ਸਿੱਖ ਇਤਿਹਾਸ ਵਿੱਚ ਬਾਬਾ ਬਕਾਲਾ ਦਾ ਨਾਮ ਉਸ ਮਹਾਨ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ, ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਨੂੰ ਸੰਗਤ ਸਾਹਮਣੇ ਸਪੱਸ਼ਟ ਰੂਪ ਵਿੱਚ ਪ੍ਰਗਟ ਕੀਤਾ ਗਿਆ। “ਬਾਬਾ ਬਕਾਲਾ” ਦੇ ਦੋ ਸ਼ਬਦਾਂ ਨੇ ਇੱਕ ਪਾਸੇ ਸੰਗਤ ਨੂੰ ਖੋਜ ਵੱਲ ਤੋਰਿਆ, ਜਦਕਿ ਦੂਜੇ ਪਾਸੇ ਇਸੇ ਅਸਪੱਸ਼ਟਤਾ ਦਾ ਲਾਭ ਲੈਂਦਿਆਂ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਵਜੋਂ ਪੇਸ਼ ਕਰ ਦਿੱਤਾ। ਅੰਤ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਦੀ ਸੂਝ ਅਤੇ ਸ਼ਰਧਾ ਨੇ ਸੱਚੇ ਗੁਰੂ ਦੀ ਪਛਾਣ ਸੰਗਤ ਸਾਹਮਣੇ ਕਰ ਦਿੱਤੀ ਅਤੇ ਬਕਾਲਾ ਦੀ ਧਰਤੀ ਤੋਂ “ਗੁਰੂ ਲਾਧੋ ਰੇ” ਦੀ ਇਤਿਹਾਸਕ ਆਵਾਜ਼ ਗੂੰਜੀ।
30 ਮਾਰਚ 1664 ਨੂੰ ਦਿੱਲੀ ਵਿਖੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਜੋਤੀ ਜੋਤ ਸਮਾਏ। ਬਾਲ ਗੁਰੂ ਜੀ ਉਸ ਸਮੇਂ ਦਿੱਲੀ ਵਿੱਚ ਚੱਲ ਰਹੀ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਖੁਦ ਵੀ ਬਿਮਾਰ ਹੋ ਗਏ ਸਨ। ਅੰਤਲੇ ਸਮੇਂ ਜਦੋਂ ਉਨ੍ਹਾਂ ਕੋਲੋਂ ਅਗਲੇ ਗੁਰੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ “ਬਾਬਾ ਬਕਾਲਾ” ਉਚਾਰਿਆ। ਸ਼੍ਰੋਮਣੀ ਕਮੇਟੀ ਦੇ ਇਤਿਹਾਸਕ ਵੇਰਵੇ ਅਨੁਸਾਰ ਇਨ੍ਹਾਂ ਸ਼ਬਦਾਂ ਦਾ ਸੰਕੇਤ ਬਾਬਾ ਬਕਾਲਾ ਵਿਖੇ ਰਹਿ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਸੀ।
