ਆਬੂ ਧਾਬੀ/ਪੰਜਾਬ ਪੋਸਟ
ਹਰਿਆਣਾ ਦੇ ਕੈਥਲ ਵਾਸੀ ਬਜ਼ੁਰਗ ਸਿੱਖ ਦਲਵਿੰਦਰ ਸਿੰਘ ਨੂੰ ਅਬੂ ਧਾਬੀ ਵਿਚ ਕਿਰਪਾਨ ਧਾਰਨ ਕੀਤੀ ਹੋਣ ਕਾਰਨ ਹਿਰਾਸਤ ’ਚ ਲੈ ਲਿਆ ਗਿਆ ਅਤੇ ਪੱਗ ਉਤਾਰਨ ਲਈ ਮਜਬੂਰ ਹੋਣ ਸਮੇਤ ਉਨਾਂ ਨੂੰ ਭਾਰੀ ਬੇਇੱਜ਼ਤੀ ਦਾ ਵੀ ਸਾਹਮਣਾ ਕਰਨਾ ਪਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਅਪਣੇ ਪਿਤਾ ਵਲੋਂ ਅਬੂ ਧਾਬੀ ’ਚ ਤਸ਼ੱਦਦ ਦਾ ਸਾਹਮਣਾ ਕਰਨ ਬਾਰੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ। ਮਿਲੀ ਜਾਣਕਾਰੀ ਮੁਤਾਬਕ ਅਨੁਸਾਰ ਦਲਵਿੰਦਰ ਸਿੰਘ 21 ਅਪ੍ਰੈਲ ਨੂੰ ਗਰੁੱਪ ਟੂਰ ਦੇ ਹਿੱਸੇ ਵਜੋਂ ਟੂਰਿਸਟ ਵੀਜ਼ੇ ’ਤੇ ਅਬੂ ਧਾਬੀ ਗਏ ਸਨ ਅਤੇ ਇਸ ਦੌਰਾਨ ਉਨਾਂ ਦੇ ਵਫਦ ਨੂੰ ਅਬੂ ਧਾਬੀ ਪੁਲਿਸ ਨੇ ਰੋਕਿਆ ਅਤੇ ਖਾਸਕਰ ਦਲਵਿੰਦਰ ਸਿੰਘ ਤੋਂ ਉਨਾਂ ਦੀ ਕਿਰਪਾਨ ਬਾਰੇ ਪੁੱਛ-ਪੜਤਾਲ ਕੀਤੀ। ਟੂਰ ਗਾਈਡਾਂ ਅਤੇ ਮੰਦਰ ਪ੍ਰਬੰਧਨ ਵਲੋਂ ਕਿਰਪਾਨ ਦੀ ਧਾਰਮਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਧਿਕਾਰੀਆਂ ਨੇ ਉਨਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ। ਮਨਪ੍ਰੀਤ ਅਨੁਸਾਰ ਉਸ ਦੇ ਪਿਤਾ ਨੂੰ 20 ਦਿਨਾਂ ਦੀ ਨਜ਼ਰਬੰਦੀ ਦੌਰਾਨ ਅਪਮਾਨ ਅਤੇ ਮਾਨਸਿਕ ਤਸੀਹੇ ਦਾ ਸਾਹਮਣਾ ਕਰਨਾ ਪਿਆ।







