ਬੱਚਿਆਂ ਨੂੰ ਕਿਤਾਬਾਂ ਤੋਂ ਅੱਗੇ ਜ਼ਿੰਦਗੀ ਪੜ੍ਹਾਉਂਦੀ ਉੱਜਵਲਾ ਵਾਡੇਕਰ ਜਦੋਂ ਪਿੰਡ ਹੀ ਬਣ ਗਿਆ ਪਾਠਸ਼ਾਲਾ

Published:

Rate this post

ਕਈ ਅਧਿਆਪਕ ਬੱਚਿਆਂ ਨੂੰ ਪਾਠ ਪੁਸਤਕ ਦੇ ਪੰਨੇ ਪੜ੍ਹਾਉਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਬੱਚਿਆਂ ਨੂੰ ਜ਼ਿੰਦਗੀ ਪੜ੍ਹਨੀ ਸਿਖਾਉਂਦੇ ਹਨ। ਮਹਾਰਾਸ਼ਟਰ ਦੇ ਜਲਗਾਓਂ ਦੀ ਜ਼ਿਲ੍ਹਾ ਪ੍ਰੀਸ਼ਦ ਸਕੂਲ ਨਾਲ ਜੁੜੀ ਅਧਿਆਪਕਾ ਉੱਜਵਲਾ ਰਾਜੇਸ਼ ਵਾਡੇਕਰ ਦੀ ਕਹਾਣੀ ਇਸੇ ਸੋਚ ਦੀ ਮਿਸਾਲ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਧਿਆਪਨ ਨਾਲ ਜੁੜੀ ਵਾਡੇਕਰ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਸਿੱਖਿਆ ਸਿਰਫ ਸਕੂਲ ਦੀਆਂ ਚਾਰ ਦੀਵਾਰਾਂ ਅੰਦਰ ਹੀ ਹੋ ਸਕਦੀ ਹੈ। ਉਨ੍ਹਾਂ ਲਈ ਪੂਰਾ ਪਿੰਡ ਹੀ ਇੱਕ ਵੱਡੀ ਪਾਠਸ਼ਾਲਾ ਹੈ।
ਸੋਚੋ, ਇੱਕ ਬੱਚੇ ਨੂੰ ਭਿੰਨ ਸਿਖਾਉਣ ਲਈ ਅਸੀਂ ਆਮ ਤੌਰ ’ਤੇ ਬਲੈਕਬੋਰਡ ’ਤੇ ਅੱਧਾ, ਚੌਥਾਈ ਅਤੇ ਤਿੰਨ-ਚੌਥਾਈ ਲਿਖਦੇ ਹਾਂ। ਪਰ ਵਾਡੇਕਰ ਨੇ ਇਸੇ ਗੱਲ ਨੂੰ ਪੰਚਰ ਦੀ ਦੁਕਾਨ ਨਾਲ ਜੋੜ ਦਿੱਤਾ। ਟਾਇਰ ਸਾਹਮਣੇ ਹੈ, ਉਸ ਦੀ ਮਾਪ ਹੈ, ਆਕਾਰ ਹੈ ਅਤੇ ਹਵਾ ਦਾ ਦਬਾਅ ਹੈ। ਬੱਚੇ ਦੇ ਸਾਹਮਣੇ ਅਚਾਨਕ ਗਣਿਤ ਕਿਤਾਬ ਦਾ ਔਖਾ ਅਧਿਆਇ ਨਹੀਂ ਰਹਿੰਦਾ, ਸਗੋਂ ਉਸਦੇ ਆਲੇ-ਦੁਆਲੇ ਮੌਜੂਦ ਇੱਕ ਹਕੀਕਤ ਬਣ ਜਾਂਦਾ ਹੈ। ਇਹੀ ਉਨ੍ਹਾਂ ਦੀ ਸਿੱਖਿਆ ਦੀ ਖੂਬਸੂਰਤੀ ਹੈ।
