ਸਪੇਨ ਨੇ ਅਰਜਨਟੀਨਾ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ 2026 ਦਾ ਖ਼ਿਤਾਬ ਜਿੱਤਿਆ

Published:

Rate this post

ਨਿਊਯਾਰਕ/ਪੰਜਾਬ ਪੋਸਟ
ਸਪੇਨ ਦੀ ਰਾਸ਼ਟਰੀ ਫੁਟਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੀਫਾ ਵਿਸ਼ਵ ਕੱਪ 2026 ਦੇ ਫ਼ਾਈਨਲ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਦੀ ਟਰਾਫੀ ਜਿੱਤ ਲਈ ਹੈ। ਨਿਊਯਾਰਕ, ਨਿਊ ਜਰਸੀ ਦੇ ਸਟੇਡੀਅਮ ਵਿੱਚ ਖੇਡੇ ਗਏ ਇਸ ਰੋਮਾਂਚਕ ਮੈਚ ਵਿੱਚ ਸਪੇਨ ਨੇ ਸ਼ੁਰੂ ਤੋਂ ਹੀ ਮੈਦਾਨ ‘ਤੇ ਆਪਣਾ ਦਬਦਬਾ ਬਣਾ ਕੇ ਰੱਖਿਆ।
ਮੈਚ ਦੇ ਨਿਰਧਾਰਤ ਨੱਬੇ ਮਿੰਟਾਂ ਤੱਕ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਮੈਚ ਵਧੀਕ ਸਮੇਂ (ਓਵਰਟਾਈਮ) ਵਿੱਚ ਗਿਆ। ਮੈਚ ਦੇ 106 ਮਿੰਟ ਉੱਤੇ ਬਦਲਵੇਂ ਖਿਡਾਰੀ ਵਜੋਂ ਮੈਦਾਨ ਵਿੱਚ ਉਤਰੇ ਫੇਰਾਨ ਤੋਰੇਸ ਨੇ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ ਇਤਿਹਾਸਕ ਜਿੱਤ ਦਿਵਾਈ। ਅਰਜਨਟੀਨਾ ਦੇ ਗੋਲਕੀਪਰ ਇਮਿਲਿਆਨੋ ਮਾਰਟੀਨੇਜ਼ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਬਚਾਅ ਕੀਤੇ, ਪਰ ਉਹ ਤੋਰੇਸ ਦੇ ਇਸ ਖ਼ਤਰਨਾਕ ਸ਼ਾਟ ਨੂੰ ਰੋਕਣ ਵਿੱਚ ਅਸਫਲ ਰਹੇ। ਇਸ ਤੋਂ ਇਲਾਵਾ, ਮੈਚ ਦੇ ਆਖ਼ਰੀ ਪਲਾਂ ਵਿੱਚ ਅਰਜਨਟੀਨਾ ਦੇ ਖਿਡਾਰੀ ਐਂਜ਼ੋ ਫਰਨਾਂਡੀਜ਼ ਨੂੰ ਲਾਲ ਕਾਰਡ ਮਿਲਣ ਕਾਰਨ ਟੀਮ ਨੂੰ ਦਸ ਖਿਡਾਰੀਆਂ ਨਾਲ ਹੀ ਖੇਡਣਾ ਪਿਆ।
ਇਸ ਜਿੱਤ ਨਾਲ ਸਪੇਨ ਨੇ ਆਪਣੇ ਇਤਿਹਾਸ ਵਿੱਚ ਦੂਜੀ ਵਾਰ ਪੁਰਸ਼ਾਂ ਦਾ ਫੀਫਾ ਵਿਸ਼ਵ ਕੱਪ ਖ਼ਤਾਬ ਜਿੱਤ ਲਿਆ ਹੈ। ਮੈਨੇਜਰ ਲੁਈਸ ਡੇਅ ਲਾ ਫੁਏਂਤੇ ਦੀ ਅਗਵਾਈ ਹੇਠ ਖੇਡੀ ਗਈ ਸਪੇਨ ਦੀ ਇਸ ਨੌਜਵਾਨ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਬੇਮਿਸਾਲ ਖੇਡ ਦਾ ਮੁਜ਼ਾਹਰਾ ਕੀਤਾ ਹੈ। ਲਿਓਨੇਲ ਮੈਸੀ ਅਤੇ ਅਰਜਨਟੀਨਾ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਪੂਰਾ ਜ਼ੋਰ ਲਗਾਇਆ, ਪਰ ਉਨ੍ਹਾਂ ਨੂੰ ਉਪ-ਜੇਤੂ ਰਹਿ ਕੇ ਹੀ ਸਬਰ ਕਰਨਾ ਪਿਆ।

Read News Paper

Related articles

spot_img

Recent articles

spot_img