ਪਰ “ਬਾਬਾ ਬਕਾਲਾ” ਦੇ ਇਹ ਦੋ ਸ਼ਬਦ ਸੰਗਤ ਲਈ ਇੱਕ ਇਤਿਹਾਸਕ ਪਹੇਲੀ ਬਣ ਗਏ। ਜਦੋਂ ਇਹ ਖਬਰ ਬਕਾਲਾ ਪਹੁੰਚੀ ਤਾਂ ਕਈ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਤਿਹਾਸਕ ਵੇਰਵਿਆਂ ਵਿੱਚ ਲਗਭਗ 22 ਦਾਅਵੇਦਾਰਾਂ ਦਾ ਜ਼ਿਕਰ ਮਿਲਦਾ ਹੈ। ਇਸ ਕਾਰਨ ਸੰਗਤ ਵਿੱਚ ਦੁਬਿਧਾ ਪੈਦਾ ਹੋ ਗਈ ਕਿ ਅਸਲ ਗੁਰੂ ਕੌਣ ਹਨ। ਦੂਜੇ ਪਾਸੇ ਗੁਰੂ ਤੇਗ ਬਹਾਦਰ ਜੀ ਇਸ ਦੌੜ ਤੋਂ ਬਿਲਕੁਲ ਅਲੱਗ ਰਹੇ ਅਤੇ ਆਪਣੀ ਆਤਮਿਕ ਸਾਧਨਾ ਵਿੱਚ ਲੀਨ ਰਹੇ।
ਇਸੇ ਸਮੇਂ ਭਾਈ ਮੱਖਣ ਸ਼ਾਹ ਲੁਬਾਣਾ ਦੀ ਬਕਾਲਾ ਆਮਦ ਨੇ ਇਤਿਹਾਸ ਦਾ ਰੁਖ ਬਦਲ ਦਿੱਤਾ। ਭਾਈ ਮੱਖਣ ਸ਼ਾਹ ਇੱਕ ਵਪਾਰੀ ਅਤੇ ਗੁਰੂ ਘਰ ਦੇ ਸ਼ਰਧਾਲੂ ਸਨ। ਪ੍ਰਚਲਿਤ ਸਿੱਖ ਇਤਿਹਾਸਕ ਪ੍ਰੰਪਰਾ ਅਨੁਸਾਰ ਸਮੁੰਦਰੀ ਯਾਤਰਾ ਦੌਰਾਨ ਉਨ੍ਹਾਂ ਦਾ ਜਹਾਜ਼ ਭਾਰੀ ਮੁਸੀਬਤ ਵਿੱਚ ਫਸ ਗਿਆ ਸੀ। ਉਨ੍ਹਾਂ ਨੇ ਗੁਰੂ ਅੱਗੇ ਅਰਦਾਸ ਕੀਤੀ ਅਤੇ ਮਨ ਵਿੱਚ ਇਹ ਪ੍ਰਣ ਕੀਤਾ ਕਿ ਜੇ ਜਹਾਜ਼ ਅਤੇ ਸਾਮਾਨ ਸੁਰੱਖਿਅਤ ਬਚ ਗਿਆ ਤਾਂ ਉਹ ਗੁਰੂ ਘਰ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰਨਗੇ। ਜਹਾਜ਼ ਸੁਰੱਖਿਅਤ ਪਹੁੰਚਣ ਤੋਂ ਬਾਅਦ ਉਹ ਆਪਣੀ ਸੁੱਖਣਾ ਪੂਰੀ ਕਰਨ ਲਈ ਬਕਾਲਾ ਆਏ।
ਬਕਾਲਾ ਪਹੁੰਚ ਕੇ ਭਾਈ ਮੱਖਣ ਸ਼ਾਹ ਨੇ ਕਈ ਦਾਅਵੇਦਾਰਾਂ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਹਰੇਕ ਦੇ ਅੱਗੇ ਦੋ-ਦੋ ਮੋਹਰਾਂ ਰੱਖੀਆਂ। ਕਿਸੇ ਨੇ ਵੀ ਉਨ੍ਹਾਂ ਨੂੰ 500 ਮੋਹਰਾਂ ਵਾਲੀ ਆਪਣੀ ਸੁੱਖਣਾ ਦੀ ਯਾਦ ਨਹੀਂ ਕਰਵਾਈ। ਭਾਈ ਮੱਖਣ ਸ਼ਾਹ ਦੇ ਮਨ ਵਿੱਚ ਸਵਾਲ ਹੋਰ ਡੂੰਘਾ ਹੋ ਗਿਆ ਕਿ ਸੱਚਾ ਗੁਰੂ ਕਿੱਥੇ ਹੈ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਬਕਾਲਾ ਵਿੱਚ ਇੱਕ ਹੋਰ ਮਹਾਂਪੁਰਖ ਹਨ। ਬਾਬਾ ਤੇਗ ਬਹਾਦਰ ਜੀ, ਜੋ ਇਕਾਂਤ ਵਿੱਚ ਨਾਮ-ਸਿਮਰਨ ਕਰ ਰਹੇ ਹਨ।
