ਨਿਊਜ਼ੀਲੈਂਡ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਬਾਰੇ ਕਾਨੂੰਨ ਪੇਸ਼

Published:

Rate this post

ਵੈਲਿੰਗਟਨ/ਪੰਜਾਬ ਪੋਸਟ
ਆਸਟ੍ਰੇਲੀਆ ਦੀ ਤਰਜ਼ ‘ਤੇ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਲਈ ਸਖ਼ਤ ਕਾਨੂੰਨ ਲਿਆਂਦਾ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਸੰਸਦ ਵਿੱਚ ਨਵਾਂ ‘ਆਨਲਾਈਨ ਸੇਫਟੀ ਬਿਲ’ ਪੇਸ਼ ਕਰਨ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਤਹਿਤ ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ ਅਤੇ ਫੇਸਬੁੱਕ ਵਰਗੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੇ ਪਲੇਟਫ਼ਾਰਮ ‘ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਨਾ ਹੋਣ। ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੇ ਗਲੋਬਲ ਮਾਲੀਏ (ਗਲੋਬਲ ਰੈਵੇਨਿਊ) ਦਾ 10 ਫ਼ੀਸਦੀ ਤੱਕ ਭਾਰੀ ਜੁਰਮਾਨਾ ਲਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਕ੍ਰਿਸਟੋਫਰ ਨੇ ਕਿਹਾ ਕਿ ਦੇਸ਼ ਵਿੱਚ 13 ਤੋਂ 17 ਸਾਲ ਦੀ ਉਮਰ ਦੇ ਤਿੰਨਾਂ ਵਿੱਚੋਂ ਇੱਕ ਬੱਚਾ ਰੋਜ਼ਾਨਾ ਘੱਟੋ-ਘੱਟ ਪੰਜ ਘੰਟੇ ਸੋਸ਼ਲ ਮੀਡੀਆ ‘ਤੇ ਬਿਤਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ, ਪੜ੍ਹਾਈ ਅਤੇ ਨੀਂਦ ‘ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਸਰਕਾਰ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੀ ਆਦੀ ਤਕਨਾਲੋਜੀ ਬੱਚਿਆਂ ਨੂੰ ਖ਼ਤਰਨਾਕ ਸਮੱਗਰੀ ਅਤੇ ਅਜਿਹੇ ਦਬਾਅ ਵੱਲ ਲੈ ਕੇ ਜਾ ਰਹੀ ਹੈ ਜਿਨ੍ਹਾਂ ਦਾ ਉਹ ਸਾਹਮਣਾ ਕਰਨ ਦੇ ਸਮਰੱਥ ਨਹੀਂ ਹਨ।
ਕਾਨੂੰਨ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਪਭੋਗਤਾਵਾਂ ਦੀ ਉਮਰ ਦੀ ਤਸਦੀਕ ਕਰਨ ਲਈ ਚਿਹਰੇ ਦੀ ਉਮਰ ਦਾ ਅੰਦਾਜ਼ਾ (ਫੇਸ਼ੀਅਲ ਏਜ ਐਸਟੀਮੇਸ਼ਨ), ਡਿਜੀਟਲ ਆਈ.ਡੀ. ਸੇਵਾਵਾਂ ਅਤੇ ਰਸਮੀ ਪਛਾਣ ਪੱਤਰ ਵਰਗੇ ਸਖ਼ਤ ਤਰੀਕੇ ਅਪਣਾਉਣੇ ਪੈਣਗੇ। ਹਾਲਾਂਕਿ, ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਕਾਨੂੰਨ ਤਹਿਤ ਕਿਸੇ ਵੀ ਬੱਚੇ, ਮਾਪੇ ਜਾਂ ਦੇਖਭਾਲ ਕਰਨ ਵਾਲੇ ਨੂੰ ਕੋਈ ਸਜ਼ਾ ਜਾਂ ਜੁਰਮਾਨਾ ਨਹੀਂ ਦਿੱਤਾ ਜਾਵੇਗਾ, ਸਗੋਂ ਸਾਰੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਕੰਪਨੀਆਂ ਦੀ ਹੀ ਹੋਵੇਗੀ।

Read News Paper

Related articles

spot_img

Recent articles

spot_img