ਅਮੈਰੀਕਨ ਸਿੱਖ ਕੌਂਸਲ ਵੱਲੋਂ ਵੱਖ ਵੱਖ ਅਹਿਮ ਵਿਸ਼ਿਆਂ ਸਬੰਧੀ ਦੋ ਰੋਜ਼ਾ ਕਾਨਫਰੰਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

Published:

Rate this post

*ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਲਿਆ ਹਿੱਸਾ, ਸਿੱਖੀ ਬਾਰੇ ਜਾਣਿਆ

ਬੋਸਟਨ/ਪੰਜਾਬ ਪੋਸਟ

ਅਮੈਰੀਕਨ ਸਿੱਖ ਕੌਂਸਲ (ਏਐਸਸੀ) ਦੇ ਨੁਮਾਇੰਦਿਆਂ ਅਤੇ ਡਾ: ਮਨਵੀਨ ਕੌਰ, ਦਵਿੰਦਰ ਕੌਰ, ਅਮਨਦੀਪ ਸਿੰਘ, ਕਮਲ ਕੌਰ, ਕੰਵਲਜੀਤ ਸਿੰਘ, ਕਵੀਰਾਜ ਅਤੇ ਕਵਨੀਤ ਸਿੰਘ ਨੇ ਨੈਸ਼ਨਲ ਕੌਂਸਲ ਫਾਰ ਸੋਸ਼ਲ ਸਟੱਡੀਜ਼ (ਟੀਚਰਜ਼) ਕਨਵੈਨਸ਼ਨ (ਐਨਸੀਐਸਐਸ) ਬੋਸਟਨ, ਮੈਸਾਕਿਊਸੈਟਸ ਵਿਖੇ ਸਿੱਖ ਪ੍ਰਦਰਸ਼ਨੀ ਦਾ ਪ੍ਰਭਾਵਸ਼ਾਲੀ ਆਯੋਜਨ 22 ਅਤੇ 23 ਨਵੰਬਰ ਨੂੰ ਆਯੋਜਿਤ ਕੀਤਾ। ਇਸ ਉਪਰਾਲੇ ਦੌਰਾਨ 4,700 ਤੋਂ ਵੱਧ ਅਧਿਆਪਕ, ਮਾਹਿਰ, ਮਿਡਲ ਸਕੂਲ, ਹਾਈ ਸਕੂਲ ਸਿੱਖਿਆ ਸ਼ਾਸਤਰੀਆਂ ਅਤੇ ਪ੍ਰੋਫੈਸਰਾਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ। ਇਸ ਤਹਿਤ, 150 ਤੋਂ ਵੱਧ ਪੇਸ਼ਕਾਰੀਆਂ ਅਤੇ ਸੈਂਕੜੇ ਵਿਦਿਅਕ ਸੈਸ਼ਨ ਸ਼ਾਮਲ ਸਨ ਜਿਨਾਂ ਨੇ ਸਮਾਜਿਕ ਅਧਿਐਨ, ਇਤਿਹਾਸ, ਲਿੰਗ ਅਧਿਐਨ, ਧੱਕੇਸ਼ਾਹੀ, ਨਸਲਵਾਦ, ਪੱਖਪਾਤ, ਸਮਾਜਿਕ ਨਿਆਂ, ਨਸਲਕੁਸ਼ੀ ਅਧਿਐਨ ਅਤੇ ਹੋਰ ਕਈ ਅਹਿਮ ਵਿਸ਼ਿਆਂ ਨੂੰ ਛੋਹਿਆ।

