ਤਹਿਰਾਨ/ਪੰਜਾਬ ਪੋਸਟ
ਮਿਡਲ ਈਸਟ ਵਿੱਚ ਜਾਰੀ ਜੰਗ ਦਰਮਿਆਨ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 15-ਨੁਕਾਤੀ ਸ਼ਾਂਤੀ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਆਪਣੀਆਂ ਸਖ਼ਤ ਸ਼ਰਤਾਂ ਸਾਹਮਣੇ ਰੱਖ ਦਿੱਤੀਆਂ ਹਨ। ਇਰਾਨੀ ਸਟੇਟ ਮੀਡੀਆ ਅਨੁਸਾਰ, ਤੇਹਰਾਨ ਨੇ ਇਸ ਪ੍ਰਸਤਾਵ ਨੂੰ “ਗੈਰ-ਵਾਜਬ ਅਤੇ ਹਕੀਕਤ ਤੋਂ ਦੂਰ” ਦੱਸਿਆ ਹੈ ਅਤੇ ਸਾਫ਼ ਕੀਤਾ ਹੈ ਕਿ ਜੰਗ ਦਾ ਅੰਤ ਉਦੋਂ ਹੀ ਹੋਵੇਗਾ ਜਦੋਂ ਇਰਾਨ ਦੀਆਂ ਆਪਣੀਆਂ ਸ਼ਰਤਾਂ ਮੰਨੀਆਂ ਜਾਣਗੀਆਂ। ਇਰਾਨ ਨੇ ਜੰਗਬੰਦੀ ਲਈ ਪੰਜ ਮੁੱਖ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ ਇਰਾਨੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ‘ਤੇ ਮੁਕੰਮਲ ਰੋਕ, ਭਵਿੱਖ ਵਿੱਚ ਕਿਸੇ ਵੀ ਹਮਲੇ ਵਿਰੁੱਧ ਪੱਕੀ ਗਾਰੰਟੀ, ਹੁਣ ਤੱਕ ਹੋਏ ਨੁਕਸਾਨ ਲਈ ‘ਵਾਰ ਰਿਪੇਅਰੇਸ਼ਨ’ (ਜੰਗ ਦਾ ਮੁਆਵਜ਼ਾ), ਸਾਰੇ ਮੋਰਚਿਆਂ ‘ਤੇ ਦੁਸ਼ਮਣੀਆਂ ਦਾ ਖਾਤਮਾ ਅਤੇ ਹੋਰਮੁਜ਼ ਜਲਡਮਰੂਮੱਧ ‘ਤੇ ਇਰਾਨ ਦੀ ਪ੍ਰਭੂਸੱਤਾ ਨੂੰ ਅੰਤਰਰਾਸ਼ਟਰੀ ਮਾਨਤਾ ਦੇਣਾ ਸ਼ਾਮਲ ਹੈ। ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਫਿਲਹਾਲ ਉਨ੍ਹਾਂ ਦਾ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ “ਪ੍ਰਤੀਰੋਧ ਦੀ ਨੀਤੀ” ਜਾਰੀ ਰੱਖਣਗੇ। ਇਸ ਜਵਾਬੀ ਕਾਰਵਾਈ ਦੇ ਨਾਲ ਹੀ ਇਰਾਨ ਨੇ ਇਜ਼ਰਾਈਲ ਅਤੇ ਖਾੜੀ ਦੇਸ਼ਾਂ ‘ਤੇ ਡਰੋਨ ਤੇ ਮਿਜ਼ਾਈਲ ਹਮਲੇ ਹੋਰ ਤੇਜ਼ ਕਰ ਦਿੱਤੇ ਹਨ, ਜਿਸ ਕਾਰਨ ਖੇਤਰ ਵਿੱਚ ਤਣਾਅ ਆਪਣੇ ਸਿਖਰ ‘ਤੇ ਪਹੁੰਚ ਗਿਆ ਹੈ।
ਇਰਾਨ ਨੇ ਟਰੰਪ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਆਪਣੀਆਂ ਸਖ਼ਤ ਸ਼ਰਤਾਂ ਸਾਹਮਣੇ ਰੱਖੀਆਂ

Published:






