ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਦੇਸ਼ ਸਾਡੇ ‘ਤੇ ਜੋ ਵੀ ਟੈਰਿਫ ਲਗਾਉਂਦਾ ਹੈ, ਅਸੀਂ ਉਨ੍ਹਾਂ ‘ਤੇ ਵੀ ਉਹੀ ਟੈਰਿਫ ਲਗਾਵਾਂਗੇ। ਇਸ ਦੌਰਾਨ ਟਰੰਪ ਨੇ ਭਾਰਤ ਅਤੇ ਚੀਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ‘ਤੇ 100 ਪ੍ਰਤੀਸ਼ਤ ਆਟੋ ਟੈਰਿਫ ਲਗਾਉਂਦਾ ਹੈ ਅਤੇ ਅਮਰੀਕਾ ਭਾਰਤ, ਚੀਨ, ਮੈਕਸੀਕੋ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ‘ਤੇ ਟੈਰਿਫ ਲਗਾਏਗਾ। ਟਰੰਪ ਦਾ ਕਹਿਣਾ ਹੈ ਕਿ ‘ਚੀਨ ਦੁੱਗਣਾ ਅਤੇ ਦੱਖਣੀ ਕੋਰੀਆ ਚਾਰ ਗੁਣਾ ਜ਼ਿਆਦਾ ਟੈਰਿਫ ਲਗਾਉਂਦਾ ਹੈ, ਜਦੋਂ ਕਿ ਅਸੀਂ ਉਨ੍ਹਾਂ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਦੇ ਹਾਂ ਪਰ 2 ਅਪ੍ਰੈਲ ਤੋਂ, ਅਸੀਂ ਉਸ ਦੇਸ਼ ‘ਤੇ ਉਹੀ ਟੈਰਿਫ ਲਗਾਵਾਂਗੇ ਜੋ ਉਹ ਸਾਡੇ ‘ਤੇ ਲਗਾਉਂਦਾ ਹੈ’। ਟਰੰਪ ਨੇ ਜਿਸ ਕਿਸਮ ਦੇ ਟੈਰਿਫ ਦਾ ਜ਼ਿਕਰ ਕੀਤਾ ਹੈ ਉਸ ਨੂੰ ‘ਰਿਸਪ੍ਰੋਕਲ ਟੈਰਿਫ’ ਭਾਵ ਦੁਵੱਲਾ ਟੈਰਿਫ ਵੀ ਕਿਹਾ ਜਾਂਦਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ, ਟਰੰਪ ਨੇ ਕਿਹਾ ਸੀ ਕਿ ਭਾਰਤ ਨੂੰ ਅਮਰੀਕਾ ਦੇ ਪਰਸਪਰ ਟੈਰਿਫ ਤੋਂ ਨਹੀਂ ਬਖਸ਼ਿਆ ਜਾਵੇਗਾ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਕੋਈ ਵੀ ਟੈਰਿਫ ਢਾਂਚੇ ‘ਤੇ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ।