ਦੋ ਦਿਨਾਂ ਦੇ ਸਮਾਗਮ ਤਹਿਤ, ਅਮੈਰੀਕਨ ਸਿੱਖ ਕੌਂਸਲ ਦੇ ਨੁਮਾਇੰਦਿਆਂ ਨੇ ਹਾਜ਼ਰੀਨ ਨਾਲ ਗੱਲਬਾਤ ਵੀ ਕੀਤੀ ਅਤੇ ਅਧਿਆਪਕਾਂ ਅਤੇ ਸਿੱਖਿਅਕਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਦਰਸ਼ਨੀ ਮੌਕੇ ਆਏ ਕਈ ਸਿੱਖਿਆ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਅਮੈਰੀਕਨ ਸਿੱਖ ਕੌਂਸਲ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਅਤੇ ਸਮੱਗਰੀ ਨੇ ਸਕੂਲੀ ਬੱਚਿਆਂ ਦੀ ਜਾਗਰੂਕਤਾ ਵਧਾਉਣ ਲਈ ਕਈ ਤਰੀਕਿਆਂ ਨਾਲ ਮਦਦ ਕੀਤੀ ਹੈ ਜਿਸ ਨਾਲ ਸਿੱਖ ਅਮਰੀਕੀ ਬੱਚਿਆਂ ਦੀ ਅਗਿਆਨਤਾ ਅਤੇ ਧੱਕੇਸ਼ਾਹੀ ਨੂੰ ਹੌਲੀ-ਹੌਲੀ ਘੱਟ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਬੋਸਟਨ ਸਿੱਖ ਸੰਗਤ ਗੁਰਦੁਆਰਾ, ਐਵਰੇਟ, ਮੈਸਾਕਿਊਸੈਟਸ ਵਿਖੇ ਵੀਰਵਾਰ, 21 ਨਵੰਬਰ ਨੂੰ ਸ਼ਾਮ 6 ਤੋਂ 9 ਵਜੇ ਤੱਕ ਗੁਰਦੁਆਰਾ ਟੂਰ ਅਤੇ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਸੀ। ਅਧਿਆਪਕਾਂ ਨੇ ਸਿੱਖ ਵਿਰਸੇ ਬਾਰੇ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰੇ ਤੋਂ ਸਿੱਖਿਆ ਲੈਂਦੇ ਹੋਏ ਦੀਵਾਨ ਵਿੱਚ ਚੱਲ ਰਹੀਆਂ ਨਿਰੰਤਰ ਸੇਵਾਵਾਂ ਨੂੰ ਵੇਖਿਆ ਅਤੇ ਉਨਾਂ ਸਾਰੇ ਪਹਿਲੂਆਂ ਤੋਂ ਬੇਹੱਦ ਪ੍ਰਭਾਵਿਤ ਹੋਏ ਜਿਨਾਂ ਤੋਂ ਉਹ ਹੁਣ ਤੱਕ ਪੂਰੀ ਤਰ੍ਹਾਂ ਅਣਜਾਣ ਸਨ।

ਇਹ ਸਮੁੱਚਾ ਉੱਦਮ ਅਮੈਰੀਕਨ ਸਿੱਖ ਕੌਂਸਲ ਦੇ ਕਾਰਜਾਂ ਦੀ ਇੱਕ ਬਹੁਤ ਵੱਡੀ ਸਫਲਤਾ ਸੀ ਅਤੇ ਇਸ ਚੱਲ ਰਹੇ ਯਤਨਾਂ ਨੂੰ ਕਾਇਮ ਰੱਖਣ ਲਈ ਅਮੈਰੀਕਨ ਸਿੱਖ ਕੌਂਸਲ ਵੱਲੋਂ ਸਾਰੇ ਗੁਰੂਘਰਾਂ ਨੂੰ ਬੇਨਤੀ ਵੀ ਕੀਤੀ ਗਈ ਕਿ ਬੱਚਿਆਂ ਦੀ ਭਲਾਈ ਲਈ ਇਨਾਂ ਵਿਦਿਅਕ ਪਹਿਲਕਦਮੀਆਂ ਦਾ ਸਮਰਥਨ ਜਾਰੀ ਰੱਖਣ।

Read News Paper

Related articles

spot_img

Recent articles

spot_img