ਓਸਲੋ/ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਵਿਦੇਸ਼ੀ ਦੌਰੇ ਦੇ ਚੌਥੇ ਪੜਾਅ ਤਹਿਤ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚੇ ਹਨ। ਪਿਛਲੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਨਾਰਵੇ ਯਾਤਰਾ ਹੈ, ਜਿਸ ਦੌਰਾਨ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਉਚਾਈ ਦਿੰਦੇ ਹੋਏ ‘ਗ੍ਰੀਨ ਸਟ੍ਰੇਟੇਜਿਕ ਪਾਰਟਨਰਸ਼ਿਪ’ (ਹਰੀ ਰਣਨੀਤਕ ਭਾਈਵਾਲੀ) ਵਿੱਚ ਬਦਲਣ ਦਾ ਵੱਡਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰੇ ਨਾਲ ਓਸਲੋ ਵਿੱਚ ਉੱਚ ਪੱਧਰੀ ਵਫ਼ਦ ਪੱਧਰ ਦੀ ਬੈਠਕ ਕੀਤੀ। ਇਸ ਬੈਠਕ ਦੌਰਾਨ ਸਾਫ਼ ਸੁਥਰੀ ਊਰਜਾ, ਜਲਵਾਯੂ ਪਰਿਵਰਤਨ, ਬਲੂ ਇਕਾਨਮੀ, ਗ੍ਰੀਨ ਸ਼ਿਪਿੰਗ ਅਤੇ ਸੂਚਨਾ ਤਕਨਾਲੋਜੀ ਵਰਗੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤੀ ਬਣੀ। ਦੋਵਾਂ ਆਗੂਆਂ ਨੇ ਸਾਲ 2030 ਤੱਕ ਆਪਸੀ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ। ਇਸ ਦੇ ਨਾਲ ਹੀ ਭਾਰਤ-ਈ.ਐਫ.ਟੀ.ਏ. ਵਪਾਰਕ ਸਮਝੌਤੇ ਤਹਿਤ ਭਾਰਤ ਵਿੱਚ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 1 ਮਿਲੀਅਨ ਨਵੀਆਂ ਨੌਕਰੀਆਂ ਪੈਦਾ ਕਰਨ ਦੇ ਅਹਿਦ ਨੂੰ ਦੁਹਰਾਇਆ ਗਿਆ। ਇਸ ਇਤਿਹਾਸਕ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਨਾਰਵੇ ਦੇ ਰਾਜਾ ਹਾਰਲਡ 5ਵੇਂ ਵੱਲੋਂ ਉੱਥੋਂ ਦੇ ਵੱਕਾਰੀ ਸਨਮਾਨ ‘ਗ੍ਰੈਂਡ ਕਰਾਸ ਆਫ਼ ਦੀ ਰਾਇਲ ਨਾਰਵੇਜੀਅਨ ਆਰਡਰ ਆਫ਼ ਮੈਰਿਟ’ ਨਾਲ ਵੀ ਨਿਵਾਜਿਆ ਗਿਆ।
ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਡਿਜੀਟਲ ਪਬਲਿਕ ਇਨਫਰਾਸਟਰਕਚਰ, ਸਿਹਤ ਤਕਨਾਲੋਜੀ ਅਤੇ ਪੁਲਾੜ ਖੇਤਰ (ਇਸਰੋ ਅਤੇ ਨਾਰਵੇਜੀਅਨ ਸਪੇਸ ਏਜੰਸੀ ਵਿਚਾਲੇ) ਨੂੰ ਲੈ ਕੇ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਦੋਵੇਂ ਦੇਸ਼ ਮਿਲ ਕੇ ਭਾਰਤ ਦੇ ਡਿਜੀਟਲ ਢਾਂਚੇ ਦੀ ਮਦਦ ਨਾਲ ਗਲੋਬਲ ਸਾਊਥ ਦੇ ਗਰੀਬ ਦੇਸ਼ਾਂ ਵਿੱਚ ਮਾਨਵ ਵਿਕਾਸ ਦੇ ਕਾਰਜਾਂ ਲਈ ਵੀ ਕੰਮ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਨਾਰਵੇ ਦੀਆਂ ਕੰਪਨੀਆਂ ਨੂੰ ਭਾਰਤ ਦੇ ਵਿਸ਼ਾਲ ਬਾਜ਼ਾਰ ਅਤੇ ਹੁਨਰਮੰਦ ਨੌਜਵਾਨਾਂ ਦਾ ਲਾਹਾ ਲੈਣ ਲਈ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰੇ ਦੇ ਚੌਥੇ ਪੜਾਅ ਤਹਿਤ ਨਾਰਵੇ ਪੁੱਜੇ

Published:






