ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਅਤੇ ਜਿੱਤ ਤੋਂ ਬਾਅਦ ਡੋਨਾਲਡ ਟਰੰਪ ਨੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਕੋਈ ਜੰਗ ਨਹੀਂ ਹੋਵੇਗੀ ਅਤੇ ਚੱਲ ਰਹੀਆਂ ਜੰਗਾਂ ਨੂੰ ਰੋਕਣ ਦੀ ਕਵਾਇਦ ਵੀ ਹੋਵੇਗੀ। ਟਰੰਪ ਨੇ ਇਹ ਵੀ ਕਿਹਾ ਹੈ ਕਿ ਇਹ ਜਿੱਤ, ਅਮਰੀਕੀ ਲੋਕਾਂ ਦੀ ਜਿੱਤ ਹੈ ਜਿਨਾਂ ਦੇ ਪਰਿਵਾਰ ਅਤੇ ਭਵਿੱਖ ਲਈ ਲੜਾਈ ਲੜੀ ਜਾਵੇਗੀ। ਟਰੰਪ ਨੇ ਕਿਹਾ ਕਿ ਇਹ ਅਮਰੀਕਾ ਦਾ ‘ਸੁਨਹਿਰੀ ਯੁੱਗ’ ਹੋਵੇਗਾ ਜੋ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵੇਗਾ। ਡੋਨਾਲਡ ਟਰੰਪ ਨੇ ਕਿਹਾ ਕਿ ਲੋਕਾਂ ਨੇ ਉਨਾਂ ਨੂੰ ਬਹੁਤ ਵਧੀਆ ਬਹੁਮਤ ਦਿੱਤਾ ਹੈ ਅਤੇ ਦੇਸ਼ ਦੇ ਹਰ ਹਿੱਸੇ ਤੋਂ ਸਮਰਥਨ ਮਿਲਿਆ ਹੈ। ਟਰੰਪ ਨੇ ਅਮਰੀਕਾ ਵਿਚ ਘੁਸਪੈਠ ਨੂੰ ਰੋਕਣ ਅਤੇ ਸਰਹੱਦਾਂ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਮੁੜ ਆਖੀ ਹੈ। ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਦੇ ਨੇਤਾਵਾਂ ਵਲੋਂ ਵਧਾਈਆਂ ਮਿਲ ਰਹੀਆਂ ਹਨ ਪਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਪੱਸ਼ਟ ਕੀਤਾ ਕਿ ਉਹ ਡੋਨਾਲਡ ਟਰੰਪ ਨੂੰ ਫਿਲਹਾਲ ਵਧਾਈ ਨਹੀਂ ਦੇਣ ਜਾ ਰਹੇ। ਰੂਸ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡੋਨਾਲਡ ਟਰੰਪ ਨੂੰ ਵਧਾਈ ਦੇਣ ਦੀ ਯੋਜਨਾ ਨਹੀਂ ਹੈ ਅਤੇ ਓਹ ਅਮਰੀਕਾ ਦੀ ਰੂਸ ਮਸਲੇ ਵੱਲ ਨੀਤੀ ਨੂੰ ਗਹੁ ਨਾਲ ਵੇਖ ਰਹੇ ਹਨ।