ਭਾਈ ਮੱਖਣ ਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਪਹੁੰਚੇ। ਉਨ੍ਹਾਂ ਨੇ ਗੁਰੂ ਸਾਹਿਬ ਦੇ ਅੱਗੇ ਵੀ ਦੋ ਮੋਹਰਾਂ ਰੱਖੀਆਂ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਮੱਖਣ ਸ਼ਾਹ ਨੇ ਤਾਂ 500 ਮੋਹਰਾਂ ਦੀ ਸੁੱਖਣਾ ਕੀਤੀ ਸੀ, ਫਿਰ ਦੋ ਹੀ ਕਿਉਂ? ਇਹ ਸੁਣਦਿਆਂ ਹੀ ਭਾਈ ਮੱਖਣ ਸ਼ਾਹ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੇ ਸਾਹਮਣੇ ਸੱਚੇ ਗੁਰੂ ਸਾਹਿਬ ਬਿਰਾਜਮਾਨ ਹਨ। ਭਾਈ ਮੱਖਣ ਸ਼ਾਹ ਆਪਣੀ ਖੁਸ਼ੀ ਸੰਭਾਲ ਨਾ ਸਕੇ। ਉਹ ਘਰ ਦੀ ਛੱਤ ਉੱਤੇ ਚੜ੍ਹ ਗਏ ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ “ਗੁਰੂ ਲਾਧੋ ਰੇ! ਗੁਰੂ ਲਾਧੋ ਰੇ!” ਅਰਥਾਤ, “ਮੈਨੂੰ ਗੁਰੂ ਮਿਲ ਗਿਆ ਹੈ।” ਉਨ੍ਹਾਂ ਦੀ ਇਹ ਪੁਕਾਰ ਬਕਾਲਾ ਦੀਆਂ ਗਲੀਆਂ ਵਿੱਚ ਗੂੰਜੀ ਅਤੇ ਸੰਗਤ ਨੂੰ ਸੱਚੇ ਗੁਰੂ ਦੀ ਪਛਾਣ ਹੋ ਗਈ। ਇਸ ਘਟਨਾ ਨੂੰ ਹੀ ਅੱਜ “ਗੁਰੂ ਲਾਧੋ ਰੇ” ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ।
ਇਸ ਘਟਨਾ ਦਾ ਸਭ ਤੋਂ ਸੁੰਦਰ ਪੱਖ ਇਹ ਹੈ ਕਿ ਸੱਚਾ ਗੁਰੂ ਆਪਣੇ ਆਪ ਨੂੰ ਸਾਬਤ ਕਰਨ ਲਈ ਕਿਸੇ ਮੁਕਾਬਲੇ ਵਿੱਚ ਨਹੀਂ ਉਤਰਿਆ। ਗੁਰੂ ਤੇਗ ਬਹਾਦਰ ਜੀ ਨੇ ਨਾ ਆਪਣੀ ਗੁਰਗੱਦੀ ਦਾ ਦਾਅਵਾ ਕੀਤਾ ਅਤੇ ਨਾ ਹੀ ਦਾਅਵੇਦਾਰਾਂ ਨਾਲ ਕਿਸੇ ਕਿਸਮ ਦਾ ਵਿਵਾਦ ਕੀਤਾ। ਉਹ ਸ਼ਾਂਤ ਰਹੇ। ਸੱਚ ਦੀ ਪਛਾਣ ਲਈ ਸਮਾਂ ਆਇਆ ਤਾਂ ਸੱਚ ਆਪ ਹੀ ਪ੍ਰਗਟ ਹੋ ਗਿਆ। ਭਾਈ ਮੱਖਣ ਸ਼ਾਹ ਦੀ ਸ਼ਰਧਾ ਅਤੇ ਗੁਰੂ ਸਾਹਿਬ ਦੀ ਆਤਮਿਕ ਅਵਸਥਾ ਨੇ ਸੰਗਤ ਸਾਹਮਣੇ ਸੱਚ ਨੂੰ ਸਪੱਸ਼ਟ ਕਰ ਦਿੱਤਾ।