ਤਰਖਾਣ ਦੀ ਦੁਕਾਨ ਉਨ੍ਹਾਂ ਲਈ ਸਿਰਫ ਲੱਕੜ ਦਾ ਕੰਮ ਕਰਨ ਵਾਲੀ ਥਾਂ ਨਹੀਂ। ਉੱਥੇ ਬੱਚੇ ਲੰਬਾਈ, ਚੌੜਾਈ, ਕੋਣ, ਮਾਪ ਅਤੇ ਆਕਾਰ ਨੂੰ ਅਸਲ ਕੰਮ ਵਿੱਚ ਦੇਖ ਸਕਦੇ ਹਨ। ਲੱਕੜ ਦਾ ਇੱਕ ਟੁਕੜਾ ਗਲਤ ਮਾਪਿਆ ਜਾਵੇ ਤਾਂ ਪੂਰਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਸ ਤਰ੍ਹਾਂ ਬੱਚੇ ਸਮਝਦੇ ਹਨ ਕਿ ਗਣਿਤ ਸਿਰਫ ਇਮਤਿਹਾਨ ਵਿੱਚ ਨੰਬਰ ਲੈਣ ਲਈ ਨਹੀਂ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਹੀ ਫੈਸਲੇ ਕਰਨ ਲਈ ਵੀ ਹੈ।
ਕਦੇ ਕਲਾਸ ਆਟੋ ਗੈਰਾਜ ਵਿੱਚ ਲੱਗਦੀ ਹੈ। ਉੱਥੇ ਪਹੀਆ, ਹਵਾ, ਮਸ਼ੀਨ ਅਤੇ ਵੱਖ-ਵੱਖ ਔਜਾਰ ਬੱਚਿਆਂ ਲਈ ਵਿਗਿਆਨ ਦੀ ਜਿਊਂਦੀ ਜਾਗਦੀ ਕਿਤਾਬ ਬਣ ਜਾਂਦੇ ਹਨ। ਅੱਗ ਬੁਝਾਊ ਕੇਂਦਰ ਵਿੱਚ ਜਾ ਕੇ ਉਹ ਅੱਗ ਤੋਂ ਬਚਾਅ, ਸੁਰੱਖਿਆ ਦੇ ਸਾਮਾਨ ਅਤੇ ਐਮਰਜੈਂਸੀ ਸਮੇਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣਦੇ ਹਨ। ਕਿਤਾਬ ਵਿੱਚ ਪੜ੍ਹਿਆ ਵਿਗਿਆਨ ਜਦੋਂ ਅੱਖਾਂ ਸਾਹਮਣੇ ਕੰਮ ਕਰਦਾ ਦਿਖਾਈ ਦਿੰਦਾ ਹੈ ਤਾਂ ਬੱਚਿਆਂ ਦੇ ਸਵਾਲ ਵੀ ਵਧਦੇ ਹਨ ਅਤੇ ਉਨ੍ਹਾਂ ਦੀ ਸਮਝ ਵੀ।
ਇੱਥੇ ਇੱਕ ਹੋਰ ਗੱਲ ਬਹੁਤ ਮਹੱਤਵਪੂਰਨ ਹੈ। ਵਾਡੇਕਰ ਦੀ ਸੋਚ ਸਿਰਫ ‘‘ਬਾਹਰ ਲੈ ਜਾ ਕੇ ਪੜ੍ਹਾਉਣ’’ ਤੱਕ ਸੀਮਿਤ ਨਹੀਂ। ਉਨ੍ਹਾਂ ਦਾ ਮਕਸਦ ਇਹ ਹੈ ਕਿ ਬੱਚਾ ਦੇਖੇ, ਸਵਾਲ ਪੁੱਛੇ, ਸੋਚੇ, ਗੱਲ ਕਰੇ ਅਤੇ ਫਿਰ ਜੋ ਸਿੱਖਿਆ ਹੈ ਉਸ ਨੂੰ ਆਪਣੀ ਜ਼ਿੰਦਗੀ ਨਾਲ ਜੋੜੇ।
ਇਸੇ ਕਰਕੇ ਖੇਤ ਵੀ ਉਨ੍ਹਾਂ ਲਈ ਕਲਾਸਰੂਮ ਹੈ। ਖੇਤ ਵਿੱਚ ਮਿੱਟੀ ਹੈ, ਬੀਜ ਹੈ, ਪਾਣੀ ਹੈ, ਮੌਸਮ ਹੈ ਅਤੇ ਮਿਹਨਤ ਹੈ। ਇੱਕ ਕਿਸਾਨ ਦਾ ਤਜ਼ਰਬਾ ਵੀ ਬੱਚੇ ਲਈ ਗਿਆਨ ਦਾ ਸਰੋਤ ਬਣ ਸਕਦਾ ਹੈ। ਬੱਚਾ ਸਮਝਦਾ ਹੈ ਕਿ ਜਿਸ ਅਨਾਜ ਨੂੰ ਉਹ ਘਰ ਵਿੱਚ ਖਾਂਦਾ ਹੈ, ਉਹ ਖੇਤ ਵਿੱਚ ਕਿੰਨੀ ਮਿਹਨਤ ਤੋਂ ਬਾਅਦ ਪੈਦਾ ਹੁੰਦਾ ਹੈ।
