ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਅਜਿਹਾ ਕਦਮ ਚੁੱਕਿਆ ਹੈ ਜਿਸ ਨੇ ਭਾਰਤ ਦੇ ਵਪਾਰਕ ਹਲਕਿਆਂ ਵਿਚ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ, ਜਿੱਥੇ ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਉਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ, ਉੱਥੇ ਕੁੱਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇਕ ਵੱਡੇ ਸਮਝੌਤੇ ਦਾ ਐਲਾਨ ਕੀਤਾ ਹੈ। ਟਰੰਪ ਨੇ ਟਰੂਥ ਸੋਸ਼ਲ ’ਤੇ ਲਿਖਿਆ, ‘ਅਸੀਂ ਪਾਕਿਸਤਾਨ ਨਾਲ ਇਕ ਸਮਝੌਤੇ ਨੂੰ ਅੰਤਮ ਰੂਪ ਦੇ ਦਿਤਾ ਹੈ, ਜਿਸ ਦੇ ਤਹਿਤ ਅਮਰੀਕਾ ਅਤੇ ਪਾਕਿਸਤਾਨ ਸਾਂਝੇ ਤੌਰ ’ਤੇ ਉੱਥੇ ਵਿਸ਼ਾਲ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ। ਅਸੀਂ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਸਾਂਝੇਦਾਰੀ ਦੀ ਅਗਵਾਈ ਕਰੇਗੀ। ਸ਼ਾਇਦ ਇੱਕ ਦਿਨ ਪਾਕਿਸਤਾਨ ਵੀ ਭਾਰਤ ਨੂੰ ਤੇਲ ਵੇਚੇਗਾ।’ ਜ਼ਿਕਰਯੋਗ ਹੈ ਕਿ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ 25 ਫ਼ੀਸਦੀ ਟੈਰਿਫ਼ ਦੇ ਨਾਲ-ਨਾਲ ਭਾਰਤ ਉਤੇ ਵਾਧੂ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਇਸ ਪਿੱਛੇ ਅਮਰੀਕਾ ਦੇ ਵਪਾਰ ਘਾਟੇ ਅਤੇ ਭਾਰਤ ਵਲੋਂ ਰੂਸੀ ਤੇਲ ਖ਼ਰੀਦਣ ਨੂੰ ਕਾਰਨ ਦਸਿਆ।