“ਗੁਰੂ ਲਾਧੋ ਰੇ” ਸਿਰਫ ਭਾਈ ਮੱਖਣ ਸ਼ਾਹ ਦੀ ਖੁਸ਼ੀ ਭਰੀ ਪੁਕਾਰ ਨਹੀਂ ਸੀ। ਇਹ ਸਿੱਖ ਇਤਿਹਾਸ ਵਿੱਚ ਸੱਚੇ ਗੁਰੂ ਦੀ ਪਛਾਣ ਦਾ ਐਲਾਨ ਸੀ। ਇੱਕ ਪਾਸੇ ਕਈ ਲੋਕ ਗੁਰਗੱਦੀ ਦਾ ਦਾਅਵਾ ਕਰ ਰਹੇ ਸਨ, ਦੂਜੇ ਪਾਸੇ ਸੱਚਾ ਗੁਰੂ ਲੋਕ-ਦਿਖਾਵੇ ਅਤੇ ਮੁਕਾਬਲੇ ਤੋਂ ਦੂਰ ਬੈਠਾ ਸੀ। ਇਸ ਘਟਨਾ ਨੇ ਸਿੱਖ ਸੰਗਤ ਨੂੰ ਇਹ ਵੀ ਦੱਸਿਆ ਕਿ ਗੁਰੂ ਦੀ ਪਛਾਣ ਬਾਹਰੀ ਦਾਅਵੇ ਨਾਲ ਨਹੀਂ, ਸਗੋਂ ਉਸ ਦੀ ਆਤਮਿਕ ਸੱਚਾਈ ਨਾਲ ਹੁੰਦੀ ਹੈ।
ਇਸ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਜੀ ਨੇ ਵਿਰੋਧੀਆਂ ਪ੍ਰਤੀ ਬਦਲੇ ਦੀ ਭਾਵਨਾ ਨਹੀਂ ਰੱਖੀ। ਇਤਿਹਾਸਕ ਵੇਰਵੇ ਵਿੱਚ ਦਰਜ ਹੈ ਕਿ ਧੀਰ ਮਲ ਵੱਲੋਂ ਕਰਵਾਏ ਹਮਲੇ ਵਿੱਚ ਗੁਰੂ ਸਾਹਿਬ ਨੂੰ ਗੋਲੀ ਲੱਗੀ, ਪਰ ਬਾਅਦ ਵਿੱਚ ਗੁਰੂ ਸਾਹਿਬ ਨੇ ਧੀਰ ਮਲ ਨੂੰ ਮਾਫ ਕਰ ਦਿੱਤਾ ਅਤੇ ਉਸ ਨਾਲੋਂ ਗ੍ਰੰਥ ਸਾਹਿਬ ਦੀ ਪ੍ਰਤੀ ਵੀ ਵਾਪਸ ਕਰ ਦਿੱਤੀ।
ਬਾਬਾ ਬਕਾਲਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਲੰਮਾ ਸਮਾਂ ਆਤਮਿਕ ਸਾਧਨਾ ਅਤੇ ਨਾਮ-ਸਿਮਰਨ ਵਿੱਚ ਬਿਤਾਇਆ। ਗੁਰੂ ਸਾਹਿਬ ਨੇ ਬਕਾਲਾ ਵਿੱਚ ਲੰਮਾ ਸਮਾਂ ਰਹਿੰਦਿਆਂ ਆਪਣਾ ਜੀਵਨ ਸ਼ਾਂਤੀ ਅਤੇ ਆਤਮਿਕ ਤਿਆਰੀ ਵਿੱਚ ਬਿਤਾਇਆ ਅਤੇ ਇਥੋਂ ਹੀ ਅੱਗੇ ਧਰਮ ਪ੍ਰਚਾਰ ਦੀਆਂ ਯਾਤਰਾਵਾਂ ਕੀਤੀਆਂ।
“ਗੁਰੂ ਲਾਧੋ ਰੇ” ਦਾ ਦਿਵਸ ਅੱਜ ਵੀ ਸਿੱਖ ਸੰਗਤ ਲਈ ਬਹੁਤ ਭਾਵਪੂਰਨ ਹੈ। ਇਹ ਦਿਨ ਸਿਰਫ ਇੱਕ ਇਤਿਹਾਸਕ ਘਟਨਾ ਦੀ ਯਾਦ ਨਹੀਂ ਕਰਵਾਉਂਦਾ, ਸਗੋਂ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਦੋਂ ਦੁਨੀਆ ਵਿੱਚ ਸੱਚ ਅਤੇ ਝੂਠ ਵਿਚਕਾਰ ਫਰਕ ਕਰਨਾ ਮੁਸ਼ਕਲ ਹੋ ਜਾਵੇ, ਤਾਂ ਸੱਚ ਨੂੰ ਪਛਾਣਨ ਲਈ ਸ਼ਰਧਾ, ਸੂਝ ਅਤੇ ਅੰਦਰਲੀ ਸੱਚਾਈ ਦੀ ਲੋੜ ਹੁੰਦੀ ਹੈ। ਬਕਾਲਾ ਦੀ ਧਰਤੀ ਉੱਤੇ ਭਾਈ ਮੱਖਣ ਸ਼ਾਹ ਦੀ ਉਹ ਪੁਕਾਰ ਅੱਜ ਵੀ ਸਿੱਖ ਇਤਿਹਾਸ ਵਿੱਚ ਗੂੰਜਦੀ ਮਹਿਸੂਸ ਹੁੰਦੀ ਹੈ “ਗੁਰੂ ਲਾਧੋ ਰੇ!”
_ ਪੰਜਾਬ ਪੋਸਟ