ਦਰਜੀ ਦੀ ਦੁਕਾਨ ਵੀ ਇੱਕ ਕਲਾਸ ਬਣ ਸਕਦੀ ਹੈ। ਕੱਪੜੇ ਦਾ ਨਾਪ, ਕਟਾਈ ਅਤੇ ਸਿਲਾਈ ਵਿੱਚ ਗਣਿਤ ਮੌਜੂਦ ਹੈ। ਦੁਕਾਨ ਵਿੱਚ ਪੈਸਿਆਂ ਦਾ ਹਿਸਾਬ ਸਿੱਖਿਆ ਜਾ ਸਕਦਾ ਹੈ। ਬਾਜ਼ਾਰ ਵਿੱਚ ਗਾਹਕ ਨਾਲ ਗੱਲਬਾਤ ਕਰਕੇ ਭਾਸ਼ਾ ਅਤੇ ਵਿਹਾਰ ਸਿੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਬੱਚੇ ਨੂੰ ਹੌਲੀ-ਹੌਲੀ ਇਹ ਅਹਿਸਾਸ ਹੁੰਦਾ ਹੈ ਕਿ ਦੁਨੀਆ ਵਿੱਚ ਕੋਈ ਵੀ ਕੰਮ ਗਿਆਨ ਤੋਂ ਖਾਲੀ ਨਹੀਂ।
ਵਾਡੇਕਰ ਦੇ ਸਿੱਖਿਆ ਮਾਡਲ ਦਾ ਸਭ ਤੋਂ ਵੱਡਾ ਸੰਦੇਸ਼ ਸ਼ਾਇਦ ਇਹ ਹੈ ਕਿ ਗਰੀਬੀ ਬੱਚੇ ਦੀ ਯੋਗਤਾ ਤੈਅ ਨਹੀਂ ਕਰਦੀ। ਉਨ੍ਹਾਂ ਨੇ ਖੁਦ ਕਿਹਾ ਹੈ ਕਿ ਪੇਂਡੂ ਭਾਰਤ ਦੇ ਬੱਚਿਆਂ ਵਿੱਚ ਗਿਆਨ ਦੀ ਘਾਟ ਨਹੀਂ, ਸਗੋਂ ਕਈ ਵਾਰ ਉਨ੍ਹਾਂ ਨੂੰ ਮੌਕੇ ਅਤੇ ਸਹੂਲਤਾਂ ਦੀ ਘਾਟ ਹੁੰਦੀ ਹੈ। ਇਸੇ ਸੋਚ ਕਰਕੇ ਉਹ ਉਪਲਬਧ ਸਥਾਨਕ ਸਾਧਨਾਂ ਨੂੰ ਸਿੱਖਣ ਦੇ ਮੌਕੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਸ ਵਿਚਾਰ ਵਿੱਚ ਇੱਕ ਡੂੰਘੀ ਗੱਲ ਲੁਕੀ ਹੋਈ ਹੈ। ਜੇਕਰ ਕਿਸੇ ਬੱਚੇ ਕੋਲ ਮਹਿੰਗਾ ਸਮਾਰਟ ਬੋਰਡ ਨਹੀਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸਦੀ ਸਿੱਖਿਆ ਵੀ ਗਰੀਬ ਹੋਵੇ। ਜੇ ਸਕੂਲ ਵਿੱਚ ਵੱਡੀ ਵਿਗਿਆਨ ਪ੍ਰਯੋਗਸ਼ਾਲਾ ਨਹੀਂ, ਤਾਂ ਵੀ ਉਸ ਦੇ ਆਲੇ-ਦੁਆਲੇ ਦੀ ਦੁਨੀਆ ਵਿਗਿਆਨ ਨਾਲ ਭਰੀ ਪਈ ਹੈ। ਜੇ ਕੰਪਿਊਟਰ ਦੀ ਸਹੂਲਤ ਸੀਮਿਤ ਹੈ, ਤਾਂ ਵੀ ਬੱਚੇ ਦੇ ਸਾਹਮਣੇ ਖੇਤ, ਦੁਕਾਨ, ਡਾਕਖਾਨਾ, ਬਜ਼ਾਰ, ਗੈਰਾਜ ਅਤੇ ਲੋਕਾਂ ਦੇ ਤਜ਼ਰਬੇ ਮੌਜੂਦ ਹਨ।
