕਰਨ ਵਾਲੇ ਕਲਾਕਾਰ ਮਾਰਕ ਮੈਕਿਨੀ ਨੂੰ ਮੰਚ ’ਤੇ ਬੁਲਾਇਆ। ਨਕਲੀ ਟਰੰਪ ਨੇ ਆਪਣੇ ਖ਼ਾਸ ਅੰਦਾਜ਼ ਅਤੇ ਹੱਥ ਮਿਲਾਉਣ ਦੀ ਨਕਲ ਕਰਦਿਆਂ ਕੈਨੇਡਾ-ਅਮਰੀਕਾ ਵਪਾਰਕ ਗੱਲਬਾਤ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਟਰੰਪ ਦੀ ਪੁਰਾਣੀ ਟਿੱਪਣੀ ’ਤੇ ਚੁਟਕਲੇ ਸੁਣਾਏ। ਕਾਰਨੀ ਨੇ ਵੀ ਟਰੰਪ ਦੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਦੀ ਨਵੀਂ ਸਜਾਵਟ ’ਤੇ ਵਿਅੰਗ ਕੀਤਾ। ਇਸ ਸਮਾਗਮ ਵਿੱਚ ਕੈਨੇਡਾ ਦੇ ਹੋਰ ਸਿਆਸੀ ਆਗੂਆਂ ਨੇ ਵੀ ਇਕ-ਦੂਜੇ ’ਤੇ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ।







