ਬੈਂਗਲੁਰੂ/ਪੰਜਾਬ ਪੋਸਟ
ਦੱਖਣ ਭਾਰਤੀ ਸੂਬੇ ਕਰਨਾਟਕਾ ਦੇ ਬੈਂਗਲੁਰੂ ਵਿਖੇ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਵਧਦੀ ਗਰਮੀ ਅਤੇ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਦੇ ਕਾਰਨ, ਬੈਂਗਲੁਰੂ ਜਲ ਬੋਰਡ ਨੇ ਪੀਣ ਵਾਲੇ ਪਾਣੀ ਦੀ ਗ਼ੈਰ-ਜ਼ਰੂਰੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਦੀ ਉਲੰਘਣਾ ਕਰਨ ‘ਤੇ 5,000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਵਾਰ-ਵਾਰ ਗਲਤੀ ਦੁਹਰਾਉਣ ‘ਤੇ 5000 ਰੁਪਏ ਦੇ ਨਾਲ ਪ੍ਰਤੀ ਦਿਨ 500 ਰੁਪਏ ਵਸੂਲੇ ਜਾਣਗੇ। ਬੈਂਗਲੁਰੂ ਵਾਟਰ ਸਪਲਾਈ ਅਤੇ ਸੀਵਰੇਜ ਐਕਟ 1964 ਦੀ ਧਾਰਾ 33 ਅਤੇ 34 ਦੇ ਤਹਿਤ ਜਾਰੀ ਹੁਕਮਾਂ ਵਿੱਚ ਵਾਹਨਾਂ ਨੂੰ ਧੋਣ, ਬਾਗਬਾਨੀ, ਨਿਰਮਾਣ ਕਾਰਜ, ਮਨੋਰੰਜਨ ਅਤੇ ਸਜਾਵਟ ਲਈ ਪੀਣ ਵਾਲੇ ਪਾਣੀ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ। ਬੈਂਗਲੁਰੂ ਜਲ ਬੋਰਡ ਨੇ ਬੈਂਗਲੁਰੂ ਦੇ ਨਾਗਰਿਕਾਂ ਨੂੰ ਪਾਣੀ ਦੀ ਸੰਭਾਲ ਕਰਨ ਅਤੇ ਕਿਸੇ ਵੀ ਉਲੰਘਣਾ ਦੀ 1916 ਹੈਲਪਲਾਈਨ ‘ਤੇ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।