ਇਹੀ ਸੋਚ ‘‘ਪਿੰਡ ਹੀ ਕਲਾਸਰੂਮ’’ ਵਾਲੀ ਪਹੁੰਚ ਨੂੰ ਜਨਮ ਦਿੰਦੀ ਹੈ।
ਪਰ ਇਸ ਤਰੀਕੇ ਵਿੱਚ ਅਧਿਆਪਕ ਦੀ ਭੂਮਿਕਾ ਹੋਰ ਵੀ ਵੱਡੀ ਹੋ ਜਾਂਦੀ ਹੈ। ਸਿਰਫ ਬੱਚਿਆਂ ਨੂੰ ਕਿਸੇ ਦੁਕਾਨ ਜਾਂ ਥਾਂ ’ਤੇ ਲੈ ਜਾਣਾ ਸਿੱਖਿਆ ਨਹੀਂ ਬਣ ਜਾਂਦਾ। ਅਧਿਆਪਕ ਨੂੰ ਪਹਿਲਾਂ ਸੋਚਣਾ ਪੈਂਦਾ ਹੈ ਕਿ ਬੱਚਿਆਂ ਨੇ ਉੱਥੇ ਕੀ ਸਿੱਖਣਾ ਹੈ, ਕਿਹੜੇ ਸਵਾਲ ਪੁੱਛਣੇ ਹਨ, ਕਿਹੜੀ ਗੱਲ ਨੂੰ ਪਾਠ ਨਾਲ ਜੋੜਨਾ ਹੈ ਅਤੇ ਵਾਪਸ ਸਕੂਲ ਆ ਕੇ ਉਸ ਤਜ਼ਰਬੇ ’ਤੇ ਕਿਵੇਂ ਕੰਮ ਕਰਨਾ ਹੈ। ਵਾਡੇਕਰ ਦੀ ਪਹੁੰਚ ਦੀ ਖਾਸੀਅਤ ਇਹੀ ਹੈ ਕਿ ਰੋਜਾਨਾ ਦੇ ਕੰਮਾਂ ਨੂੰ ਪੜ੍ਹਾਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਤਰ੍ਹਾਂ ਦੀ ਸਿੱਖਿਆ ਬੱਚੇ ਦੇ ਆਤਮ-ਵਿਸ਼ਵਾਸ਼ ’ਤੇ ਵੀ ਅਸਰ ਪਾ ਸਕਦੀ ਹੈ। ਜਿਹੜਾ ਬੱਚਾ ਕਲਾਸ ਵਿੱਚ ਹੱਥ ਚੁੱਕ ਕੇ ਸਵਾਲ ਪੁੱਛਣ ਤੋਂ ਝਿਜਕਦਾ ਹੈ, ਉਹ ਆਪਣੇ ਜਾਣ-ਪਛਾਣ ਵਾਲੇ ਮਾਹੌਲ ਵਿੱਚ ਵਧੇਰੇ ਖੁੱਲ੍ਹ ਕੇ ਗੱਲ ਕਰ ਸਕਦਾ ਹੈ। ਕਿਸਾਨ ਦੇ ਖੇਤ ਵਿੱਚ ਕਿਸਾਨ ਨੂੰ ਸਵਾਲ ਪੁੱਛਣਾ, ਮਕੈਨਿਕ ਤੋਂ ਮਸ਼ੀਨ ਬਾਰੇ ਜਾਣਨਾ ਜਾਂ ਦੁਕਾਨਦਾਰ ਨਾਲ ਹਿਸਾਬ ਸਮਝਣਾ ਇਹ ਸਾਰੇ ਤਜ਼ਰਬੇ ਬੱਚੇ ਨੂੰ ਸਿਰਫ ਜਾਣਕਾਰੀ ਨਹੀਂ ਦਿੰਦੇ, ਉਸ ਵਿੱਚ ਗੱਲ ਕਰਨ, ਪੁੱਛਣ ਅਤੇ ਆਪਣੀ ਗੱਲ ਰੱਖਣ ਦਾ ਹੌਂਸਲਾ ਵੀ ਪੈਦਾ ਕਰਦੇ ਹਨ। ਵਾਡੇਕਰ ਦੀ ਕਹਾਣੀ ਦਾ ਇੱਕ ਹੋਰ ਸੋਹਣਾ ਪੱਖ ਹੈ ਉਹ ਸਿੱਖਿਆ ਨੂੰ ਸਿਰਫ ਬੱਚੇ ਤੱਕ ਸੀਮਿਤ ਨਹੀਂ ਰੱਖਦੀ। ਹਾਲੀਆ ਜਲਗਾਓਂ ਦੇ ਇੱਕ ਸਿੱਖਿਆ ਜਾਗਰੂਕਤਾ ਸਮਾਗਮ ਵਿੱਚ ਵੀ ਉਹ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਜੁੜੀਆਂ ਸਮੱਸਿਆਵਾਂ ’ਤੇ ਗੱਲ ਕਰਦੀਆਂ ਅਤੇ ਸਰਕਾਰੀ ਸਕੂਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਦੀਆਂ ਨਜ਼ਰ ਆਈਆਂ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਦੀ ਸਿੱਖਿਆ ਪੱਧਤੀ ਦੀ ਚਰਚਾ ਮਹਾਰਾਸਟਰ ਤੋਂ ਬਾਹਰ ਵੀ ਹੋ ਰਹੀ ਹੈ। ‘ਦਿ ਬੈਟਰ ਇੰਡੀਆ’ ਨੇ 2026 ਵਿੱਚ ਉਨ੍ਹਾਂ ਦੀ ਕਹਾਣੀ ਨੂੰ ਆਪਣੇ “ 6 6 7” ਉਪਰਾਲੇ ਵਿੱਚ ਉਜਾਗਰ ਕੀਤਾ। ਉੱਥੇ ਵੀ ਉਨ੍ਹਾਂ ਦੀ ਤਿੰਨ ਦਹਾਕਿਆਂ ਤੋਂ ਵੱਧ ਦੀ ਸੇਵਾ ਅਤੇ ਪੰਚਰ ਦੀ ਦੁਕਾਨ ਨੂੰ ਗਣਿਤ ਦੀ ਕਲਾਸ ਅਤੇ ਅੱਗ ਬੁਝਾਊ ਕੇਂਦਰ ਨੂੰ ਵਿਗਿਆਨ ਦੀ ਕਲਾਸ ਬਣਾਉਣ ਵਾਲੀ ਪਹੁੰਚ ਨੂੰ ਖਾਸ ਤੌਰ ’ਤੇ ਦਰਸਾਇਆ ਗਿਆ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲੋਕਾਂ ਤੱਕ ਪਹੁੰਚੀਆਂ ਤਾਂ ਕਈਆਂ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਬਿਨਾਂ ਮਹਿੰਗੇ ਸਾਧਨਾਂ ਦੇ ਵੀ ਪੜ੍ਹਾਈ ਨੂੰ ਇੰਨਾ ਦਿਲਚਸਪ ਕਿਵੇਂ ਬਣਾ ਸਕਦੀ ਹੈ। ਪਰ ਸ਼ਾਇਦ ਵਾਡੇਕਰ ਦੀ ਕਾਮਯਾਬੀ ਦਾ ਰਾਜ ਕਿਸੇ ਮਹਿੰਗੀ ਤਕਨਾਲੋਜੀ ਵਿੱਚ ਨਹੀਂ, ਉਨ੍ਹਾਂ ਦੀ ਨਜ਼ਰ ਵਿੱਚ ਹੈ। ਜਿੱਥੇ ਕੋਈ ਆਮ ਵਿਅਕਤੀ ਪੰਚਰ ਦੀ ਦੁਕਾਨ ਦੇਖਦਾ ਹੈ, ਉੱਥੇ ਉਹ ਗਣਿਤ ਦੀ ਕਲਾਸ ਦੇਖਦੀਆਂ ਹਨ। ਜਿੱਥੇ ਕੋਈ ਸਿਰਫ ਗੈਰਾਜ ਦੇਖਦਾ ਹੈ, ਉੱਥੇ ਉਹ ਵਿਗਿਆਨ ਦੇਖਦੀ ਹੈ। ਜਿੱਥੇ ਕੋਈ ਖੇਤ ਦੇਖਦਾ ਹੈ, ਉੱਥੇ ਉਹ ਬੱਚੇ ਲਈ ਇੱਕ ਪੂਰੀ ਕਿਤਾਬ ਦੇਖਦੀ ਹੈ ਅਤੇ ਜਿੱਥੇ ਕੋਈ ਪਿੰਡ ਨੂੰ ਸਿਰਫ ਰਹਿਣ ਦੀ ਥਾਂ ਸਮਝਦਾ ਹੈ, ਉੱਥੇ ਉੱਜਵਲਾ ਵਾਡੇਕਰ ਇੱਕ ਪੂਰਾ ਸਕੂਲ ਦੇਖਦੀ ਹੈ।
