ਸਟਾਕਹੋਮ/ਪੰਜਾਬ ਪੋਸਟ
ਚੀਨ ਅਤੇ ਅਮਰੀਕਾ ਨੇ ਅਪਣੇ ਅਧਿਕਾਰੀਆਂ ਦੀ ਦੋ ਦਿਨਾਂ ਦੀ ਬੈਠਕ ਤੋਂ ਬਾਅਦ ਸਵੀਡਨ ਦੇ ਸਟਾਕਹੋਮ ’ਚ ਕਿਹਾ ਕਿ ਦੋਵੇਂ ਦੇਸ਼ ਇਕ-ਦੂਜੇ ਉਤੇ ਟੈਰਿਫ ’ਚ ਵਾਧੇ ਨੂੰ ਫਿਲਹਾਲ ਰੋਕੀ ਰੱਖਣ ‘ਤੇ ਸਹਿਮਤ ਹੋ ਗਏ ਹਨ। ਲੀ ਚੇਂਗਗਾਂਗ ਨੇ ਕਿਹਾ ਕਿ ਦੋਹਾਂ ਧਿਰਾਂ ਨੇ ‘ਰਚਨਾਤਮਕ’ ਅਤੇ ‘ਸਪੱਸ਼ਟ’ ਗੱਲਬਾਤ ਕੀਤੀ ਅਤੇ ਟੈਰਿਫ ਨੂੰ ਮੌਜੂਦਾ ਪੱਧਰ ‘ਤੇ ਰੱਖਣ ਬਾਰੇ ਸਹਿਮਤੀ ਪ੍ਰਗਟਾਈ ਜਿਸ ਤਹਿਤ ਅਮਰੀਕਾ ਚੀਨੀ ਵਸਤਾਂ ‘ਤੇ 30 ਫੀਸਦੀ ਅਤੇ ਚੀਨ ਅਮਰੀਕੀ ਉਤਪਾਦਾਂ ‘ਤੇ 10 ਫੀਸਦੀ ਟੈਕਸ ਵਸੂਲਦਾ ਹੈ। ਲੀ ਨੇ ਇਹ ਵੀ ਕਿਹਾ ਕਿ ਦੋਹਾਂ ਧਿਰਾਂ ਨੇ ਸੂਖਮ ਆਰਥਕ ਮੁੱਦਿਆਂ ‘ਤੇ ਵਿਆਪਕ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਵਪਾਰ ਅਤੇ ਆਰਥਕ ਮੁੱਦਿਆਂ ‘ਤੇ ਸਮੇਂ ਸਿਰ ਇੱਕ-ਦੂਜੇ ਨਾਲ ਸੰਪਰਕ ਰੱਖਣ ਅਤੇ ਗੱਲਬਾਤ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਚੀਨ ਅਤੇ ਅਮਰੀਕਾ ਦੇ ਵਪਾਰ ਅਧਿਕਾਰੀਆਂ ਨੇ ਸਵੀਡਨ ਦੀ ਰਾਜਧਾਨੀ ਵਿਚ ਵਪਾਰ ਵਾਰਤਾ ਦਾ ਤਾਜ਼ਾ ਦੌਰ ਕੀਤਾ ਤਾਂ ਜੋ ਟੈਰਿਫ ਨੂੰ ਲੈ ਕੇ ਪੈਦਾ ਹੋਏ ਰੁਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ।







