ਬ੍ਰਿਟਿਸ਼ ਕੋਲੰਬੀਆ/ਪੰਜਾਬ ਪੋਸਟ
ਕੈਨੇਡਾ ਦੇ ਇੱਕ ਅਹਿਮ ਸੂਬੇ, ਬ੍ਰਿਟਿਸ਼ ਕੋਲੰਬੀਆ ਦੀਆਂ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ’ਚ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ 100 ਵੋਟਾਂ ਤੋਂ ਘੱਟ ਹੋਣ ਕਰ ਕੇ ਦੁਬਾਰਾ ਗਿਣਤੀ ਹੋਈ ਹੈ। ਇਸ ਤੋਂ ਬਾਅਦ ਐਲਾਨੇ ਗਏ ਅੰਤਿਮ ਨਤੀਜਿਆਂ ਵਿੱਚ ਫਿਰ ਤੋਂ ਸੱਤਾ ਵਿੱਚ ਆਈ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ, ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ। ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾਂ ਅਤੇ ਖਣਿਜ ਦੇ ਵਿਭਾਗ ਸੌਂਪੇ ਗਏ ਹਨ। ਰਵੀ ਪਰਮਾਰ ਜੰਗਲਾਤ ਮੰਤਰੀ ਹੋਣਗੇ। ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕੁੱਲ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ ਨਾਲ ਕੁਝ ਪਾਰਲੀਮਾਨੀ ਸਕੱਤਰ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ, ਸੁਨੀਤਾ ਧੀਰ ਦੇ ਨਾਂਅ ਵੀ ਸਾਹਮਣੇ ਆਏ ਹਨ।