ਉਨ੍ਹਾਂ ਦੀ ਕਹਾਣੀ ਸਾਨੂੰ ਇਹ ਵੀ ਯਾਦ ਕਰਵਾਉਂਦੀ ਹੈ ਕਿ ਅਧਿਆਪਕ ਦਾ ਕੰਮ ਸਿਰਫ ਪਾਠਕ੍ਰਮ ਪੂਰਾ ਕਰਨਾ ਨਹੀਂ। ਇੱਕ ਅਧਿਆਪਕ ਬੱਚੇ ਦੇ ਅੰਦਰ ਇਹ ਵਿਸ਼ਵਾਸ਼ ਪੈਦਾ ਕਰ ਸਕਦਾ ਹੈ ਕਿ ‘‘ਮੈਂ ਵੀ ਕਰ ਸਕਦਾ ਹਾਂ।’’ ਵਾਡੇਕਰ ਦੀ ਸੋਚ ਵਿੱਚ ਹਰ ਬੱਚੇ ਅੰਦਰ ਸਮਰੱਥਾ ਹੈ; ਲੋੜ ਹੈ ਉਸਨੂੰ ਮੌਕਾ ਦੇਣ ਅਤੇ ਉਸ ’ਤੇ ਵਿਸ਼ਵਾਸ਼ ਕਰਨ ਦੀ।
ਉੱਜਵਲਾ ਵਾਡੇਕਰ ਦੀ ਸਭ ਤੋਂ ਵੱਡੀ ਕਲਾਸ ਕੋਈ ਇਮਾਰਤ ਨਹੀਂ ਉਹ ਪੂਰਾ ਪਿੰਡ ਹੈ। ਉਨ੍ਹਾਂ ਨੇ ਬੱਚਿਆਂ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗਿਆਨ ਸਿਰਫ ਕਿਤਾਬ ਦੇ ਸਫਿਆਂ ਵਿੱਚ ਬੰਦ ਨਹੀਂ ਹੁੰਦਾ। ਇਹ ਕਿਸਾਨ ਦੇ ਖੇਤ ਵਿੱਚ ਹੈ, ਤਰਖਾਣ ਦੇ ਹੱਥ ਵਿੱਚ ਹੈ, ਮਕੈਨਿਕ ਦੇ ਔਜਾਰ ਵਿੱਚ ਹੈ, ਦੁਕਾਨਦਾਰ ਦੇ ਹਿਸਾਬ ਵਿੱਚ ਹੈ ਅਤੇ ਹਰ ਉਸ ਵਿਅਕਤੀ ਦੇ ਤਜ਼ਰਬੇ ਵਿੱਚ ਹੈ ਜੋ ਮਿਹਨਤ ਕਰ ਰਿਹਾ ਹੈ। ਸ਼ਾਇਦ ਇਸੇ ਲਈ ਉਨ੍ਹਾਂ ਦੀ ਕਹਾਣੀ ਇੱਕ ਅਧਿਆਪਕਾ ਦੀ ਕਹਾਣੀ ਤੋਂ ਅੱਗੇ ਵਧ ਕੇ ਇਸ ਸਵਾਲ ਦਾ ਜਵਾਬ ਬਣ ਜਾਂਦੀ ਹੈ ਕਿ ਅਸਲ ਸਿੱਖਿਆ ਆਖਰ ਹੈ ਕੀ? ਅਸਲ ਸਿੱਖਿਆ ਉਹ ਹੈ ਜੋ ਬੱਚੇ ਨੂੰ ਸਿਰਫ ਇਮਤਿਹਾਨ ਪਾਸ ਕਰਨ ਦੇ ਯੋਗ ਨਾ ਬਣਾਏ, ਸਗੋਂ ਜ਼ਿੰਦਗੀ ਨੂੰ ਸਮਝਣ ਦੇ ਕਾਬਲ ਬਣਾਏ।

_ਪੰਜਾਬ ਪੋਸਟ

Read News Paper

Related articles

spot_img

Recent articles

spot_img