ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਖਾਲੜਾ ਪਰਿਵਾਰ ਵੱਲੋਂ ਪ੍ਰਵਾਨਗੀਬਿਨਾਂ ਕਿਸੇ ਤਬਦੀਲੀ ਤੋਂ ‘ਜ਼ੀ5’ ਓ.ਟੀ.ਟੀ. ‘ਤੇ ਚੱਲਣੀ ਸ਼ੁਰੂ ਹੋਈ ਫ਼ਿਲਮ

Published:

Rate this post

ਅੰਮ੍ਰਿਤਸਰ/ਮੁੰਬਈ/ਪੰਜਾਬ ਪੋਸਟ (4 ਜੁਲਾਈ 2026)
ਮਨੁੱਖੀ ਅਧਿਕਾਰਾਂ ਦੇ ਮਹਾਨ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਅਤੇ ਬੀਤੇ ਕੱਲ੍ਹ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਹੋਈ ਬਹੁ-ਚਰਚਿਤ ਫ਼ਿਲਮ ‘ਸਤਲੁਜ’ (ਪੁਰਾਣਾ ਨਾਮ ਪੰਜਾਬ 95) ਨੂੰ ਖਾਲੜਾ ਪਰਿਵਾਰ ਨੇ ਅਧਿਕਾਰਤ ਤੌਰ ’ਤੇ ਆਪਣੀ ਪ੍ਰਵਾਨਗੀ ਅਤੇ ਵੱਡਾ ਸਮਰਥਨ ਦੇ ਦਿੱਤਾ ਹੈ। ਸ਼ਹੀਦ ਭਾਈ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਉਨ੍ਹਾਂ ਸਾਰੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸੈਂਸਰ ਬੋਰਡ ਦੇ ਦਬਾਅ ਕਾਰਨ ਫ਼ਿਲਮ ਦੀ ਕਹਾਣੀ ਵਿੱਚ ਵੱਡੇ ਫੇਰਬਦਲ ਕੀਤੇ ਗਏ ਹਨ। ਬੀਬੀ ਖਾਲੜਾ ਨੇ ਸਾਫ਼ ਸ਼ਬਦਾਂ ਵਿੱਚ ਪੁਸ਼ਟੀ ਕੀਤੀ ਹੈ ਕਿ ਓ.ਟੀ.ਟੀ. ’ਤੇ ਰਿਲੀਜ਼ ਹੋਇਆ ਵਰਜ਼ਨ (ਰੂਪ) ਉਹੀ ਬਿਲਕੁਲ ਅਸਲੀ ਅਤੇ ਬਿਨਾਂ ਕੱਟ ਵਾਲੀ ਫ਼ਿਲਮ ਹੈ, ਜੋ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੂੰ ਦਿਖਾਈ ਗਈ ਸੀ।
ਬੀਬੀ ਪਰਮਜੀਤ ਕੌਰ ਖਾਲੜਾ ਨੇ ਫ਼ਿਲਮ ਦੀ ਇਤਿਹਾਸਕ ਪ੍ਰਮਾਣਿਕਤਾ ਬਾਰੇ ਗੱਲ ਕਰਦਿਆਂ ਲਿਖਿਆ, “ਖਾਲੜਾ ਪਰਿਵਾਰ ਵੱਲੋਂ ਮੈਂ ਇਹ ਸਾਫ਼ ਕਰਨਾ ਚਾਹੁੰਦੀ ਹਾਂ ਕਿ ਅਸੀਂ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਪ੍ਰਵਾਨਗੀ ਦਿੱਤੀ ਹੈ। ਸਾਨੂੰ ਇਹ ਦੇਖ ਕੇ ਬੇਹੱਦ ਤਸੱਲੀ ਹੋਈ ਹੈ ਕਿ ਭਾਰੀ ਦਬਾਅ ਅਤੇ ਫ਼ਿਲਮ ਵਿੱਚ ਬਦਲਾਅ ਕਰਨ ਦੀਆਂ ਵਾਰ-ਵਾਰ ਹੋਈਆਂ ਕੋਸ਼ਿਸ਼ਾਂ ਦੇ ਬਾਵਜੂਦ, ਫ਼ਿਲਮ ਦੀ ਅਸਲੀ ਰੂਹ, ਇਮਾਨਦਾਰੀ ਅਤੇ ਸੱਚ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਗਿਆ ਹੈ।” ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਜੋ ਆਪਣੇ ਅਸੂਲਾਂ ’ਤੇ ਦ੍ਰਿੜ ਰਹੇ ਅਤੇ 25,000 ਤੋਂ ਵੱਧ ਲਾਵਾਰਿਸ ਲਾਸ਼ਾਂ ਦੇ ਦਰਦਨਾਕ ਸੱਚ ਅਤੇ ਭਾਈ ਖਾਲੜਾ ਦੀ ਕਾਨੂੰਨੀ ਲੜਾਈ ਨੂੰ ਬਿਨਾਂ ਕਿਸੇ ਸਮਝੌਤੇ ਦੇ ਪਰਦੇ ’ਤੇ ਉਤਾਰਿਆ। ਪਰਿਵਾਰ ਨੇ ਉਮੀਦ ਜਤਾਈ ਕਿ ਇਹ ਫ਼ਿਲਮ ਦੁਨੀਆ ਭਰ ਦੇ ਲੋਕਾਂ ਨੂੰ ਨਿਆਂ ਅਤੇ ਮਨੁੱਖੀ ਮਰਿਆਦਾ ਲਈ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰੇਗੀ।
ਜ਼ਿਕਰਯੋਗ ਹੈ ਕਿ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਮੁੱਖ ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਵੀ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਫ਼ਿਲਮ ਵਿੱਚ ਸਿਰਫ਼ ਨਾਮ ਬਦਲ ਕੇ ‘ਸਤਲੁਜ’ ਰੱਖਿਆ ਗਿਆ ਹੈ, ਪਰ ਸੈਂਸਰ ਬੋਰਡ ਦੁਆਰਾ ਮੰਗੇ ਗਏ 120 ਤੋਂ ਵੱਧ ਕੱਟਾਂ ਵਿੱਚੋਂ ਇੱਕ ਵੀ ਕੱਟ ਸਵੀਕਾਰ ਨਹੀਂ ਕੀਤਾ ਗਿਆ। ਦਿਲਜੀਤ ਨੇ ਕਿਹਾ ਸੀ ਕਿ ਜੇਕਰ ਫ਼ਿਲਮ ਨਾਲ ਕੋਈ ਛੇੜਛਾੜ ਹੁੰਦੀ ਤਾਂ ਉਹ ਇਸ ਦਾ ਪ੍ਰਚਾਰ ਕਦੇ ਨਾ ਕਰਦੇ। ਰੌਨੀ ਸਕਰੂਵਾਲਾ ਦੀ ਆਰ.ਐੱਸ.ਵੀ.ਪੀ. ਅਤੇ ਮੈਕਗਫਿਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ ਅਤੇ ਸੁਰਿੰਦਰ ਵਿੱਕੀ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਅਤੇ ਸਮੀਖਿਅਕਾਂ ਵੱਲੋਂ ਪੰਜਾਬ ਦੇ ਇਤਿਹਾਸ ਦਾ ਇੱਕ ਬੇਹੱਦ ਦਲੇਰਾਨਾ ਅਤੇ ਸੱਚਾ ਦਸਤਾਵੇਜ਼ ਦੱਸਿਆ ਜਾ ਰਿਹਾ ਹੈ।

Read News Paper

Related articles

spot_img

Recent articles

spot_img