ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਹੋਈ ਗਰਮ ਬਹਿਸ ਤੋਂ ਬਾਅਦ ਹੁਣ ਰੂਸ ਵਿਰੁੱਧ ਪਾਬੰਦੀਆਂ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦੇਈਏ ਕਿ ਬੀਤੀ ਰਾਤ ਯੂਕਰੇਨ ‘ਤੇ ਹੋਏ ਹਮਲੇ ਤੋਂ ਬਾਅਦ, ਟਰੰਪ ਨੇ ਕਿਹਾ ਹੈ ਕਿ ਉਹ ਰੂਸ ਵਿਰੁੱਧ ‘ਵੱਡੀਆਂ’ ਪਾਬੰਦੀਆਂ ਅਤੇ ਟੈਰਿਫ ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਇਨ੍ਹਾਂ ਪਾਬੰਦੀਆਂ ਨੂੰ ਉਦੋਂ ਤੱਕ ਬਰਕਰਾਰ ਰੱਖੇਗਾ ਜਦੋਂ ਤੱਕ ਯੂਕਰੇਨ ਨਾਲ ਜੰਗਬੰਦੀ ਅਤੇ ਸ਼ਾਂਤੀ ਸਮਝੌਤਾ ਨਹੀਂ ਹੋ ਜਾਂਦਾ। ਟਰੰਪ ਨੇ ਕਿਹਾ ਹੈ ਕਿ ‘ਇਸ ਤੱਥ ਨੂੰ ਦੇਖਦੇ ਹੋਏ ਕਿ ਰੂਸ ਇਸ ਸਮੇਂ ਯੂਕਰੇਨ ‘ਤੇ ‘ਧੱਕਾ’ ਕਰ ਰਿਹਾ ਹੈ, ਮੈਂ ਇਸ ਸਮੇਂ ਰੂਸ ‘ਤੇ ਭਾਰੀ ਬੈਂਕਿੰਗ ਪਾਬੰਦੀਆਂ ਅਤੇ ਟੈਰਿਫ ਲਗਾਉਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹਾਂ ਜਦੋਂ ਤੱਕ ਜੰਗਬੰਦੀ ਅਤੇ ਸ਼ਾਂਤੀ ਲਈ ਅੰਤਿਮ ਸਮਝੌਤਾ ਨਹੀਂ ਹੋ ਜਾਂਦਾ’।







