ਲਾਸ ਏਂਜਲਸ/ਵਾਸ਼ਿੰਗਟਨ/ਪੰਜਾਬ ਪੋਸਟ (8 ਜੁਲਾਈ 2026)
ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਵਿੱਚ ਸਾਲ 2023 ਦੌਰਾਨ ਹੋਏ ਹਰਦੀਪ ਸਿੰਘ ਨਿੱਝਰ ਦੇ ਹੱਤਿਆਕਾਂਡ ਮਾਮਲੇ ਵਿੱਚ ਅਮਰੀਕਾ ਦੀ ਜਾਂਚ ਏਜੰਸੀ ਐਫ਼.ਬੀ.ਆਈ. ਅਤੇ ਅਮਰੀਕੀ ਰੱਖਿਆ ਵਿਭਾਗ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਸਨਸਨੀਖੇਜ਼ ਖ਼ੁਲਾਸਾ ਕੀਤਾ ਗਿਆ ਹੈ। ਅਮਰੀਕੀ ਅਦਾਲਤ ਵਿੱਚ ਦਰਜ ਕੀਤੀ ਗਈ ਇੱਕ ਵੱਡੀ ਸੰਘੀ ਚਾਰਜਸ਼ੀਟ (ਇੰਡਿਕਟਮੈਂਟ) ਵਿੱਚ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਵਿੱਚ ਬੈਠੇ ਉਸ ਦੇ ਮੁੱਖ ਸਾਥੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਸਿੱਧਾ ਆਦੇਸ਼ ਦੇਣ (ਸੁਪਾਰੀ ਦੇਣ) ਦੇ ਅਧਿਕਾਰਤ ਇਲਜ਼ਾਮਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ। ਐਫ਼.ਬੀ.ਆਈ. ਵੱਲੋਂ ਚਲਾਏ ਗਏ ਵਿਸ਼ੇਸ਼ ਗਲੋਬਲ ਮਿਸ਼ਨ ‘ਅਪ੍ਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 50 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕਰਕੇ 24 ਹਥਿਆਰਬੰਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਮਰੀਕੀ ਜਾਂਚ ਏਜੰਸੀ ਨੇ ਗੋਲਡੀ ਬਰਾੜ ਸਬੰਧੀ ਸੂਚਨਾ ਦੇਣ ਵਾਲੇ ਨੂੰ 50,000 ਅਮਰੀਕੀ ਡਾਲਰ (ਲਗਭਗ 41 ਲੱਖ ਰੁਪਏ) ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਇਲਾਵਾ ਇੱਕ ਹੋਰ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰਾ ਅਤੇ ਰਵਿੰਦਰ ਸਿੰਘ ਧਾਂਦਾ ਦੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਵੀ 3 ਵੱਖ-ਵੱਖ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁੱਲ 37 ਮੁਲਜ਼ਮ ਨਾਮਜ਼ਦ ਹਨ। ਇਨ੍ਹਾਂ ਵਿੱਚੋਂ 24 ਗ੍ਰਿਫ਼ਤਾਰ ਹੋ ਚੁੱਕੇ ਹਨ (ਜਿਨ੍ਹਾਂ ਵਿੱਚੋਂ 11 ਕੈਲੀਫ਼ੋਰਨੀਆ, 1 ਜਾਰਜੀਆ, 1 ਇੰਡੀਆਨਾ, 3 ਕੈਨੇਡਾ ਅਤੇ 1 ਸਪੇਨ ਵਿੱਚ ਫੜਿਆ ਗਿਆ ਹੈ), ਜਦਕਿ 10 ਦੋਸ਼ੀ ਅਜੇ ਵੀ ਫ਼ਰਾਰ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਰੁੱਪ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਭਾਈਚਾਰੇ ਦੇ ਅਮੀਰ ਲੋਕਾਂ, ਕਾਰੋਬਾਰੀਆਂ ਅਤੇ ਕਲਾਕਾਰਾਂ ਨੂੰ ਡਰਾ-ਧਮਕਾ ਕੇ ਕਰੋੜਾਂ ਰੁਪਏ ਦੀ ਫਿਰੌਤੀ ਵਸੂਲਦੇ ਸਨ ਅਤੇ ਇਸ ਪੈਸੇ ਦੀ ਵਰਤੋਂ ਅਮਰੀਕਾ-ਕੈਨੇਡਾ ਸਰਹੱਦ ’ਤੇ ਸੈਂਕੜੇ ਕਿਲੋ ਕੋਕੀਨ ਅਤੇ ਮੈਥਾਮਫੇਟਾਮਾਈਨ ਵਰਗੇ ਘਾਤਕ ਨਸ਼ਿਆਂ ਦੀ ਤਸਕਰੀ ਲਈ ਕਰਦੇ ਸਨ। ਪੁਲਿਸ ਨੇ ਇਸ ਅਪ੍ਰੇਸ਼ਨ ਦੌਰਾਨ ਤਕਰੀਬਨ 1,000 ਕਿਲੋਗ੍ਰਾਮ ਕੋਕੀਨ ਅਤੇ ਦਰਜਨਾਂ ਹਥਿਆਰ ਜ਼ਬਤ ਕੀਤੇ ਹਨ। ਅਮਰੀਕਾ ਅਤੇ ਕੈਨੇਡਾ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ਅੰਤਰਰਾਸ਼ਟਰੀ ਅਪਰਾਧੀਆਂ ਲਈ ਹੁਣ ਦੁਨੀਆ ਵਿੱਚ ਕੋਈ ਵੀ ਸੁਰੱਖਿਅਤ ਜਗ੍ਹਾ ਨਹੀਂ ਬਚੇਗੀ।
ਨਿੱਝਰ ਹੱਤਿਆਕਾਂਡ ’ਚ ਅਮਰੀਕਾ ਦਾ ਸਭ ਤੋਂ ਵੱਡਾ ਐਕਸ਼ਨ: ਐਫ਼.ਬੀ.ਆਈ. ਵੱਲੋਂ 50,000 ਡਾਲਰ ਇਨਾਮ ਦਾ ਐਲਾਨ

Published:






